ਮੁਹਾਲੀ ਦੀ ਈ.ਡੀ. ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ’ਚ ਲਿਆ ਫੈਸਲਾ
ਮੁਹਾਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵਿਸ਼ੇਸ਼ ਅਦਾਲਤ ਨੇ ਕਾਂਗਰਸ ਪਾਰਟੀ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮੁੰਡੇ ਹਰਪ੍ਰੀਤ ਸਿੰਘ ਨੂੰ 2024 ਦੇ ਮਨੀ ਲਾਂਡਰਿੰਗ ਮਾਮਲੇ ਵਿਚ ਭਗੌੜਾ ਕਰਾਰ ਦੇ ਦਿੱਤਾ ਹੈ। ਅਦਾਲਤ ਨੇ ਹਰਪ੍ਰੀਤ ਸਿੰਘ ਦੀ ਜਾਇਦਾਦ ਦਾ ਬਿਉਰਾ ਵੀ ਮੰਗ ਲਿਆ ਹੈ ਤਾਂ ਕਿ ਕਾਨੂੰਨ ਮੁਤਾਬਕ ਉਸਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਅਦਾਲਤ ਦੇ ਆਦੇਸ਼ ਦੀ ਕਾਪੀ ਹਰਪ੍ਰੀਤ ਸਿੰਘ ਦੇ ਅਮਲੋਹ ਸਥਿਤ ਘਰ ’ਤੇ ਚਿਪਕਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਸੀ। ਧਰਮਸੋਤ ’ਤੇ ਆਰੋਪ ਸੀ ਕਿ ਉਨ੍ਹਾਂ ਨੇ ਜੰਗਲਾਤ ਵਿਭਾਗ ’ਚ ਭਿ੍ਰਸ਼ਟਾਚਾਰ ਅਤੇ ਗੈਰਕਾਨੂੰਨੀ ਕਮਾਈ ਦੇ ਜ਼ਰੀਏ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਸੀ। ਫਿਲਹਾਲ ਸਾਧੂ ਸਿੰਘ ਧਰਮਸੋਤ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲੀ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।