ਮੰਤਰੀ ਨੇ ਸੰਮੇਲਨ ’ਚ ਸ਼ਾਮਲ ਹੋਣ ਲਈ 4 ਤੋਂ 6 ਅਗਸਤ ਤੱਕ ਜਾਣਾ ਸੀ ਅਮਰੀਕਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵਿਦੇਸ਼ ਮੰਤਰਾਲੇ ਨੇ ਅਮਰੀਕਾ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਮੰਤਰੀ ਹਰਭਜਨ ਸਿੰਘ ਨੇ 4 ਤੋਂ 6 ਅਗਸਤ ਤੱਕ ਅਮਰੀਕਾ ਦੇ ਬੋਸਟਨ ਵਿਚ ਹੋਣ ਵਾਲੇ ਇਕ ਸੰਮੇਲਨ ਵਿਚ ਸ਼ਮੂਲੀਅਤ ਕਰਨ ਲਈ ਜਾਣਾ ਸੀ। ਇਹ ਸੰਮੇਲਨ ਦੁਨੀਆ ਭਰ ਵਿਚ ਵਿਧਾਨਕ ਆਗੂਆਂ, ਸਟਾਫ ਮਾਹਿਰਾਂ ਤੇ ਨੀਤੀ ਘਾੜਿਆਂ ਦੇ ਸਭ ਤੋਂ ਵੱਡੇ ਸੰਮੇਲਨਾਂ ਵਿਚੋਂ ਇਕ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਭਾਰਤੀ ਵਿਦੇਸ਼ ਮੰਤਰਾਲੇ ਤੋਂ ਕੈਬਨਿਟ ਮੰਤਰੀ ਦੇ ਅਮਰੀਕਾ ਦੌਰੇ ਲਈ ਕੁਝ ਦਿਨ ਪਹਿਲਾਂ ਪ੍ਰਵਾਨਗੀ ਮੰਗੀ ਸੀ। ਵਿਦੇਸ਼ ਮੰਤਰਾਲੇ ਨੇ ਹੁਣ ਸੂਬਾ ਸਰਕਾਰ ਨੂੰ ਸੂਚਨਾ ਭੇਜ ਕੇ ਹਰਭਜਨ ਸਿੰਘ ਈਟੀਓ ਨੂੰ ਵਿਦੇਸ਼ ਦੌਰੇ ਲਈ ਰਾਜਸੀ ਪ੍ਰਵਾਨਗੀ ਨਾ ਦੇਣ ਸਬੰਧੀ ਜਾਣੂ ਕਰਵਾਇਆ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਨਾਲ ਮਤਰੇਆ ਸਲੂਕ ਕਰ ਰਹੀ ਹੈ। ਧਿਆਨ ਰਹੇ ਕਿ ਵਿਦੇਸ਼ ਮੰਤਰਾਲਾ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਹੋਰਨਾਂ ਮੰਤਰੀਆਂ ਨੂੰ ਵਿਦੇਸ਼ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ।