13 C
Toronto
Thursday, October 16, 2025
spot_img
Homeਪੰਜਾਬਪੰਜਾਬ 'ਚ ਭਾਜਪਾ ਆਪਣੇ ਦਮ 'ਤੇ ਲੜੇਗੀ ਲੋਕ ਸਭਾ ਚੋਣਾਂ

ਪੰਜਾਬ ‘ਚ ਭਾਜਪਾ ਆਪਣੇ ਦਮ ‘ਤੇ ਲੜੇਗੀ ਲੋਕ ਸਭਾ ਚੋਣਾਂ

ਜਾਖੜ ਵੱਲੋਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰ ਉਤਾਰਨ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਆਪਣੇ ਦਮ ‘ਤੇ ਲੋਕ ਸਭਾ ਚੋਣਾਂ ਲੜੇਗੀ। ਇਸ ਸਬੰਧੀ ਐਲਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੀ ਰਾਏ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੀ ਵੀ ਇਹੀ ਰਾਏ ਹੈ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਭਾਜਪਾ ਆਪਣੇ ਦਮ ‘ਤੇ ਚੋਣਾਂ ਲੜੇ। ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਪੰਜਾਬ ਦੇ ਭਵਿੱਖ, ਜਵਾਨੀ-ਕਿਸਾਨੀ ਅਤੇ ਵਪਾਰੀਆਂ ਤੇ ਪਛੜੇ ਵਰਗ ਦੀ ਬਿਹਤਰੀ ਦੇ ਲਈ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਅਕਾਲੀ ਦਲ ਨਾਲ ਭਾਜਪਾ ਦਾ ਦੁਬਾਰਾ ਚੋਣ ਗਠਜੋੜ ਹੋਣ ਦੀ ਚਰਚਾ ਚੱਲ ਰਹੀ ਸੀ ਅਤੇ ਭਾਜਪਾ ਦੇ ਸੀਨੀਅਰ ਆਗੂ ਵੀ ਇਸਦੇ ਹੱਕ ਵਿਚ ਸਨ। ਇਸਦੇ ਬਾਵਜੂਦ ਵੀ ਗਠਜੋੜ ਸਬੰਧੀ ਅਜੇ ਤੱਕ ਗੱਲ ਸਿਰੇ ਨਹੀਂ ਚੜ੍ਹ ਸਕੀ। ਧਿਆਨ ਰਹੇ ਕਿ ਪੰਜਾਬ ਵਿਚ 7ਵੇਂ ਗੇੜ ਤਹਿਤ 1 ਜੂਨ ਨੂੰ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ।
ਜ਼ਿਕਰਯੋਗ ਹੈ ਕਿ ਸਾਲ 1998 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲੋਕ ਸਭਾ ਚੋਣਾਂ ‘ਚ ਇੱਕ-ਦੂਜੇ ਦੇ ਸਾਹਮਣੇ ਹੋਣਗੇ। ਇਸ ਮਗਰੋਂ ਦੋਵਾਂ ਪਾਰਟੀਆਂ ਨੇ ਚੋਣਾਂ ਲਈ ਸਰਗਰਮੀਆਂ ਵਿੱਢ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ 2 ਅਪਰੈਲ ਨੂੰ ਮੁੱਖ ਦਫਤਰ ‘ਚ ਆਗੂਆਂ ਦੀਆਂ ਹਲਕਾਵਾਰ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਹੈ। ‘ਪੰਜਾਬ ਬਚਾਓ ਯਾਤਰਾ’ ਵਿੱਚ ਤਬਦੀਲੀ ਕਰਦਿਆਂ ਹੁਣ 5 ਤੋਂ 12 ਅਪਰੈਲ ਤੱਕ ਯਾਤਰਾ ਉਲੀਕੀ ਗਈ ਹੈ।
ਜਾਖੜ ਨੇ ਕਿਹਾ ਕਿ ਪੰਜਾਬ ‘ਚ ਅਮਨ-ਸ਼ਾਂਤੀ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਲਈ ਭਾਜਪਾ ਨੇ ਇਹ ਫ਼ੈਸਲਾ ਕੀਤਾ ਹੈ। ਉਨ੍ਹਾਂ ਲੰਘੇ ਦਸ ਸਾਲਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਖਰੀਦੇ ਜਾਣ ਅਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਪਾਰਟੀ ਦੀ ਪ੍ਰਾਪਤੀ ਵਜੋਂ ਪੇਸ਼ ਕੀਤਾ। ਜਾਖੜ ਨੇ ਕਿਹਾ ਕਿ ਸਰਹੱਦੀ ਸੂਬੇ ਦੇ ਹਿੱਤ ਵਿਚ ਲਿਆ ਇਹ ਫੈਸਲਾ ਪਹਿਲੀ ਜੂਨ ਨੂੰ ਭਾਜਪਾ ਦੀ ਮਜ਼ਬੂਤੀ ਬਣੇਗਾ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ‘ਚੋਂ ਬਾਹਰ ਆਉਣ ਦਾ ਫ਼ੈਸਲਾ 2020 ਵਿਚ ਕੀਤਾ ਸੀ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਵਿਚ ਆਪਣਾ ਪੈਂਤੜਾ ਭਾਜਪਾ ਨੂੰ ਸਪੱਸ਼ਟ ਕਰ ਦਿੱਤਾ ਸੀ। ਅਕਾਲੀ ਲੀਡਰਸ਼ਿਪ ਦਾ ਇੱਕ ਹਿੱਸਾ ਭਾਜਪਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਤੋਂ ਨਾਰਾਜ਼ ਸੀ। ਬੰਦੀ ਸਿੰਘਾਂ ਦੇ ਮਾਮਲੇ ‘ਤੇ ਬਣੀ ਕਮੇਟੀ ਨੂੰ ਕੇਂਦਰ ਸਰਕਾਰ ਵੱਲੋਂ ਸਮਾਂ ਨਾ ਦੇਣਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚਿੱਠੀਆਂ ਦਾ ਕੋਈ ਜੁਆਬ ਨਾ ਦੇਣ ਤੋਂ ਅਕਾਲੀ ਸਫ਼ਾਂ ਨਾਰਾਜ਼ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਾਪਦਾ ਸੀ ਕਿ ਕਿਸਾਨੀ ਅਤੇ ਪੰਥਕ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਗੱਠਜੋੜ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਭਾਜਪਾ ਇਸ ਦਮ ‘ਤੇ ਕੁੱਦ ਰਹੀ ਹੈ ਕਿ ਰਾਮ ਮੰਦਰ ਅਤੇ ਪ੍ਰਧਾਨ ਮੰਤਰੀ ਦੇ ਵਿਕਾਸ ਕੰਮਾਂ ਕਰਕੇ ਚੋਣਾਂ ਵਿਚ ਜ਼ਿਆਦਾ ਸਮਰਥਨ ਮਿਲੇਗਾ।
ਇਸੇ ਦੌਰਾਨ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ‘ਤੇ ਜਿੱਤ ਹੋਣ ਦਾ ਪੂਰਨ ਯਕੀਨ ਹੈ। ਸੂਤਰਾਂ ਅਨੁਸਾਰ ਗੱਠਜੋੜ ‘ਚ ਮੁੱਖ ਪੇਚ ਸੀਟਾਂ ਦੀ ਵੰਡ ਨੂੰ ਲੈ ਕੇ ਫਸਿਆ ਹੋਇਆ ਸੀ। ਭਾਜਪਾ ਨੇ ਛੇ ਸੀਟਾਂ ਦੀ ਮੰਗ ਕੀਤੀ ਜਦਕਿ ਅਕਾਲੀ ਦਲ ਚਾਰ ਸੀਟਾਂ ਦੀ ਪੇਸ਼ਕਸ਼ ਕਰ ਰਿਹਾ ਸੀ।

RELATED ARTICLES
POPULAR POSTS