Breaking News
Home / ਪੰਜਾਬ / ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸੰਪੰਨ

ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਹੋਲਾ ਮਹੱਲਾ ਸੰਪੰਨ

ਵੱਡੀ ਗਿਣਤੀ ਸੰਗਤ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਈ ਨਤਮਸਤਕ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਗਏ ਮਹੱਲੇ ਵਿੱਚ ਜੰਗਜੂਆਂ ਨੇ ਆਪਣੇ ਕਰਤਬਾਂ ਨਾਲ ਸਭ ਦਾ ਮਨ ਮੋਹ ਲਿਆ। ਇਹ ਮਹੱਲਾ ਮੰਗਲਵਾਰ ਨੂੰ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ।
ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਇੱਥੇ ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰੂ ਘਰਾਂ ਵਿੱਚ ਹਾਜ਼ਰੀ ਲਗਵਾਈ। ਲਗਾਤਾਰ ਛੇ ਦਿਨ ਖਾਲਸਾ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੀਲੇ ਤੇ ਕੇਸਰੀ ਬਾਣਿਆਂ ਵਿੱਚ ਪੁੱਜੀ ਸੰਗਤ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਝ ਹੇਠ ਖਾਲਸਈ ਰੰਗ ਵਿੱਚ ਰੰਗੀ ਰਹੀ।
ਮੰਗਲਵਾਰ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਮਗਰੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨਿਹੰਗ ਮੁਖੀ, ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਆਦਿ ਨੇ ਸੰਬੋਧਨ ਕੀਤਾ। ਨਿਹੰਗ ਸਿੰਘਾਂ ਵੱਲੋਂ ਸੈਂਕੜੇ ਹਾਥੀਆਂ, ਘੋੜਿਆਂ, ਊਠਾਂ ‘ਤੇ ਸਵਾਰ ਹੋ ਕੇ ਅਤੇ ਦਲ ਪੰਥ ਦੇ ਨਿਸ਼ਾਨ ਲੈ ਕੇ ਮਹੱਲਾ ਕੱਢਿਆ ਗਿਆ। ਸੰਗਤ ਲਈ ਇਸ ਵਾਰ ਵਿਰਾਸਤ-ਏ-ਖਾਲਸਾ ਅਤੇ ਪੰਜ ਪਿਆਰਾ ਪਾਰਕ ਖਾਸ ਖਿੱਚ ਦਾ ਕੇਂਦਰ ਰਹੇ। ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਹਾਟ ਏਅਰ ਬੈਲੂਨ, ਵਾਟਰ ਬੋਟਿੰਗ ਆਦਿ ਸ਼ਰਧਾਲੂਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ।
ਵੋਟਾਂ ਲੈਣ ਆਉਣ ਵਾਲਿਆਂ ਤੋਂ ਸੁਆਲ ਜ਼ਰੂਰ ਪੁੱਛਿਓ: ਜਥੇਦਾਰ ਰਘਬੀਰ ਸਿੰਘ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸਰਕਾਰਾਂ ਸਿੱਖਾਂ ਨੂੰ ਦਬਾਉਣ ਲਈ ਮੁੱਢ ਤੋਂ ਹੀ ਯਤਨ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਹੁਣ ਵੋਟਾਂ ਮੰਗਣ ਆਉਣ ਵਾਲੇ ਨੇਤਾਵਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਓ ਕਿ ਜੁਝਾਰੂ ਬੰਦੀ ਸਿੰਘ, ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੰਘਾਂ ਅਤੇ ਪੰਜਾਬ ਦੀ ਕਿਸਾਨੀ ਨਾਲ ਵਧੀਕੀਆਂ ਕਰਨ ਵਾਲਿਓ ਇਹ ਤਾਂ ਦੱਸੋ ਕਿ ਉਨ੍ਹਾਂ ਦਾ ਤੇ ਕੌਮ ਦਾ ਕਸੂਰ ਕੀ ਹੈ।

Check Also

ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਸੁਭਾਸ਼ ਚਾਵਲਾ ਭਾਜਪਾ ’ਚ ਸ਼ਾਮਲ

ਦੋ ਵਾਰ ਮੇਅਰ ਵੀ ਰਹਿ ਚੁੱਕੇ ਹਨ ਸੁਭਾਸ਼ ਚਾਵਲਾ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਕਾਂਗਰਸ ਪਾਰਟੀ …