ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਇਕ ਹੋਰ ਸ਼ਬਦੀ ਹਮਲਾ ਕੀਤਾ ਹੈ। ਟਵੀਟ ਕਰਕੇ ਸਿੱਧੂ ਨੇ ਕੈਪਟਨ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਅਤੇ ਸੱਤਾ ਲਈ ਸੱਚ ਬੋਲ ਰਿਹਾ ਸੀ। ਸਿੱਧੂ ਨੇ ਕੈਪਟਨ ਨੂੰ ਕਿਹਾ ਕਿ ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤਾਂ ਤੁਸੀਂ ਸਿਰਫ 856 ਵੋਟਾਂ ਹਾਸਲ ਕਰਕੇ ਆਪਣੀ ਜ਼ਮਾਨਤ ਜ਼ਬਤ ਕਰਵਾ ਲਈ ਸੀ। ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਿਆਸੀ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਕੈਪਟਨ ਭਾਜਪਾ ਦੇ ਵਫ਼ਾਦਾਰ ਹਨ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ। ਉਧਰ ਦੂਜੇ ਪਾਸੇ ਸਿੱਧੂ ਦੇ ਟਵੀਟ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਿੱਧੂ ਕੁਝ ਨਹੀਂ ਜਾਣਦੇ ਤੇ ਬਹੁਤ ਜ਼ਿਆਦਾ ਬੋਲਦੇ ਹਨ ਅਤੇ ਉਹ ਦਿਮਾਗ ਵੀ ਨਹੀਂ ਰੱਖਦੇ।

