
ਅੰਮਿ੍ਰਤਸਰ ਏਅਰਪੋਰਟ ’ਤੇ ਟੀਮ ਦਾ ਹੋਇਆ ਭਰਵਾਂ ਸਵਾਗਤ
ਅੰਮਿ੍ਰਤਸਰ/ਬਿਊਰੋ ਨਿਊਜ਼
ਏਸ਼ੀਆ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਗੋਲਡ ਮੈਡਲ ਅਤੇ ਟਰਾਫੀ ਦੇ ਨਾਲ ਅੱਜ ਭਾਰਤ ਪਹੁੰਚੀ ਹੈ। ਅੰਮਿ੍ਰਤਸਰ ਦੇ ਏਅਰਪੋਰਟ ’ਤੇ ਇਨ੍ਹਾਂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪੰਜਾਬ ਅਤੇ ਅੰਮਿ੍ਰਤਸਰ ਨਾਲ ਜੁੜੇ ਖਿਡਾਰੀਆਂ ਦੇ ਏਅਰਪੋਰਟ ਪਹੁੰਚਣ ’ਤੇ ਖਾਸ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਚੀਨ ਵਿਚ ਆਯੋਜਿਤ ਹਾਕੀ ਦੇ ਜੂਨੀਅਰ ਏਸ਼ੀਆ ਕੱਪ ਵਿਚ ਭਾਰਤ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਮ ਕੀਤਾ ਹੈ। ਫਾਈਨਲ ਮੁਕਾਬਲੇ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 4-1 ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਜੂਨੀਅਰ ਏਸ਼ੀਆ ਕੱਪ ਦਾ ਛੇਵਾਂ ਖਿਤਾਬ ਆਪਣੇ ਨਾਮ ਕੀਤਾ ਹੈ। ਇਨ੍ਹਾਂ ਖਿਡਾਰੀਆਂ ਦੀ ਉਪਲਬਧੀ ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਜੂਨੀਅਰ ਵਿਸ਼ਵ ਕੱਪ ਦੇ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹੁਣ ਏਸ਼ੀਆ ਦੀ ਚੈਂਪੀਅਨ ਭਾਰਤੀ ਜੂਨੀਅਰ ਹਾਕੀ ਟੀਮ ਵਿਸ਼ਵ ਪੱਧਰ ’ਤੇ ਭਾਰਤ ਦੀ ਅਗਵਾਈ ਕਰੇਗੀ।

