Breaking News
Home / ਦੁਨੀਆ / ਅਮਰੀਕਾ ‘ਚ ਸੰਦੀਪ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ ਡਾਕਘਰ ਦਾ ਨਾਮ

ਅਮਰੀਕਾ ‘ਚ ਸੰਦੀਪ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ ਡਾਕਘਰ ਦਾ ਨਾਮ

ਸੰਸਦ ਨੇ ਸ਼ਹੀਦ ਸਿੱਖ ਪੁਲਿਸ ਅਧਿਕਾਰੀ ਨੂੰ ਦਿੱਤਾ ਵੱਡਾ ਮਾਣ
ਵਾਸ਼ਿੰਗਟਨ : ਅਮਰੀਕੀ ਸੰਸਦ ਨੇ ਇਕ ਸਾਲ ਪਹਿਲਾਂ ਡਿਊਟੀ ਕਰਦੇ ਸਮੇਂ ਸ਼ਹੀਦ ਹੋਏ ਪੰਜਾਬੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਹਿਊਸਟਨ ਵਿਚ ਇਕ ਡਾਕਘਰ ਦਾ ਨਾਮ ਰੱਖੇ ਜਾਣ ਦਾ ਕਾਨੂੰਨ ਮਤਾ ਸਰਬਸੰਮਤੀ ਨਾਲ ਪਾਸ ਦਿੱਤਾ ਹੈ। ਇਸ ਮੌਕੇ ਕਾਂਗਰਸੀ ਮਹਿਲਾ ਲੀਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੇ ਸਾਡੀ ਕਮਿਉਨਿਟੀ ਦੀ ਸਭ ਤੋਂ ਉੱਤਮ ਨੁਮਾਇੰਦਗੀ ਕੀਤੀ ਹੈ। ਉਸਨੇ ਆਪਣੀ ਜ਼ਿੰਦਗੀ ਸਾਡੀ ਸਭ ਦੀ ਰੱਖਿਆ ਲਈ ਕੁਰਬਾਨ ਕਰ ਦਿੱਤੀ। ਟੈਕਸਸ ਪੁਲਿਸ ਵਿਚ ਸਭ ਤੋਂ ਪਹਿਲਾਂ ਨਜ਼ਰਸਾਨੀ ਕਰਨ ਵਾਲੇ 42 ਸਾਲਾ ਧਾਲੀਵਾਲ ‘ਤੇ 27 ਸਤੰਬਰ 2019 ਨੂੰ ਡਿਊਟੀ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਡਿਪਟੀ ਧਾਲੀਵਾਲ ਨੂੰ ਵੱਡੇ ਪੱਧਰ ‘ਤੇ ਸਾਰੇ ਧਰਮਾਂ ਦੇ ਅਮਰੀਕੀਆਂ ਲਈ ਇਕ ਰੋਲ ਮਾਡਲ ਮੰਨਿਆ ਜਾਂਦਾ ਸੀ, ਉਹ ਸਾਰੇ ਭਾਈਚਾਰਿਆਂ ਦੀ ਸੇਵਾ ਕਰਨਾ ਚਾਹੁੰਦਾ ਸੀ। ਉਹ ਹੈਰਿਸ ਕਾਊਂਟੀ ਸ਼ੈਰਿਫ ਦੇ ਦਫਤਰ ਵਿਚ ਨਿਗਰਾਨੀ ਕਰਨ ਵਾਲਾ ਪਹਿਲਾ ਸਿੱਖ ਅਧਿਕਾਰੀ ਹੋਣ ਦੇ ਨਾਲ-ਨਾਲ ਟੈਕਸਾਸ ‘ਚ ਵੀ ਪਹਿਲਾ ਸਿੱਖ ਪੁਲਿਸ ਅਧਿਕਾਰੀ ਸੀ। ਲੀਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਡਾਕਘਰ ਉਨ੍ਹਾਂ ਦੀ ਸੇਵਾ, ਉਨ੍ਹਾਂ ਦੀ ਕੁਰਬਾਨੀ ਤੇ ਸਾਡੇ ਸਾਰਿਆਂ ਲਈ ਉਸ ਦੀ ਸਥਾਈ ਯਾਦ ਵਜੋਂ ਕੰਮ ਕਰੇਗਾ। ਇਹ ਦੂਸਰਾ ਡਾਕਘਰ ਹੋਵੇਗਾ, ਜੋ ਕਿਸੇ ਭਾਰਤੀ-ਅਮਰੀਕੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਸਭ ਤੋਂ ਪਹਿਲਾਂ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਪਹਿਲੇ ਭਾਰਤੀ ਅਮਰੀਕੀ ਕਾਂਗਰਸੀ ਦਲੀਪ ਸਿੰਘ ਸਾਦ ਦੇ ਨਾਮ ‘ਤੇ ਰੱਖਿਆ ਗਿਆ ਸੀ। ਸਿੱਖ ਕੋਲੀਸ਼ਨ ਦੇ ਸੀਨੀਅਰ ਮੈਨੇਜਰ ਪਾਲਿਸੀ ਐਂਡ ਐਡਵੋਕੇਸੀ, ਸਿਮ ਜੇ. ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਦੇ ਤੁਰ ਜਾਣ ਦੇ ਬਾਅਦ ਇਕ ਸੰਘੀ ਇਮਾਰਤ ਦਾ ਨਾਮਕਰਨ ਧਾਲੀਵਾਲ ਪਰਿਵਾਰ ਤੇ ਸਿੱਖ ਭਾਈਚਾਰੇ ਲਈ ਇਕ ਇਤਿਹਾਸਕ ਅਤੇ ਡੂੰਘੀ ਅਰਥਪੂਰਨ ਪ੍ਰਵਾਨਗੀ ਹੈ। ਧਾਲੀਵਾਲ ਦੇ ਪਿਤਾ ਨੇ ਕਿਹਾ ਕਿ ਇਹ ਇਮਾਰਤ ਯਾਦ ਦਿਵਾਏਗੀ ਕਿ ਸੰਦੀਪ ਸਿੰਘ ਧਾਲੀਵਾਲ ਹਿਊਸਟਨ ਦੇ ਲੋਕਾਂ ਲਈ ਕਿੰਨਾ ਸਮਰਪਿਤ ਸੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …