Breaking News
Home / Special Story / ਕਰੋਨਾ ਤੇ ਗੜਿਆਂ ਨੇ ਕਿਸਾਨਾਂ ਨੂੰ ਖੋਰਾ ਲਾਇਆ

ਕਰੋਨਾ ਤੇ ਗੜਿਆਂ ਨੇ ਕਿਸਾਨਾਂ ਨੂੰ ਖੋਰਾ ਲਾਇਆ

ਇਥੋਂ ਦੀ ਸਰਹਿੰਦ ਰੋਡ ‘ਤੇ ਨਵੀਂ ਅਨਾਜ ਮੰਡੀ ਪਟਿਆਲਾ ਵਿਚ 26550 ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਵੀਹ ਏਕੜ ਤੋਂ ਵੱਧ ਰਕਬੇ ‘ਚ ਫੈਲੀ ਇਸ ਮੰਡੀ ਵਿਚਲੇ ਸਵਾ ਸੌ ਦੇ ਕਰੀਬ ਆੜ੍ਹਤੀਆਂ ਨਾਲ ਦਸ ਹਜ਼ਾਰ ਕਿਸਾਨ ਜੁੜੇ ਹੋਏ ਹਨ। ਪਿਛਲੇ ਸਾਲ ਦੌਰਾਨ ਇਥੇ 49 ਹਜ਼ਾਰ ਟਨ ਕਣਕ ਵਿਕੀ ਸੀ। ਇਸ ਲਿਹਾਜ਼ ਨਾਲ ਹਾਲੇ 22500 ਟਨ ਕਣਕ ਹੋਰ ਆਉਣੀ ਬਣਦੀ ਹੈ ਪਰ ਬੇਮੌਸਮੇ ਮੀਹਾਂ ਕਾਰਨ 25 ਤੋਂ 30 ਫੀਸਦੀ ਤੱਕ ਝਾੜ ਘਟ ਗਿਆ ਹੈ ਜਿਸ ਦੇ ਚੱਲਦਿਆਂ ਐਤਕੀਂ ਇਹ ਅੰਕੜਾ ਨੀਵਾਂ ਰਹੇਗਾ। ਇਸ ਵੇਲੇ ਇਥੇ ਕਰੀਬ 10 ਹਜ਼ਾਰ ਟਨ ਕਣਕ ਹੋਰ ਆਉਣ ਦਾ ਅਨੁਮਾਨ ਹੈ। ਦੂਜੇ ਪਾਸੇ ਕਰੋਨਾ ਕਾਰਨ ਲੇਬਰ ਦੀ ਘਾਟ ਦੇ ਚੱਲਦਿਆਂ ਇਸ ਮੰਡੀ ਵਿਚ ਲਿਫਟਿੰਗ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਇਥੇ 2 ਮਈ ਤਕ ਕਣਕ ਦੀਆਂ 2.80 ਲੱਖ ਬੋਰੀਆਂ ਮੰਡੀ ਵਿਚ ਹੀ ਪਈਆਂ ਸਨ ਤੇ ਖਰੀਦੀ ਕਣਕ ਦੇ ਕਰੀਬ 50 ਕਰੋੜ ਵਿਚੋਂ ਅਜੇ ਅਧਿਉਂ ਵੱਧ ਬਕਾਇਆ ਪਏ ਹਨ।
ਕਰੋਨਾ ਕਰਕੇ ਐਤਕੀਂ ਪਾਸ ਪ੍ਰਣਾਲੀ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਪਾਸਾਂ ਦੀ ਤੋਟ ਕਾਰਨ ਕਣਕ ਮੰਡੀ ‘ਚ ਨਾ ਲਿਆਂਦੀ ਜਾਣ ਕਰਕੇ ਕਿਸਾਨਾਂ ਨੂੰ ਆਪਣੇ ਖੇਤਾਂ ਜਾਂ ਘਰਾਂ ਵਿਚ ਹੀ ਢੇਰੀਆਂ ਲਾਉਣੀਆਂ ਪਈਆਂ। ਇਸ ਨਾਲ ਕਿਸਾਨਾਂ ਦੀ ਖ਼ੱਜਲ ਖੁਆਰੀ ਹੋਈ ਤੇ ਮੰਡੀਆਂ ਵਿਚ ਜਿਣਸ ਵੀ ਖਰਾਬ ਹੋਈ। ਨਮੀ ਵਧਣ ਤੇ ਫਿਰ ਬਦਰੰਗੀ ਕਣਕ ਦੇ ਮਾਮਲੇ ਨੂੰ ਲੈ ਕੇ ਚੱਲੇ ਰੇੜਕੇ ਨੇ ਪ੍ਰੇਸ਼ਾਨੀ ਹੋਰ ਵਧਾਈ। ਰਹਿੰਦੀ ਕਸਰ ਗੜੇਮਾਰੀ ਨੇ ਪੂਰੀ ਕਰ ਦਿੱਤੀ। ਕੇਂਦਰ ਵੱਲੋਂ ਵੈਲਿਊ ਕੱਟ ਲਾਉਣ ਦੇ ਲਏ ਗਏ ਫੈਸਲੇ ਦੀ ਵੀ ਇਸ ਮੰਡੀ ‘ਚ ਕਿਸਾਨਾਂ ਨੂੰ ਮਾਰ ਝੱਲਣੀ ਪੈ ਰਹੀ ਹੈ। ਇਥੇ ਖਰਾਬ ਕਣਕ ‘ਤੇ ਪ੍ਰਤੀ ਕੁਇੰਟਲ 4.81 ਰੁਪਏ ਦਾ ਕੱਟ ਲਾਇਆ ਜਾ ਰਿਹਾ ਹੈ।
ਇਲਾਕੇ ਵਿੱਚ ਵਾਢੀ ਤਾਂ ਭਾਵੇਂ 95 ਫੀਸਦੀ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਘਰਾਂ ‘ਚ ਰੱਖੀ ਕਣਕ ਹੀ ਮੰਡੀ ‘ਚ ਪਹੁੰਚ ਰਹੀ ਹੈ। ਚਲੈਲਾ ਵਾਸੀ ਕਿਸਾਨ ਜਸਪਾਲ ਸਿੰਘ, ਭਟੇੜੀ ਵਾਸੀ ਤਜਿੰਦਰ ਸਿੰਘ ਤੇ ਨੇੜਲੇ ਇੱਕ ਹੋਰ ਪਿੰਡ ਦੇ ਕਿਸਾਨ ਰਮਨਜੀਤ ਸਿੰਘ ਦਾ ਕਹਿਣਾ ਸੀ ਕਿ ਪਾਸਾਂ ਦੀ ਤੋਟ ਕਾਰਨ ਉਨ੍ਹਾਂ ਨੇ ਕਣਕ ਵੱਢ ਕੇ ਕਈ ਦਿਨ ਘਰ ਰੱਖੀ। ਮੰਡੀ ਵਿਚ ਲਿਜਾਣ ਤੋਂ ਬਾਅਦ ਵੀ ਹਾਲੇ ਤਕ ਅਦਾਇਗੀ ਨਹੀਂ ਕੀਤੀ ਗਈ। ਜੇਕਰ ਘਟੇ ਝਾੜ ਦੀ ਗੱਲ ਕਰੀਏ ਤਾਂ ਇਸ ਮੰਡੀ ਦੇ ਦਸ ਹਜ਼ਾਰ ਕਿਸਾਨਾਂ ਨੂੰ ਹੀ ਕਰੀਬ 25 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ, ਵੈਲਿਊ ਕੱਟ ਦਾ ਨੁਕਸਾਨ ਵੱਖਰਾ ਹੈ।
ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਜਗਮੋਹਨ ਸਿੰਘ ਪਟਿਆਲਾ, ਕਿਸਾਨ ਵਿੰਗ (ਅਕਾਲੀ ਦਲ) ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ, ਸ਼ਰਨਜੀਤ ਜੋਗੀਪੁਰ ਤੇ ਹੋਰਾਂ ਨੇ ਜਿਥੇ ਕਿਸਾਨਾਂ ਨੂੰ ਤੁਰੰਤ ਅਦਾਇਗੀ ਦੀ ਮੰਗ ਕੀਤੀ ਹੈ, ਉਥੇ ਹੀ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ‘ਤੇ ਵੀ ਜ਼ੋਰ ਦਿੱਤਾ ਹੈ।
ਐਤਕੀਂ ਰਵਾਇਤੀ ਲੇਬਰ ਨਾ ਹੋਣ ਕਰਕੇ ਇਸ ਮੰਡੀ ਵਿੱਚ ਵੇਟਰਾਂ, ਮਿਸਤਰੀਆਂ, ਬੈਂਡ ਮਾਸਟਰਾਂ ਅਤੇ ਹੋਰ ਧੰਦਿਆਂ ਨਾਲ਼ ਸਬੰਧਤ ਵਿਅਕਤੀਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਖਰੀਦੀ ਗਈ ਕਣਕ ਇਨ੍ਹਾਂ ਮਜ਼ਦੂਰਾਂ ਨੇ ਬੋਰੀਆਂ ਵਿੱਚ ਭਰ ਦਿੱਤੀ ਹੈ ਪਰ ਗੋਦਾਮਾਂ ਵਿੱਚ ਬੋਰੀਆਂ ਉਤਾਰਨ ਵਾਲੀ ਲੇਬਰ ਦੀ ਘਾਟ ਕਾਰਨ ਮੰਡੀਆਂ ਵਿੱਚ ਹੀ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਇਸ ਮੰਡੀ ਵਿੱਚ 2 ਮਈ ਤਕ ਕਣਕ ਦੀਆਂ 2.80 ਲੱਖ ਬੋਰੀਆਂ ਪਈਆਂ ਸਨ। ਆੜ੍ਹਤੀਆਂ ਨੂੰ ਲਿਫਟਿੰਗ ਨਾ ਹੋਣ ਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ ਕਿਉਂਕਿ ਜਿੰਨਾ ਚਿਰ ਮਾਲ ਮੰਡੀ ਵਿੱਚੋਂ ਨਹੀਂ ਉੱਠਦਾ ਓਨੀ ਦੇਰ ਇਸ ਦੀ ਜ਼ਿੰਮੇਵਾਰੀ ਆੜ੍ਹਤੀਆਂ ਹੀ ਹੈ। ਪਿਛਲੇ ਦਿਨੀਂ ਮੀਂਹ ਪੈਣ ਕਾਰਨ ਮੰਡੀ ਵਿੱਚ ਬੋਰੀਆਂ ਭਿੱਜ ਗਈਆਂ ਸਨ ਤੇ ਇਸ ਭਿੱਜੀ ਕਣਕ ਦਾ ਇਥੋਂ ਦੇ ਕਈ ਆੜ੍ਹਤੀ ਹਰਜਾਨਾ ਭਰ ਚੁੱਕੇ ਹਨ।
ਇਥੋਂ ਦੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਦੀਆਂ 60 ਬੋਰੀਆਂ ਕਣਕ ਭਿੱਜ ਗਈ ਜੋ ਸੁਕਾਉਣ ‘ਤੇ ਇੱਕ ਕੁਇੰਟਲ ਘੱਟ ਗਈਆਂ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਗਿਆ। ਅਜਿਹਾ ਨੁਕਸਾਨ ਕਈ ਆੜ੍ਹਤੀਆਂ ਨੇ ਝੱਲਿਆ ਹੈ। ਖਰਦਮਨ ਰਾਏ ਗੁਪਤਾ ਤੇ ਅਸ਼ੋਕ ਮੋਢੀ ਨੇ ਕਿਹਾ ਕਿ ਮੰਡੀ ਵਿੱਚੋਂ ਹਰ ਸਾਲ 4-5 ਲੱਖ ਦੀ ਕਣਕ ਚੋਰੀ ਹੋ ਜਾਂਦੀ ਹੈ। ਹਰਦੇਵ ਸਿੰਘ ਨੰਦਪੁਰ, ਚਰਨ ਦਾਸ ਗੋਇਲ ਦਾ ਆਖਣਾ ਸੀ ਕਿ ਘਟੇ ਝਾੜ ਕਾਰਨ ਆੜ੍ਹਤੀ ਵੀ ਢਾਈ ਫੀਸਦੀ ਆੜ੍ਹਤ ਦੇ ਹਿਸਾਬ ਨਾਲ 60 ਲੱਖ ਦਾ ਨੁਕਸਾਨ ਝੱਲਣਗੇ।
ਡੀਐੱਫਐੱਸਸੀ ਹਰਸ਼ਰਨਜੀਤ ਸਿੰਘ ਬਰਾੜ ਦਾ ਕਹਿਣਾ ਸੀ ਇਹ ਸਮੱਸਿਆ ਲੇਬਰ ਦੀ ਘਾਟ ਕਾਰਨ ਆਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਸ਼ੈੱਡਾਂ ਜਾਂ ਤਰਪਾਲਾਂ ਹੇਠ ਸੰਭਾਲੀ ਹੋਈ ਹੈ ਜੋ ਹਫਤੇ ਅੰਦਰ ਗੋਦਾਮਾਂ ‘ਚ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਦਾਇਗੀ ਦੇ 90 ਫੀਸਦੀ ਬਿੱਲ ਪਾਸ ਕਰ ਦਿੱਤੇ ਗਏ ਹਨ। ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸ਼ੇਰੂ ਸਮੇਤ ਰਣਧੀਰ ਸਿੰਘ ਨਲੀਨਾ, ਨਰੇਸ਼ ਮਿੱਤਲ, ਰਾਜੇਸ਼ ਕੁਮਾਰ ਗੋਗੀ, ਦਵਿੰਦਰ ਬੱਗਾ, ਰਾਜੇਸ਼ ਭਾਨਰਾ, ਵਿਜੈ ਕੁਮਾਰ ਆਲੋਵਾਲ ਅਤੇ ਰਾਜੀਵ ਕੁਮਾਰ ਆਦਿ ਦਾ ਕਹਿਣਾ ਸੀ ਕਿ ਭਾਵੇਂ ਬਿੱਲ ਪਾਸ ਕਰ ਦਿੱਤੇ ਹੋਣਗੇ ਪਰ ਇਸ ਮੰਡੀ ਦੇ ਆੜ੍ਹਤੀਆਂ ਦਾ ਅਜੇ ਵੀ 25 ਕਰੋੜ ਤੋਂ ਵੱਧ ਬਕਾਇਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸੀਜ਼ਨ ਸਿਖਰ ਵੱਲ ਵਧ ਰਿਹਾ ਹੈ। ਇਸ ਦੇ ਬਾਵਜੂਦ ਬਾਰਦਾਨੇ ਦੀ ਘਾਟ ਬਰਕਰਾਰ ਹੈ। ਇਸੇ ਦੌਰਾਨ ਇਸ ਮੰਡੀ ਵਿਚ ਦਸ ਦਿਨਾਂ ‘ਚ ਕਣਕ ਖਰੀਦ ਦਾ ਕੰਮ ਮੁਕੰਮਲ ਹੋ ਜਾਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਕਿਸਾਨਾਂ ਤੇ ਆੜ੍ਹਤੀਆਂ ਲਈ ਖ਼ਰੀ ਨਹੀਂ ਉਤਰੀ ਨਵੀਂ ਖਰੀਦ ਨੀਤੀ
ਕਰੋਨਾ ਮਹਾਮਾਰੀ, ਖਰਾਬ ਮੌਸਮ, ਫਸਲ ਦੇ ਪੱਕਣ ‘ਤੇ ਤੇਲੇ ਦਾ ਹਮਲਾ, ਮਾੜੀਆਂ ਸਰਕਾਰੀ ਨੀਤੀਆਂ, ਲਿਫਟਿੰਗ ਦੇ ਢੰਗ ਤਰੀਕਿਆਂ ਵਿੱਚ ਚਲਦੇ ਭ੍ਰਿਸ਼ਟਾਚਾਰ ਨੇ ਜ਼ਿਲ੍ਹੇ ਅੰਦਰ ਕਣਕ ਦੀ ਆਮਦ ਨੂੰ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਜ਼ਿਲ੍ਹੇ ਵਿਚ ਪਹਿਲੀ ਮਈ ਤੱਕ ਕਣਕ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ ਘੱਟ ਹੋਈ ਹੈ। ਪ੍ਰਸ਼ਾਸਨਿਕ ਹਲਕਿਆਂ ਨੇ ਖੁਦ ਹੀ ਸਵੀਕਾਰ ਕੀਤਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਬਾਰਦਾਨੇ ਦੀ ਬਹੁਤ ਜ਼ਿਆਦਾ ਘਾਟ ਚਲ ਰਹੀ ਹੈ ਅਤੇ ਇਸ ਮਾਮਲਾ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਦੀ ਇਥੋਂ ਦੀ ਫੇਰੀ ਵਿੱਚ ਵੀ ਉਠਾਇਆ ਗਿਆ ਸੀ ਜਿਸ ਬਾਰੇ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਪਹਿਲੀ ਮਈ ਤੱਕ ਕਣਕ ਦੀ ਖਰੀਦ 3,28,780 ਮੀਟਰਿਕ ਟਨ ਹੋਈ ਹੈ ਜੋ ਪਿਛਲੇ ਸਾਲ ਇਸ ਦਿਨ 4,89,766 ਮੀਟਰਿਕ ਟਨ ਹੋਈ ਸੀ। ਕਿਸਾਨ ਨੂੰ ਪਾਸ (ਟੋਕਨ) ਰਾਹੀਂ ਮੰਡੀਆਂ ਅੰਦਰ ਆਉਣ ਦੀ ਨੀਤੀ ਖਿਲਾਫ਼ ਪਹਿਲੇ ਦੌਰ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ‘ਪਾਸ’ ਸਿਸਟਮ ਕਰਕੇ ਹੀ ਖਰੀਦ ਕੀਤੇ ਜਾਣ ਦੇ ਸ਼ੁਰੂ ਵਿੱਚ ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਕਣਕ ਦੀ ਆਮਦ ਘੱਟ ਰਹਿੰਦੀ ਰਹੀ ਹੈ। ਇਹ ਨੁਕਸਦਾਰ ਨੀਤੀ ਭਾਵੇਂ ਅੱਜ ਵੀ ਕਿਸਾਨ ਅਤੇ ਆੜ੍ਹਤੀ ਲਈ ਸਿਰਦਰਦੀ ਬਣੀ ਹੋਈ ਹੈ ਪਰ ਸਬੰਧਿਤ ਧਿਰਾਂ ਨੇ ਇਸ ਦਾ ਆਪਸੀ ਸਹਿਮਤੀ ਨਾਲ ਖੁਦ ਹੀ ਹਲ ਲੱਭ ਲਿਆ ਹੈ।
ਮੰਡੀ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰ ਵੇਲੇ ਮੰਡੀ ਦੇ ਗੇਟਾਂ ‘ਤੇ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਕਣਕ ਦੀਆਂ ਟਰਾਲੀਆਂ ਲੈ ਕੇ ਦਾਖਲ ਹੋ ਜਾਂਦੇ ਹਨ ਅਤੇ ਉਹ ਆੜ੍ਹਤੀ ਕੋਲ ਆਪਣੀ ਜਿਣਸ ਸੁੱਟ ਕੇ ਚਲੇ ਜਾਂਦੇ ਹਨ। ਇਹ ਵੀ ਹਕੀਕਤ ਹੈ ਕਿ ਮੰਡੀਆਂ ਨਾਲ ਲਗਦੇ ਫੜ੍ਹਾਂ ਅਤੇ ਸ਼ੈਲਰਾਂ (ਆਰਜ਼ੀ ਖਰੀਦ ਕੇਂਦਰਾਂ) ਆਦਿ ‘ਚ ਪਾਸ ਦੇ ਬਿਨਾਂ ਵੀ ਖਰੀਦ ਕਰਵਾਈ ਜਾ ਰਹੀ ਹੈ। ਪੱਟੀ ਦੇ ਆੜ੍ਹਤੀ ਮਹਾਵੀਰ ਸਿੰਘ ਗਿੱਲ ਨੇ ਸਰਕਾਰ ਦੀ ਪਾਸ ਜਾਰੀ ਕਰਨ ਦੀ ਨੀਤੀ ਦੀ ਰੂਪ-ਰੇਖਾ ਉਲੀਕਣ ਵਾਲੇ ਅਧਿਕਾਰੀਆਂ ਨੂੰ ਜ਼ਮੀਨੀ ਹਕੀਕਤ ਤੋਂ ਅਨਜਾਣ ਆਖਦਿਆਂ ਕਿਹਾ ਕਿ ਆੜ੍ਹਤੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖੇ ਬਿਨਾਂ ਹੀ ਇਹ ਨੀਤੀ ਲਾਗੂ ਕਰਨ ਨਾਲ ਖਰੀਦ ਸੀਜ਼ਨ ਲਟਕ ਰਿਹਾ ਹੈ ਜਿਸ ਨਾਲ ਕਿਸਾਨ ਨੂੰ ਆਪਣੀ ਵਾਰੀ ਦੀ ਉਡੀਕ ਕਰਨ ਲਈ ਕਣਕ ਦੀ ਸਾਂਭ- ਸੰਭਾਲ ਕਰਨ ਲਈ ਦੋਹਰੀ ਮਿਹਨਤ ਕਰਨੀ ਪਵੇਗੀ। ਰਸੂਲਪੁਰ ਦੇ ਕਿਸਾਨ ਤਜਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਧਿਕਾਰੀਆਂ ਨਾਲ ਸਿੱਧੇ ਮੋਬਾਈਲ ‘ਤੇ ਸੰਪਰਕ ਕਰਨ ਲਈ ਕਿਹਾ ਹੈ ਪਰ ਹਕੀਕਤ ਵਿੱਚ ਵਧੇਰੇ ਅਧਿਕਾਰੀ ਮੋਬਾਈਲ ਚੁੱਕਦੇ ਹੀ ਨਹੀਂ ਤੇ ਨਾ ਹੀ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਰਿਹਾ ਹੈ।
ਝਬਾਲ, ਸਰਾਏ ਅਮਾਨਤ ਖਾਂ, ਭਿੱਖੀਵਿੰਡ, ਖਾਲੜਾ, ਖੇਮਕਰਨ, ਵਲਟੋਹਾ, ਰਾਜੋਕੇ, ਵਰਨਾਲਾ, ਹਰੀਕੇ, ਕੈਰੋਂ, ਨੌਸ਼ਹਿਰਾ ਪੰਨੂਆਂ, ਸਰਹਾਲੀ, ਚੋਹਲਾ ਸਾਹਿਬ, ਫਤਿਹਾਬਾਦ, ਗੋਇੰਦਵਾਲ ਸਾਹਿਬ ਆਦਿ ਮੰਡੀਆਂ ਅੰਦਰ ਵੀ ਲਿਫਟਿੰਗ ਸੁਸਤ ਰਫਤਾਰ ਚਲ ਰਹੀ ਹੈ। ਜ਼ਿਲ੍ਹਾ ਮੰਡੀ ਅਧਿਕਾਰੀ ਅਜੈਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮੰਡੀਆਂ ਤੋਂ ਲਿਫਟਿੰਗ ਦੀ ਸਥਿਤੀ ਬਾਰੇ ਉੱਚ ਅਧਿਕਾਰੀਆਂ ਨੂੰ ਰੋਜ਼ਾਨਾ ਜਾਣਕਾਰੀ ਦਿੱਤੀ ਜਾ ਰਹੀ ਹੈ।
ਅਨਲੋਡਿੰਗ ਲਈ ਪੈਸੇ ਮੰਗਣ ‘ਤੇ ਵਿਵਾਦ : ਕਾਂਗਰਸ ਦੇ ਸੀਨੀਅਰ ਆਗੂ ਅਤੇ ਇਥੋਂ ਦੇ ਦਾਣਾ ਮੰਡੀ ਦੇ ਆੜ੍ਹਤੀ ਗੁਰਮਿੰਦਰ ਸਿੰਘ ਰਟੌਲ ਨੇ ਕੁਝ ਦਿਨ ਪਹਿਲਾਂ ਮੰਡੀ ਤੋਂ ਕਣਕ ਦੀ ਮਾੜੀ ਲਿਫਟਿੰਗ ਖਿਲਾਫ਼ ਰੋਸ ਵਿਖਾਵਾ ਕਰਦਿਆਂ ਦੋਸ਼ ਲਗਾਇਆ ਸੀ ਕਿ ਮੰਡੀ ਤੋਂ ਕਣਕ ਦੀ ਲਿਫਟਿੰਗ ਕਰਦਾ ਠੇਕੇਦਾਰ ਕੰਮ ਕਰਨ ਤੋਂ ਇਨਕਾਰੀ ਹੈ ਅਤੇ ਇਸ ਲਈ ਆੜ੍ਹਤੀ ਨੂੰ ਹੀ ਗੋਦਾਮਾਂ ਤੱਕ ਕਣਕ ਲੈ ਕੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੋਦਾਮਾਂ ‘ਤੇ ਕਣਕ ਦੇ ਟਰੱਕਾਂ ਤੋਂ ਕਣਕ ਉਤਾਰਨ (ਅਨਲੋਡ) ਲਈ ਦੋ ਰੁਪਏ ਪ੍ਰਤੀ ਤੋੜਾ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜੋ ਨਾ ਦੇਣ ‘ਤੇ ਟਰੱਕ ਨੂੰ ਕਈ ਦਿਨਾਂ ਤੱਕ ਗੋਦਾਮ ਦੇ ਬਾਹਰ ਖੜ੍ਹਾ ਰੱਖਿਆ ਜਾਂਦਾ ਹੈ।

Check Also

ਪੰਜਾਬ ਦੇ ਬੱਚੇ ਮਿਡ-ਡੇਅ ਮੀਲ ਤੇ ਕੁੱਕ ਮਿਹਨਤਾਨੇ ਤੋਂ ਵਾਂਝੇ

15 ਅਪਰੈਲ ਮਗਰੋਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਰਾਸ਼ਨ ਹਮੀਰ ਸਿੰਘ ਚੰਡੀਗੜ : ਸੁਪਰੀਮ ਕੋਰਟ …