Breaking News
Home / Special Story / ਨਸ਼ੇ ਨੇ ‘ਰੋਹਟੀ ਛੰਨਾ’ ਨੂੰ ਬਣਾਇਆ ਵਿਧਵਾਵਾਂ ਦਾ ਡੇਰਾ

ਨਸ਼ੇ ਨੇ ‘ਰੋਹਟੀ ਛੰਨਾ’ ਨੂੰ ਬਣਾਇਆ ਵਿਧਵਾਵਾਂ ਦਾ ਡੇਰਾ

ਪਿੰਡ ਦੇ ਬਹੁਤੇ ਮਰਦ ਖੁਦ ਨਸ਼ੇ ਦੀ ਭੇਂਟ ਚੜ੍ਹ ਕੇ ਜ਼ਿੰਦਗੀ ਨੂੰ ਕਹਿ ਗਏ ਅਲਵਿਦਾ
ਨਾਭਾ : ਨਾਭਾ ਸ਼ਹਿਰ ਤੋਂ ਚਾਰ ਕਿਲੋਮੀਟਰ ਦੀ ਵਿੱਥ ‘ਤੇ ਰੋਹਟੀ ਛੰਨਾ ਨਾਮ ਦੇ ਪਿੰਡ ਵਿਚ 35 ਕੁ ਘਰ, ਕੇਵਲ ਇਲਾਕੇ ਹੀ ਨਹੀਂ ਸਗੋਂ ਪੰਜਾਬ ਦੇ ਵੱਡੇ ਹਿੱਸੇ ਵਿੱਚ ਨਫ਼ਰਤ ਦੇ ਪਾਤਰ ਵਜੋਂ ਦੇਖੇ ਜਾ ਰਹੇ ਹਨ। ਬਹੁਤ ਛੋਟੀਆਂ ਚੋਰੀਆਂ, ਭੁੱਕੀ-ਅਫੀਮ ਅਤੇ ਹੁਣ ਚਿੱਟੇ ਤੱਕ ਦੇ ਪ੍ਰਚੂਨ ਵਿਕਰੇਤਾ ਵਜੋਂ ਵਿਚਰ ਰਹੀ ਇਹ ਛੋਟੀ ਜਿਹੀ ਆਬਾਦੀ ਦੇ ਲਗਪਗ ਇੱਕ ਦਰਜਨ ਦੇ ਕਰੀਬ ਬੰਦੇ ਅਤੇ ਔਰਤਾਂ ਹੁਣ ਵੀ ਜੇਲ੍ਹ ਵਿੱਚ ਹਨ। ਇਸ ਨੂੰ ਵਿਧਵਾਵਾਂ ਦਾ ਡੇਰਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਪਿੰਡ ਦੇ ਬਹੁਤ ਸਾਰੇ ਮਰਦ ਖੁਦ ਨਸ਼ੇ ਦੀ ਭੇਂਟ ਚੜ੍ਹ ਕੇ ਨੌਜਵਾਨ ਉਮਰ ਵਿਚ ਹੀ ਸੰਸਾਰਕ ਯਾਤਰਾ ਪੂਰੀ ਕਰ ਗਏ। ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਵੱਲੋਂ ਇਨ੍ਹਾਂ ਪਰਿਵਾਰਾਂ ਦੇ ਜੀਆਂ ਵੱਲੋਂ ਨਸ਼ਾ ਵੇਚਣਾ ਬੰਦ ਕਰਵਾਉਣ ਦੀ ਸ਼ੁਰੂ ਕੀਤੀ ਮੁਹਿੰਮ ਨਾਲ ਇੱਕ ਵਾਰ ਮੁੜ ਇਹ ਪਿੰਡ ਚਰਚਾ ਵਿੱਚ ਹੈ।
ਇਨ੍ਹਾਂ ਪਰਿਵਾਰਾਂ ਵਿਚੋਂ ਬਾਰ੍ਹਵੀਂ ਪਾਸ ਇੱਕ ਲੜਕੀ 1 ਜੂਨ ਨੂੰ ਚਿੱਟਾ ਵੇਚਣ ਦੇ ਕਥਿਤ ਜੁਰਮ ਵਿੱਚ ਜੇਲ੍ਹ ਭੇਜ ਦਿੱਤੀ ਗਈ, 12 ਜੂਨ ਨੂੰ ਉਸ ਦਾ ਵਿਆਹ ਸੀ ਅਤੇ ਜੇਲ੍ਹ ਜਾਣ ਕਾਰਨ ਵਿਆਹ ਟੁੱਟ ਗਿਆ। ਉਸ ਦੀ ਛੋਟੀ ਭੈਣ ਨੇ ਦੱਸਿਆ ਕਿ ਪਿਤਾ ਕ੍ਰਿਸ਼ਨ ਸਿੰਘ 12 ਮਈ 2017 ਨੂੰ ਚੱਲ ਵੱਸਿਆ ਸੀ। ਉਸ ਨੂੰ ਸ਼ਰਾਬ ਜ਼ਿਆਦਾ ਪੀਣ ਦੀ ਆਦਤ ਸੀ, ਇਸ ਲਈ ਲਿਵਰ ਦੀ ਸਮੱਸਿਆ ਹੋ ਗਈ।
ਇਹ ਲੜਕੀ ਦੱਸਦੀ ਹੈ ਕਿ ਪਿੰਡ ਵਿਚ ਤਾਂ ਅਜਿਹੇ ਹੋਰ ਵੀ ਬਹੁਤ ਘਰ ਹਨ। ਨਾਲ ਹੀ ਗਲੀ ਵਿਚ ਮੰਜਾ ਡਾਹ ਕੇ ਬੈਠੀ ਇੱਕ 24-25 ਸਾਲਾਂ ਦੀ ਮੁਟਿਆਰ ਬਾਰੇ ਉਸ ਨੇ ਦੱਸਿਆ ਕਿ ਇਸ ਦੀਆਂ ਦੋ ਕੁੜੀਆਂ ਹਨ ਅਤੇ ਉਹ ਵਿਧਵਾ ਵੀ ਹੋ ਚੁੱਕੀ ਹੈ। ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਬੰਦੇ ਖੁਦ ਸ਼ਰਾਬ ਜਾਂ ਹੋਰ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਇਸ ਕਰਕੇ ਉਨ੍ਹਾਂ ਦੀ ਔਸਤ ਉਮਰ 30-35 ਸਾਲ ਤੱਕ ਹੀ ਸਿਮਟ ਕੇ ਰਹਿ ਜਾਂਦੀ ਹੈ। ਪਿੰਡ ਦੀ ਆਬਾਦੀ ਦੇ ਲਿਹਾਜ਼ ਨਾਲ ਹੁਣ ਪੜ੍ਹੇ ਲਿਖਿਆਂ ਦੀ ਗਿਣਤੀ ਘੱਟ ਨਹੀਂ ਹੈ। ਬੀਏ ਪਾਸ ਅਤੇ ਟੈੱਟ ਪਾਸ, ਆਈਟੀਆਈ ਪਾਸ ਮੁੰਡੇ ਕੁੜੀਆਂ ਵੀ ਹਨ ਅਤੇ ਬਾਰ੍ਹਵੀਂ ਪਾਸ ਤਾਂ ਬਹੁਤ ਸਾਰੇ। ਪਿੰਡ ਦੇ ਇਰਦ-ਗਿਰਦ ਅਤੇ ਇਸ ਖਾਸ ਸਾਂਸੀ ਬਰਾਦਰੀ ਤੋਂ ਬਾਹਰ ਦੇ ਲੋਕਾਂ ਅੰਦਰ ਇੱਕ ਚਰਚਾ ਹੈ ਕਿ ਇਨ੍ਹਾਂ ਕੋਲ ਕਰੋੜਾਂ ਰੁਪਏ ਹਨ। ਇਸ ਲਈ ਨਸ਼ਾ ਵੇਚਣ ਤੋਂ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਬਰਾਦਰੀ ਦੇ ਇੱਕ ਨੌਜਵਾਨ ਲੜਕੇ ਨੇ ਸਵਾਲ ਦੇ ਰੂਪ ਵਿੱਚ ਪੁੱਛਿਆ ਕਿ ਤੁਹਾਡਾ ਕੀ ਅਨੁਮਾਨ ਹੈ ਕਿ ਜਦੋਂ ਪੁਲੀਸ ਫੜ ਲੈਂਦੀ ਹੈ ਤਾਂ ਛੱਡਣ ਦੇ ਜਾਂ ਨਸ਼ੇ ਦੀ ਮਾਤਰਾ ਘੱਟ ਪਾਉਣ ਦੇ ਕਿੰਨੇ ਪੈਸੇ ਲੈਂਦੀ ਹੋਵੇਗੀ? ਫਿਰ ਖੁਦ ਹੀ ਜਵਾਬ ਦਿੰਦਾ ਹੈ ਕਿ ਘੱਟੋ-ਘੱਟ ਦੋ ਤੋਂ ਤਿੰਨ ਲੱਖ ਰੁਪਏ ਤੋਂ ਹੇਠਾਂ ਖਹਿੜਾ ਨਹੀਂ ਛੁੱਟਦਾ। ਪੂਰੀ ਬਰਾਦਰੀ ਪ੍ਰਤੀ ਜੋ ਨਜ਼ਰੀਆ ਬਣਿਆ ਹੈ, ਉਸ ਕਰ ਕੇ ਪੁਲੀਸ ਜਾਂ ਹੋਰ ਲੋਕ ਔਰਤਾਂ ਜਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਖੁੱਲ੍ਹੇਆਮ ਬੇਇਜ਼ਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸ ਦਾ ਇਲਾਜ ਕੰਮ ਵਜੋਂ ਕੋਈ ਵਿਕਲਪ ਦੇਣ ਵਿੱਚ ਹੈ। ਘੱਟੋ-ਘੱਟ ਪੜ੍ਹੇ ਲਿਖਿਆਂ ‘ਚੋਂ ਪਰਿਵਾਰ ਦੇ ਇੱਕ ਜੀਅ ਨੂੰ ਤਾਂ ਨੌਕਰੀ ਦਿੱਤੀ ਜਾ ਸਕਦੀ ਹੈ? ਉਸ ਤੋਂ ਬਾਅਦ ਜਿੰਨੀ ਸਖ਼ਤੀ ਹੋਵੇ ਤਾਂ ਕੋਈ ਗੱਲ ਨਹੀਂ।
ਪਿੰਡ ਦੀ ਧੜੱਲੇਦਾਰ ਸਰਪੰਚ ਵਜੋਂ ਜਾਣੀ ਜਾਂਦੀ ਗੁਰਪ੍ਰੀਤ ਕੌਰ ਨੇ ਮੁੰਡਿਆਂ ਦਾ ਕਲੱਬ ਬਣਾ ਕੇ ਸੀਸੀਟੀਵੀ ਕੈਮਰਿਆਂ ਰਾਹੀਂ ਪੁਲੀਸ ਦਾ ਅੱਧਾ ਕੰਮ ਵੀ ਸੰਭਾਲ ਰੱਖਿਆ ਹੈ। ਉਸ ਨੇ ਦੱਸਿਆ ਕਿ ਮੁੰਡਿਆਂ ਦੇ ਨਾਲ ਉਹ ਖੁਦ ਇਕੱਲੀ ਕੁੜੀ ਹੈ। ਪਿੰਡ ਵਿੱਚ ਕੁੜੀਆਂ ਘੱਟ ਹਨ। ਜੇਕਰ ਇਲਾਕੇ ਦੀਆਂ ਹੋਰ ਕੁੜੀਆਂ ਨਾਲ ਹੋ ਜਾਣ ਤਾਂ ਜੱਦੋਜਹਿਦ ਕੀਤੀ ਜਾ ਸਕਦੀ ਹੈ। ਦਸ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਉਸ ਨੇ ਡੀਐੱਸਪੀ ਨਾਲ ਵੀ ਗੱਲ ਕੀਤੀ ਹੈ।
ਸਰਪੰਚ ਦਾ ਇਹ ਮੰਨਣਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਹੋਰ ਕਿਤੇ ਰੁਜ਼ਗਾਰ ਦੇਣਾ ਚਾਹੀਦਾ ਹੈ। ਜਦੋਂ ਵੀ ਉਸ ਦੀ ਗੱਲ ਹੁੰਦੀ ਹੈ ਤਾਂ ਪਰਿਵਾਰ ਕਹਿੰਦੇ ਹਨ ਕਿ ਅਸੀਂ ਹਟ ਵੀ ਗਏ ਤਾਂ ਪੰਜਾਬ ਵਿਚੋਂ ਨਸ਼ਾ ਬੰਦ ਹੋ ਜਾਵੇਗਾ? ਬਾਕੀ ਕਿਥੇ ਕੌਣ ਵੇਚ ਰਿਹਾ ਹੈ? ਇਨ੍ਹਾਂ ਪਰਿਵਾਰਾਂ ਤੱਕ ਨਸ਼ਾ ਪਹੁੰਚਾਉਣ ਵਾਲਿਆਂ ਬਾਰੇ ਸਰਪੰਚ ਨੂੰ ਤਾਂ ਪਤਾ ਨਹੀਂ ਪਰ ਪੁਲੀਸ ਵੀ ਅਜੇ ਤੱਕ ਖ਼ਾਮੋਸ਼ ਹੈ।
ਪੁਲੀਸ ਚੌਕੀ ਦੇ ਇੰਚਾਰਜ ਦਾ ਮੰਨਣਾ ਹੈ ਕਿ ਉਸ ਨੇ ਵੱਡੇ ਪੱਧਰ ‘ਤੇ ਪਰਚੇ ਦਰਜ ਕੀਤੇ ਹਨ। ਦਬਾਅ ਕਾਰਨ ਫਿਲਹਾਲ ਨਸ਼ਾ ਘਟਿਆ ਹੈ। ਜੇਕਰ ਨਸ਼ਾ ਘਟਿਆ ਹੈ ਤਾਂ ਨਸ਼ੇੜੀਆਂ ਨੂੰ ਨਸ਼ਾ ਕਿੱਥੋਂ ਮਿਲਦਾ ਹੈ? ਇਸ ਦਾ ਕੋਈ ਠੋਸ ਜਵਾਬ ਨਹੀਂ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਕਾਲੀਆਂ ਭੇਡਾਂ ਪੁਲੀਸ ਵਿਚ ਵੀ ਹਨ ਜੋ ਮਿਲ ਕੇ ਕਾਰੋਬਾਰ ਕਰਵਾਉਂਦੀਆਂ ਹਨ। ਕੁਝ ਦਿਨ ਪਹਿਲਾਂ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਥਾਣੇ ਅਤੇ ਚੌਕੀ ਇੰਚਾਰਜਾਂ ਦੀ ਮੀਟਿੰਗ ਵੀ ਕੀਤੀ ਹੈ।
ਪਟਿਆਲਾ ਵਿਚ ਨਸ਼ੇ ਦੇ ਆਦੀਆਂ ਦੀ ਕੌਂਸਲਿੰਗ ਦਾ ਕੰਮ ਕਰਦੇ ਭੁਪਿੰਦਰ ਕੁਮਾਰ ਭਾਰਦਵਾਜ ਨੇ ਆਪਣੇ ਤਜਰਬੇ ਵਿਚੋਂ ਇੱਕ ਕਿਤਾਬ ਵੀ ਲਿਖੀ ਹੈ। ਉਸ ਦਾ ਕਹਿਣਾ ਹੈ ਕਿ ਨਸ਼ੇ ਦੇ ਆਦੀ ਨੂੰ ਸਮਾਜਿਕ ਤੌਰ ‘ਤੇ ਅਪਰਾਧੀ ਦੀ ਬਜਾਏ ਰੋਗੀ ਮੰਨਣ ਦੀ ਧਾਰਨਾ ਵਿਕਸਤ ਕਰਨੀ ਹੋਵੇਗੀ। ਹੁਣ ਪਰਿਵਾਰ ਅਤੇ ਸਮਾਜ ਇਨ੍ਹਾਂ ਨੂੰ ਨਕਾਰ ਰਿਹਾ ਹੈ। ਪੁਲੀਸ, ਸਮਾਜ ਅਤੇ ਪਰਿਵਾਰ ਦੀ ਨਜ਼ਰ ਵਿੱਚ ਇਨ੍ਹਾਂ ਦੀ ਕੋਈ ਇੱਜ਼ਤ ਨਹੀਂ। ਇਹ ਇਕੱਲਾ ਪੁਲੀਸ ਦਾ ਮਾਮਲਾ ਨਹੀਂ ਬਲਕਿ ਹੱਲ ਵਾਸਤੇ ਸਮਾਜਿਕ ਪਹੁੰਚ ਵਿੱਚ ਬਦਲਾਅ, ਸਰਕਾਰੀ ਅੰਤਰ-ਵਿਭਾਗੀ ਰਣਨੀਤੀ ਤਹਿਤ ਇਨ੍ਹਾਂ ਦਾ ਭਰੋਸਾ ਜਿੱਤਣਾ, ਵੱਡੇ ਤਸਕਰਾਂ ਨੂੰ ਨੱਥ ਪਾਉਣ ਦੀਆਂ ਇੱਕਜੁਟ ਕੋਸ਼ਿਸ਼ਾਂ ਲੋੜੀਂਦੀਆਂ ਹਨ।
ਸਰਹੱਦੀ ਖੇਤਰਾਂ ‘ਚ ਨਸ਼ਿਆਂ ਦਾ ਜ਼ਿਆਦਾ ਬੋਲਬਾਲਾ
ਫਿਰੋਜ਼ਪੁਰ : ਉਂਜ ਤਾਂ ਪੂਰਾ ਪੰਜਾਬ ਹੀ ਇਸ ਵੇਲੇ ਨਸ਼ਿਆਂ ਦੀ ਹਨੇਰੀ ਵਿਚ ਘਿਰ ਚੁੱਕਾ ਹੈ ਪਰ ਵਿਕਸਿਤ ਸ਼ਹਿਰਾਂ ਦੇ ਮੁਕਾਬਲੇ ਸਰਹੱਦੀ ਜ਼ਿਲ੍ਹਿਆਂ ਵਿਚ ਇਸ ਦਾ ਪ੍ਰਭਾਵ ਕੁਝ ਜ਼ਿਆਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਵਸੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਨਸ਼ਿਆਂ ਦੇ ਦੈਂਤ ਨੇ ਹੁਣ ਤਕ ਸੈਂਕੜੇ ਜਾਨਾਂ ਨਿਗਲ ਲਈਆਂ ਹਨ। ਸੈਂਕੜੇ ਨੌਜਵਾਨ ਅਜਿਹੇ ਹਨ ਜੋ ਅਜੇ ਵੀ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਨਾਕਾਫ਼ੀ ਸਿੱਧ ਹੋ ਰਹੇ ਹਨ। ਚਿੱਟੇ ਦਾ ਨਸ਼ਾ ਨੌਜਵਾਨਾਂ ਦੀਆਂ ਰਗਾਂ ਵਿਚ ਇਸ ਕਦਰ ਸਮਾ ਚੁੱਕਾ ਹੈ ਕਿ ਹੁਣ ਇਸ ਤੋਂ ਖਹਿੜਾ ਛੁਡਾਉਣਾ ਨੌਜਵਾਨਾਂ ਦੇ ਵੱਸ ਦੀ ਗੱਲ ਨਹੀਂ ਜਾਪਦੀ। ਫ਼ਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਨੇ ਪਿਛਲੇ ਦਿਨੀਂ ਨਸ਼ਿਆਂ ਸਬੰਧੀ ਰੱਖੇ ਗਏ ਇਕ ਸੈਮੀਨਾਰ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪੁਲੀਸ ਮਹਿਕਮੇ ਵਿਚ ਸ਼ਾਮਲ ਕੁਝ ਕਾਲੀਆਂ ਭੇਡਾਂ ਨਸ਼ੇ ਦੀ ਰੋਕਥਾਮ ‘ਚ ਰੋੜਾ ਬਣ ਰਹੀਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਕਾਲੀਆਂ ਭੇਡਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪਿਛਲੇ ਹਫ਼ਤੇ ਸਿਵਲ ਹਸਪਤਾਲ ਵਿਚ ਸਥਿਤ ਨਸ਼ਾ ਛੁਡਾਊ ਕੇਂਦਰ ਦੇ ਲਾਗਿਉਂ ਕੁਝ ਨੌਜਵਾਨਾਂ ਨੂੰ ਨਸ਼ੇ ਦੇ ਟੀਕੇ ਲਾਉਂਦਿਆਂ ਪੁਲੀਸ ਨੇ ਕਾਬੂ ਕੀਤਾ। ਪੁੱਛੇ ਜਾਣ ‘ਤੇ ਕੇਂਦਰ ਦੇ ਸਟਾਫ਼ ਨੇ ਦੱਸਿਆ ਕਿ ਨਸ਼ੇੜੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਤਾਂ ਅੱਗੋਂ ਧਮਕੀਆਂ ਦਿੰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਕਿਸੇ ਨਸ਼ੇੜੀ ਨੂੰ ਫੜ ਲਈਏ ਤਾਂ ਉਸਨੂੰ ਛੱਡਣ ਲਈ ਸਿਆਸੀ ਲੀਡਰਾਂ ਦੇ ਫ਼ੋਨ ਆਉਣ ਲੱਗ ਪੈਂਦੇ ਹਨ। ਥਾਣੇ ਵਿਚ ਨਸ਼ੇੜੀ ਦੀ ਮੌਤ ਹੋਣ ਦਾ ਖ਼ਦਸ਼ਾ ਪੁਲੀਸ ਕਰਮਚਾਰੀਆਂ ਨੂੰ ਹਰ ਵੇਲੇ ਡਰਾਉਂਦਾ ਹੈ, ਜਿਸ ਕਰਕੇ ਪੁਲੀਸ ਮੁਲਾਜ਼ਮ ਨਸ਼ੇੜੀਆਂ ਖਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟਦੇ ਰਹਿੰਦੇ ਹਨ। ਇਥੇ ਘਰਾਂ ਵਿਚ ਕੰਮ ਕਰਦੀ ਰਾਣੀ ਦੇ ਪਤੀ ਦੀ ਕੁਝ ਚਿਰ ਪਹਿਲਾਂ ਨਸ਼ੇ ਦੀ ਵਜ੍ਹਾ ਕਰਕੇ ਮੌਤ ਹੋ ਚੁੱਕੀ ਹੈ। ਰਾਣੀ ਦਾ ਵੱਡਾ ਮੁੰਡਾ ਨਸ਼ੇ ਕਰਨ ਦਾ ਆਦੀ ਹੈ। ਆਏ ਦਿਨ ਨਸ਼ੇ ਵਾਸਤੇ ਪੈਸਿਆਂ ਦੀ ਮੰਗ ਕਰਦਾ ਹੈ। ਕੁਝ ਦਿਨ ਪਹਿਲਾਂ ਰਾਣੀ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਮੁੰਡੇ ਨੇ ਗੈਸ ਸਿਲੰਡਰ ਦੀ ਪਾਈਪ ਲਾਹ ਕੇ ਘਰ ਨੂੰ ਅੱਗ ਲਾ ਦੇਣ ਦੀ ਧਮਕੀ ਦੇ ਦਿੱਤੀ। ਸ਼ਹਿਰ ਵਿਚ ਡੋਰ,ਪਤੰਗ ਤੇ ਪਟਾਕਿਆਂ ਦਾ ਕਾਰੋਬਾਰ ਕਰਨ ਵਾਲਾ ਗੁੱਗੂ ਪਿਛਲੇ ਕਰੀਬ ਦੋ ਸਾਲ ਤੋਂ ਨਸ਼ਿਆਂ ਵਿਚ ਪੈ ਕੇ ਕਰਜ਼ਾਈ ਹੋ ਚੁੱਕਾ ਹੈ। ਜਿਸ ਮਾਂ ਨੂੰ ਆਪਣੇ ਪੁੱਤ ਕੋਲੋਂ ਬਹੁਤ ਸਾਰੀਆਂ ਉਮੀਦਾਂ ਸਨ, ਉਹ ਮਾਂ ਹੁਣ ਹਰ ਰੋਜ਼ ਪ੍ਰਮਾਤਮਾ ਕੋਲੋਂ ਆਪਣੇ ਪੁੱਤ ਦੀ ਮੌਤ ਮੰਗ ਰਹੀ ਹੈ। ਗੁੱਗੂ ਦਾ ਇਲਾਜ ਤਿੰਨ-ਚਾਰ ਵਾਰ ਹੋ ਚੁੱਕਾ ਹੈ, ਪਰ ਉਹ ਨਸ਼ਾ ਨਹੀਂ ਛੱਡ ਸਕਿਆ। ਇੱਕ-ਇੱਕ ਕਰਕੇ ਉਸਨੇ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਵੇਚ ਦਿੱਤੀਆਂ ਹਨ।
ਨਸ਼ਾ ਰੋਕਣ ਲਈ ਪੁਲੀਸਤੰਤਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਖਰੇ ਤੌਰ ‘ਤੇ ਉਪਰਾਲਾ ਕਰ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਜਨਤਾ ਦੇ ਸਹਿਯੋਗ ਤੋਂ ਬਿਨਾਂ ਨਸ਼ੇ ‘ਤੇ ਕਾਬੂ ਪਾਉਣ ਸੰਭਵ ਨਹੀਂ ਹੈ। ਸਿਵਲ ਸਰਜਨ ਡਾਕਟਰ ਰਾਜਿੰਦਰ ਕੁਮਾਰ ਨੇ ਪਿਛਲੇ ਹਫ਼ਤੇ ਹੋਈ ਇੱਕ ਮੀਟਿੰਗ ਵਿਚ ਡੀਸੀ ਨੂੰ ਦੱਸਿਆ ਕਿ ਕਈ ਦੁਕਾਨਾਂ ‘ਤੇ ਮੈਡੀਕਲ ਨਸ਼ਾ ਵਿਕ ਰਿਹਾ ਹੈ। ਕਾਰਵਾਈ ਕਰੀਏ ਤਾਂ ਸਿਆਸੀ ਆਗੂ ਧਮਕਾਉਣ ਲੱਗ ਪੈਂਦੇ ਹਨ। ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਬੋਧ ਕੱਕੜ ਨੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਸੰਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬ ਸਰਕਾਰ ਦੇ ਨਸ਼ੇ ਖਤਮ ਕਰਨ ਦੇ ਦਾਅਵੇ ਨਿਕਲੇ ਖੋਖਲੇ
ਚਾਰ ਹਫਤਿਆਂ ‘ਚ ਨਸ਼ਿਆਂ ਦਾ ਖਾਤਮਾ ਕਰਨ ਦੀ ਸਹੁੰ ਖਾ ਕੇ ਸੱਤਾ ‘ਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਦੇ ਦਾਅਵਿਆਂ ਤੇ ਹਕੀਕਤ ‘ਚ ਜ਼ਮੀਨ ਅਸਮਾਨ ਦਾ ਫਰਕ ਦਿਖਾਈ ਦਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਕੋਈ ਠੱਲ੍ਹ ਨਹੀਂ ਪਈ ਦਿਖਾਈ ਦਿੰਦੀ ਬਲਕਿ ਸਰਕਾਰੀ ਸੈਮੀਨਾਰ ਤੇ ਪ੍ਰਚਾਰ ਅਖਬਾਰਾਂ ‘ਚ ਫੋਟੋਆਂ ਲਗਵਾਉਣ ਤੇ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਜਾਪਦੇ ਹਨ।
ਪਿੰਡਾਂ ‘ਚ ਆਮ ਲੋਕਾਂ ਨਾਲ ਸੰਪਰਕ ਕਰਨ ‘ਤੇ ਦੇਖਿਆ ਕਿ ਵਿਰਲੇ ਟਾਵੇਂ ਪਿੰਡਾਂ ਨੂੰ ਛੱਡ ਕੇ ਤਕਰੀਬਨ ਹਰ ਪਿੰਡ ‘ਚ ਘੱਟੋ-ਘੱਟ ਪੰਜ ਤੋਂ ਲੈ ਕੇ ਦਸ ਨੌਜਵਾਨ ਨਸ਼ਿਆਂ ਦੇ ਆਦੀ ਹਨ ਜੋ ਹਲਕੀ ਉਮਰੇ ਹੀ ਨਸ਼ਿਆਂ ਦੀ ਲਪੇਟ ਆਏ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਇਹ ਤਾਂ ਪਤਾ ਨਹੀਂ ਲਗਦਾ ਕਿ ਆਖਿਰ ਮੋਟੇ ਰੂਪ ‘ਚ ਚਿੱਟਾ ਤੇ ਹੋਰ ਮਾਰੂ ਨਸ਼ਾ ਕਿਥੋਂ ਆਉਂਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਨਸ਼ਿਆਂ ‘ਚ ਗ੍ਰਸਤ ਮੁੰਡੇ-ਕੁੜੀਆਂ ਆਪਣੇ ਨਸ਼ੇ ਦੀ ਪੂਰਤੀ ਲਈ ਆਪਣੀ ਖੁਰਾਕ ਕੱਢ ਕੇ ਅੱਗੇ ਹੋਰਾਂ ਨੂੰ ਵੀ ਵੇਚਦੇ ਹਨ ਤੇ ਹੋਰ ਗਲਤ ਕੰਮ ਕਰਦੇ ਹਨ ਪਰ ਪੁਲੀਸ ਉਨ੍ਹਾਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰਦੀ। ਨਸ਼ਿਅ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਜਾ ਪਏ ਨਸ਼ੇੜੀਆਂ ਦੇ ਪਰਿਵਾਰ ਭਾਵੇਂ ਆਪਣੀ ਬੇਇਜ਼ਤੀ ਕਾਰਨ ਖੁੱਲ੍ਹ ਕੇ ਗੱਲ ਕਹਿਣ ਨੂੰ ਤਿਆਰ ਨਹੀਂ ਹਨ। ਪਿੰਡ ਦੇਨੋਵਾਲ ਖੁਰਦ ‘ਚ ਕੁਝ ਦਿਨ ਪਹਿਲਾਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।
ਇਸੇ ਤਰ੍ਹਾਂ ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ‘ਤੇ ਪਿੰਡ ਜੈਨਪੁਰ ‘ਚ ਨਸ਼ਿਅਂ ਕਾਰਨ ਖਾਸੀਆਂ ਮੌਤਾਂ ਹੋਈਆਂ ਜਿਨ੍ਹਾਂ ‘ਚੋਂ ਕਈ ਮਾਪਿਆਂ ਦੇ ਇਕਲੌਤੇ ਚਿਰਾਗ ਬੁੱਝ ਗਏ। ਜ਼ਿਕਰਯੋਗ ਹੈ ਕਿ ਚਿੱਟੇ ਤੋਂ ਇਲਾਵਾ ਗੜ੍ਹਸ਼ੰਕਰ ਦੇ ਆਸ-ਪਾਸ ਦੇ ਪਿੰਡਾਂ ਤੇ ਇਲਾਕਾ ਬੀਤ ਦੇ ਪਿੰਡਾਂ ‘ਚ ਗ਼ੈਰਕਾਨੂੰਨੀ ਢੰਗ ਨਾਲ ਸ਼ਰਾਬ ਦੀ ਵਿਕਰੀ ਵੀ ਜ਼ੋਰਾਂ ‘ਤੇ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹੀ ਹੋਮ ਡਲਿਵਰੀ ਮਿਲ ਰਹੀ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਮਾਰ ਜ਼ਿਆਦਾਤਰ ਗਰੀਬਾਂ ਨੂੰ ਪੈ ਰਹੀ ਹੈ ਤੇ ਸਰਕਾਰ ਇਸ ਪ੍ਰਤੀ ਗੰਭੀਰਤਾ ਨਾਲ ਕਦਮ ਨਹੀਂ ਉਠਾ ਰਹੀ ਕਿਉਂਕਿ ਸਾਮਰਾਜੀ ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਆਪਣੇ ਹੱਕਾਂ ਪ੍ਰਤੀ ਸਿਆਣੇ ਨਾ ਹੋ ਜਾਣ। ਕੰਢੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਮੱਟੂ ਦਾ ਕਹਿਣਾ ਹੈ ਕਿ ਕੰਢੀ ਦਾ ਇਲਾਕਾ ਪਹਿਲਾਂ ਲੰਬੇ ਸਮੇਂ ਤੋਂ ਸੋਕੇ ਦੀ ਮਾਰ ਹੇਠ ਹੈ ਤੇ ਰਹਿੰਦੀ ਖੂੰਹਦੀ ਕਸਰ ਨਸ਼ਿਆਂ ਨੇ ਕੱਢੀ ਹੋਈ ਹੈ। ਕਿਸਾਨ ਆਗੂ ਗੁਰਨੇਕ ਸਿੰਘ ਭੱਜਲ ਅਤੇ ਤਰਕਸ਼ੀਲ ਆਗੂ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਰੂ ਹਥਿਆਰਾਂ ਅਤੇ ਨਸ਼ੇ ਭਰਪੂਰ ਲੱਚਰ ਗਾਇਕੀ ਵੀ ਨੌਜਵਾਨੀ ਨੂੰ ਇਸ ਪਾਸੇ ਧੱਕਣ ‘ਚ ਕੋਈ ਕਸਰ ਨਹੀਂ ਛੱਡ ਰਹੀ। ਐਸਐਮਓ ਗੜ੍ਹਸ਼ੰਕਰ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਗੜ੍ਹਸ਼ੰਕਰ ‘ਚ ਚੱਲ ਰਹੇ ਸੈਂਟਰ ‘ਚ ਰੋਜ਼ਾਨਾ ਢਾਈ ਸੌ ਮਰੀਜ਼ ਆਉਂਦੇ ਹਨ।
ਪਹਿਲਾਂ ਨਾਲੋਂ ਜ਼ਿਆਦਾ ਵਿੱਕ ਰਿਹਾ ਹੈ ਨਸ਼ਾ: ਵਿਧਾਇਕ ਬੈਂਸ
ਨਸ਼ੇ ਦੇ ਮੁੱਦੇ ‘ਤੇ ਕਈ ਸਟਿੰਗ ਆਪਰੇਸ਼ਨ ਕਰ ਚੁੱਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਨਸ਼ਾ ਸੂਬੇ ਵਿਚ ਵਿਕਣਾ ਬੰਦ ਨਹੀਂ ਹੋਇਆ, ਸਗੋਂ ਹੋਰ ਖੁੱਲ੍ਹ ਕੇ ਵਿੱਕ ਰਿਹਾ ਹੈ। ਵਿਧਾਇਕ ਬੈਂਸ ਦਾ ਦੋਸ਼ ਹੈ ਕਿ ਕੈਪਟਨ ਸਰਕਾਰ ਖੁਦ ਨਸ਼ਾ ਵੇਚਣਾ ਬੰਦ ਨਹੀਂ ਕਰਵਾਉਣਾ ਚਾਹੁੰਦੀ, ਜੇਕਰ ਉਹ ਚਾਹੁੰਦੇ ਤਾਂ ਇੱਕ ਵਾਰ ਪੁਲੀਸ ਨੂੰ ਹੁਕਮ ਕਰਨ ਕਿ ਜਿਹੜੇ ਐੱਸਐੱਚਓ ਦੇ ਇਲਾਕੇ ਵਿਚ ਨਸ਼ਾ ਵਿੱਕਿਆ, ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
ਏਮਜ਼ ਦਿੱਲੀ ਨੇ ਪੰਜਾਬ ‘ਚ ਨਸ਼ਿਆਂ ਸਬੰਧੀ ਕਰਵਾਇਆ ਸਰਵੇਖਣ
ਪੰਜਾਬ ‘ਚ ਨਸ਼ੇੜੀਆਂ ਦੀ ਗਿਣਤੀ 10 ਲੱਖ ਤੋਂ ਵੀ ਟੱਪੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਿਆਂ ਦੇ ਮਾਮਲੇ ਵਿਚ ਲਗਾਤਾਰ ਘਿਰਦੀ ਜਾ ਰਹੀ ਹੈ। ਕੈਪਟਨ ਨੇ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ , ਪਰ ਨਸ਼ਿਆਂ ਨੂੰ ਅਜੇ ਤੱਕ ਠੱਲ ਨਹੀਂ ਪਈ। ਏਮਜ਼ ਦਿੱਲੀ ਨੇ ਪੰਜਾਬ ਵਿਚ ਨਸ਼ਿਆਂ ਸਬੰਧੀ ਇਕ ਸਰਵੇਖਣ ਕਰਵਾਇਆ, ਜਿਸ ਵਿਚ ਹੈਰਾਨੀਜਨਕ ਤਸਵੀਰ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਪੰਜਾਬ ਵਿੱਚ ਨਸ਼ੇੜੀਆਂ ਦੀ ਗਿਣਤੀ 10 ਲੱਖ ਤੋਂ ਵੀ ਟੱਪ ਗਈ ਹੈ। ਇਹ ਗਿਣਤੀ ਉਨ੍ਹਾਂ ਨੌਜਵਾਨਾਂ ਦੀ ਹੈ ਜੋ ਅਫ਼ੀਮ, ਭੁੱਕੀ, ਹੈਰੋਇਨ, ਸਮੈਕ ਤੇ ਹੋਰਾਂ ਨਸ਼ਿਆਂ ਦੀ ਆਦਤ ਦੇ ਸ਼ਿਕਾਰ ਹਨ। ਏਮਜ਼ ਵੱਲੋਂ ਕੀਤੇ ਸਰਵੇਖਣ ਮੁਤਾਬਕ ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਦਾ ਭਾਰਤ ਵਿੱਚ ਦੂਜਾ ਸਥਾਨ ਹੈ। ਉਧਰ ਦੂਜੇ ਪਾਸੇ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਕਿਸ ਤਰ੍ਹਾਂ ਨੱਥ ਪਾਈ ਜਾਵੇ, ਇਸ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਏਡੀਜੀਪੀ ਈਸ਼ਵਰ ਸਿੰਘ ਤੋਂ ਇਲਾਵਾ ਐਸ.ਟੀ.ਐਫ. ਚੀਫ ਗੁਰਪ੍ਰੀਤ ਕੌਰ ਦਿਓ ਨੇ ਬਾਰਡਰ ਰੇਂਜ ਦੇ ਆਈ.ਜੀ. ਤੇ ਐਸ.ਐਸ.ਪੀ. ਨਾਲ ਗੱਲਬਾਤ ਵੀ ਕੀਤੀ।
ਪੰਜਾਬ ‘ਚ ਨਸ਼ੇ ਦੀ ਸਮੱਸਿਆ ਪਹਿਲਾਂ ਵਾਂਗ ਬਰਕਰਾਰ
ਓਪੀ ਸੋਨੀ ਨੇ ਮੰਨਿਆ – ਕੈਪਟਨ ਸਰਕਾਰ ਸੂਬੇ ‘ਚੋਂ ਨਸ਼ਾ ਖਤਮ ਨਹੀਂ ਕਰ ਸਕੀ
ਚੰਡੀਗੜ੍ਹ : ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਪਹਿਲਾਂ ਵਾਂਗ ਹੀ ਬਰਕਰਾਰ ਹੈ ਅਤੇ ਹਰ ਰੋਜ਼ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਇਸ ਸਬੰਧੀ ਕੈਬਨਿਟ ਮੰਤਰੀ ਓਪੀ ਸੋਨੀ ਨੇ ਮੰਨਿਆ ਕਿ ਉਨ੍ਹਾਂ ਦੀ ਕੈਪਟਨ ਸਰਕਾਰ ਸੂਬੇ ਵਿੱਚੋਂ ਨਸ਼ਾ ਖ਼ਤਮ ਨਹੀਂ ਕਰ ਸਕੀ। ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਹਾਲੇ ਵੀ ਨਸ਼ੇ ਦੀ ਸਮੱਸਿਆ ਬਰਕਰਾਰ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 15 ਤੋਂ 20 ਫੀਸਦੀ ਨਸ਼ਾ ਵਿਕ ਰਿਹਾ ਹੈ। ਸਰਕਾਰ ਨੂੰ ਉਚਿਤ ਕਦਮ ਚੁੱਕਣ ਅਤੇ ਇਸ ਪਾਸੇ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਧਿਆਨ ਰਹੇ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਸਹੁੰ ਚੁੱਕੀ ਸੀ ਕਿ ਜੇਕਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰ ਦੇਣਗੇ। ਪਰ ਅਜਿਹਾ ਨਹੀਂ ਹੋ ਸਕਿਆ ਅਤੇ ਰੋਜ਼ਾਨਾ ਪੰਜਾਬ ਦੇ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …