ਓਨਟਾਰੀਓ ਵਿੱਚ ਹੋਣ ਵਾਲੀਆਂ ਚੋਣਾਂ ਲਈ ਮੁਕਾਬਲਾ ਤਕੜਾ ਹੋਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਇੱਕ ਨਵੇਂ ਸਰਵੇਖਣ ਅਨੁਸਾਰ ਅਜੇ ਚੋਣ ਮੁਹਿੰਮ ਰਸਮੀ ਤੌਰ ਉੱਤੇ ਸ਼ੁਰੂ ਵੀ ਨਹੀਂ ਹੋਈ ਪਰ ਲਿਬਰਲ ਹੁਣੇ ਤੋਂ ਹੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਚਾਰ ਅੰਕ ਪਿੱਛੇ ਰਹਿ ਗਏ ਹਨ।
ਐਬੇਕਸ ਡਾਟਾ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਜੂਨ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਪ੍ਰੋਵਿੰਸ਼ੀਅਲ ਚੋਣਾਂ ਲਈ 36 ਫੀ ਸਦੀ ਵੋਟਰਜ਼ ਨੇ ਫੋਰਡ ਦੀ ਪੀਸੀ ਪਾਰਟੀ ਨੂੰ ਵੋਟ ਕਰਨ ਦਾ ਫੈਸਲਾ ਕੀਤਾ ਹੈ ਜਦਕਿ 32 ਫੀ ਸਦੀ ਸਟੀਵਨ ਡੈਲ ਡੂਕਾ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਦਾ ਮਨ ਬਣਾਈ ਬੈਠੇ ਹਨ। 23 ਫੀ ਸਦੀ ਦਾ ਕਹਿਣਾ ਹੈ ਕਿ ਉਹ ਐਂਡਰੀਆ ਹੌਰਵਥ ਦੀ ਅਗਵਾਈ ਵਾਲੀ ਐਨਡੀਪੀ ਨੂੰ ਵੋਟ ਪਾਉਣਗੇ।ਛੇ ਫੀ ਸਦੀ ਗ੍ਰੀਨ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਹਨ ਤੇ ਚਾਰ ਫੀ ਸਦੀ ਦਾ ਕਹਿਣਾ ਹੈ ਕਿ ਉਹ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣਗੇ।
ਜਨਵਰੀ ਵਿੱਚ ਕਰਵਾਏ ਗਏ ਇਸੇ ਤਰ੍ਹਾਂ ਦੇ ਸਰਵੇਖਣ ਤੋਂ ਇਸ ਸਮੇਂ ਲਿਬਰਲ ਚਾਰ ਅੰਕਾਂ ਦੀ ਡੀਂਘ ਪੁੱਟ ਚੁੱਕੇ ਹਨ ਜਦਕਿ ਟੋਰੀਜ਼ ਇੱਕ ਅੰਕ ਤੇ ਐਨਡੀਪੀ ਦੋ ਅੰਕਾਂ ਨਾਲ ਹੇਠਲੇ ਪਾਏਦਾਨ ਉੱਤੇ ਪਹੁੰਚ ਗਏ ਹਨ।ਐਬੇਕਸ ਡਾਟਾ ਦੇ ਸੀਈਓ ਡੇਵਿਡ ਕੋਲੇਟੋ ਨੇ ਆਖਿਆ ਕਿ ਇਸ ਸਰਵੇਖਣ ਵਿੱਚ ਭਾਵੇਂ ਲਿਬਰਲ ਚਾਰ ਅੰਕਾਂ ਨਾਲ ਅੱਗੇ ਪਹੁੰਚ ਗਏ ਲੱਗਦੇ ਹਨ ਪਰ ਜੇ ਉਹ ਚੋਣਾਂ ਜਿੱਤਣੀਆਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਕੰਮ ਕਰਨਾ ਹੋਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਇਸੇ ਸਰਵੇਖਣ ਵਿੱਚ ਪਾਇਆ ਗਿਆ ਕਿ 10 ਓਨਟਾਰੀਓ ਵਾਸੀਆਂ ਵਿੱਚੋਂ ਛੇ (59 ਫੀ ਸਦੀ)ਨੂੰ ਡੈਲ ਡੂਕਾ ਬਾਰੇ ਬਹੁਤਾ ਨਹੀਂ ਪਤਾ। ਸਿਰਫ 39 ਫੀ ਸਦੀ ਨੇ ਹੀ ਇਹ ਆਖਿਆ ਕਿ ਉਹ ਹੌਰਵਥ ਨੂੰ ਨਹੀਂ ਜਾਣਦੇ ਤੇ ਸਿਰਫ 15 ਫੀ ਸਦੀ ਨੇ ਆਖਿਆ ਕਿ ਉਹ ਫੋਰਡ ਨੂੰ ਨਹੀਂ ਜਾਣਦੇ। ਜੇ ਨਿਜੀ ਪੌਪੂਲੈਰਿਟੀ ਦੀ ਗੱਲ ਆਉਂਦੀ ਹੈ ਤਾਂ ਯਕੀਨਨ ਇਸ ਮਾਮਲੇ ਵਿੱਚ ਫੋਰਡ ਦਾ ਪੱਲੜਾ ਭਾਰੀ ਹੈ। 41 ਫੀ ਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਫੋਰਡ ਦਾ ਸਕਾਰਾਤਮਕ ਪ੍ਰਭਾਵ ਹੈ। ਜਨਵਰੀ ਨਾਲੋਂ ਇਹ ਨੌਂ ਅੰਕ ਵੱਧ ਹੈ।