ਸ਼ਰਾਬ ਘੋਟਾਲਾ ਮਾਮਲੇ ‘ਚ 16 ਮਾਰਚ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਦਿੱਲੀ ਦੀ ਅਦਾਲਤ ਨੇ ਸ਼ਰਾਬ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਸੰਮਨ ਭੇਜਿਆ ਹੈ। ਧਿਆਨ ਰਹੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਕੇਜਰੀਵਾਲ ਨੂੰ 8 ਸੰਮਨ ਭੇਜ ਚੁੱਕੀ ਹੈ ਪ੍ਰੰਤੂ ਉਹ ਇਕ ਵਾਰ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਜਿਸ ਦੇ ਚਲਦਿਆਂ ਈਡੀ ਨੇ ਕੇਜਰੀਵਾਲ ਖਿਲਾਫ਼ ਕੋਰਟ ‘ਚ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਇਸੇ ਦੌਰਾਨ ਐਡੀਸ਼ਨਲ ਚੀਫ਼ ਮੈਟਰੋਪੋਲਿਟਨ ਮੈਜੀਸਟ੍ਰੇਟ ਦਿਵਿਆ ਮਲਹੋਤਰਾ ਨੇ ਕੇਜਰੀਵਾਲ ਨੂੰ 16 ਮਾਰਚ ਨੂੰ ਕੋਰਟ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ, 21 ਦਸੰਬਰ, 3 ਜਨਵਰੀ, 17 ਜਨਵਰੀ, 2 ਫਰਵਰੀ, 22 ਫਰਵਰੀ, 26 ਫਰਵਰੀ ਅਤੇ 27 ਫਰਵਰੀ ਨੂੰ ਸੰਮਨ ਭੇਜੇ ਗਏ ਸਨ। ਧਿਆਨ ਰਹੇ ਕਿ ਜਦੋਂ 2 ਫਰਵਰੀ ਨੂੰ ਭੇਜੇ ਗਏ 5ਵੇਂ ਸੰਮਨ ਤੋਂ ਬਾਅਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਸਨ, ਉਦੋਂ ਈਡੀ ਨੇ ਕੇਜਰੀਵਾਲ ਖਿਲਾਫ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ‘ਚ ਇਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਬਜਟ ਸ਼ੈਸਨ ਕਾਰਨ ਕੇਜਰੀਵਾਲ 14 ਫਰਵਰੀ ਨੂੰ ਕੋਰਟ ‘ਚ ਵਰਚੂਅਲੀ ਪੇਸ਼ ਹੋਏ ਸਨ।