ਰਾਜਿੰਦਰ ਕੌਰ ਚੋਹਕਾ
98725-44738
ਸਤੰਬਰ 1939 ਨੂੰ ਦੂਸਰੀ ਜੰਗ ਦੇ ਸ਼ੁਰੂ ਹੋਣ ਨਾਲ ਦੁਨੀਆਂ ਅੰਦਰ ਬਹੁਤ ਤੇਜ਼ੀ ਲਾਲ ਪ੍ਰਸਥਿਤੀਆਂ ਵਿੱਚ ਬਦਲਾਅ ਆਏ। ਫਾਸ਼ੀਵਾਦੀ ਹਿਟਲਰ ਦੀਆਂ ਫੌਜਾਂ ਨੇ ਯੂਰਪ ਅੰਦਰ ਲਗਾਤਾਰ ਇਕ-ਬਾਅਦ-ਇਕ ਦੇਸ਼ਾਂ ‘ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਭਾਰਤ ਅੰਦਰ ਬਰਤਾਨਵੀ ਬਸਤੀਵਾਦੀ ਗੋਰੀ ਸਰਕਾਰ ਨੇ ਰਾਜਸੀ ਭੈਅ ਵਿਰੁੱਧ ਤਸ਼ਦਦ ਦਾ ਰਾਹ ਫੜ ਲਿਆ ਅਤੇ ਕਾਂਗਰਸ ਪਾਰਟੀ ਨੂੰ ਵੀ ਨਹੀਂ ਬਖਸ਼ਿਆ। ਬਰਤਾਨਵੀ ਸਰਕਾਰ ਨੇ ਇਕ ਤਰ੍ਹਾਂ ਭਾਰਤ ਅੰਦਰ ਐਮਰਜੈਂਸੀ ਐਲਾਨ ਕੇ ਰਾਜਸੀ ਕਾਰਕੁੰਨਾਂ ‘ਤੇ ਅਕਿਹ ਤਸ਼ਦਦ ਢਾਉਣਾ ਸ਼ੁਰੂ ਕਰ ਦਿੱਤਾ। 22 ਜੂਨ 1941 ਨੂੰ ਫਾਸ਼ੀਵਾਦੀ ਹਿਟਲਰ ਦੀਆਂ ਫੌਜਾਂ ਨੇ ਸੰਧੀ ਤੋੜ ਕੇ ਸੋਵੀਅਤ ਰੂਸ ਤੇ ਹਮਲਾ ਕਰ ਦਿੱਤਾ। ਜਿਉਂ ਹੀ ਸੋਵੀਅਤ ਰੂਸ ਤੇ ਹਮਲਾ ਹੋਇਆ, ‘ਸਾਮਰਾਜੀ ਜੰਗ ਦਾ ਰੁੱਖ’, ”ਲੋਕ-ਜੰਗ” ਵਿੱਚ ਬਦਲ ਗਿਆ। ਅਜ਼ਾਦੀ ਨੂੰ ਚਾਹੁਣ ਵਾਲੇ ਜਮਹੂਰੀ ਪਸੰਦ ਦੁਨੀਆਂ ਭਰ ਦੇ ਲੋਕ ਬੜੀ ਮਜ਼ਬੂਤੀ ਨਾਲ ”ਸੋਵੀਅਤ ਯੂਨੀਅਨ” ਦੇ ਹੱਕ ‘ਚ ਖੜੋਅ ਗਏ। -7 ਦਸੰਬਰ 1939 ਨੂੰ ਜਾਪਾਨ ਨੇ ਇੰਗਲੈਂਡ ਅਤੇ ਅਮਰੀਕਾ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਜਿਵੇਂ! ਸਾਰਾ ‘ਯੂਰਪ ਜਰਮਨੀ’ ਦੀ ‘ਹਿਟਲਰਸ਼ਾਹੀ ਦੀ ਮੁੱਠੀ’ ਵਿੱਚ ਸੀ, ਇਸੇ ਤਰ੍ਹਾਂ ”ਪੂਰਬੀ ਏਸ਼ੀਆ” ”ਜਾਪਾਨ ਦੇ ਪੰਜੇ” ਵਿੱਚ ਚਲਾ ਗਿਆ।
ਦੁਨੀਆ ਦੀਆਂ ਸਾਰੀਆਂ ਤਰੱਕੀ ਪਸੰਦ ਸੋਚਾਂ ”ਮਨੁੱਖਤਾ ਅਤੇ ਸਭਿਅਤਾ” ਨੂੰ ਬਚਾਉਣ ਲਈ ਫਾਸ਼ੀਵਾਦੀ ਦੇ ਖੇਤਰ ਵਿਰੁੱਧ ਉੱਠ ਖੜ੍ਹੀਆਂ ਹੋਈਆਂ! ਕਾਮਰੇਡ ਸਟਾਲਿਨ ਦੀ ਅਗਵਾਈ ਵਿੱਚ ਸੋਵੀਅਤ ਯੂਨੀਅਨ ਨੂੰ ਹਰ ”ਮਰਦ ਅਤੇ ਇਸਤਰੀ” ਬੜੀ ਬਹਾਦਰੀ ਲਾਲ ਦੇਸ਼ ਨੂੰ ਨਿਰਦਈ ਫਾਸ਼ੀਵਾਦੀ ਹਮਲੇ ਤੋਂ ਬਚਾਉਣ ਲਈ ਅੱਗੇ ਆਏ। ਦੁੱਨੀਆਂ ਭਰ ਦੇ ਸਾਰੇ ਆਜ਼ਾਦੀ ਪਸੰਦ ਵੱਖੋ-ਵੱਖ ਦੇਸ਼ਾਂ ਦੇ ਲੋਕ, ”ਫਾਸ਼ੀਵਾਦੀ ਧੁਰੇ ਦੇ ਵਿਰੁੱਧ” ਇੱਕ ਜੁੱਟ ਹੋ ਗਏ ਅਤੇ ‘ਬਸਤੀਵਾਦੀ ਬਰਤਾਨਵੀ ਸਰਕਾਰ’ ਉਪਰੋਕਤ ਹਾਲਾਤ ਕਰਕੇ, ‘ਕਮਿਊਨਿਸਟ ਪਾਰਟੀ ਤੋਂ ਪਾਬੰਦੀ ਹਟਾਉਣ ਅਤੇ ਕਾਂਗਰਸ ਦੀ ਲੀਡਰਸ਼ਿਪ’ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਨ ਲਈ ਮਜਬੂਰ ਹੋ ਗਈ। ਬਰਤਾਨਵੀ ਕੈਬਿਨੇਟ ਵਲੋਂ ‘ਕਰਿਪਸ ਮਿਸ਼ਨ’ ਗੱਲਬਾਤ ਕਰਨ ਲਈ ਭਾਰਤ ਭੇਜਿਆ ਗਿਆ। ਪਰ ! ਇਹ ਮਿਸ਼ਨ ਵੀ ਸਫਲ ਨਾ ਹੋ ਸਕਿਆ। -8 ਅਗਸਤ 1942 ਨੂੰ ਗਾਂਧੀ ਨੇ ‘ਭਾਰਤ ਛੱਡੋ ਅੰਦੋਲਨ’ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ”ਭਾਰਤ ਛੱਡੋ ਅੰਦੋਲਨ ਦੀ ਧਾਰਾ ਅਤੇ ਫਾਸ਼ੀਵਾਦੀ ਵਿਰੋਧੀ ਜਨਤਕ ਲਹਿਰਾਂ ਨਾਲੋ-ਨਾਲ ਅਗੇ ਵਧੀਆਂ।”
ਭਾਰਤ ਅੰਦਰ ਫਾਸ਼ੀਵਾਦ ਵਿਰੁੱਧ ਰਖਿਅਕ ਲਹਿਰ ਇਕ ਨਵੀਂ ਦਿਸ਼ਾ ਰਾਹੀਂ ਸ਼ੁਰੂ ਹੋਈ। ਹਰ ਪਾਸੇ ਇਹ ਨਾਅਰਾ ਸੀ, ”ਅਸੀ ਭਾਰਤ ਦੇ ਨੌਜਵਾਨ ਸੋਵੀਅਤ ਰੂਸ ਦੇ ਨਾਲ ਹਾਂ !” ਸਾਰਾ ਦੇਸ਼ ਜਾਪਾਨੀ ਫਾਸ਼ੀਵਾਦੀ ਹਮਲੇ ਵਿਰੁੱਧ ਦੇਸ਼ ਦੀ ਰਾਖੀ ਲਈ ਜੋਸ਼ ਨਾਲ ਭਰਿਆ ਗਿਆ। ਇਸ ਲਹਿਰ ਦੀ ਇਕ ਖਾਸ ਖਾਸੀਅਤ ਇਹ ਸੀ, ”ਕਿ ਭਾਰਤ ਦੇ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ! -1941 ਵਿੱਚ ਜਾਪਾਨੀਆਂ ਵੱਲੋਂ ‘ਰੰਗੂਨ ਅਤੇ ਫਿਰ ਮਦਰਾਸ’ ਤੇ ਬੰਬਾਰੀ ਕੀਤੀ ਗਈ। ਇਹ ਬੰਬਾਰੀ ‘ਸ਼੍ਰੀਲੰਕਾ, ਚਿਟਾਗਾਂਗ, ਨੌਖਾਲੀ, ਆਸਾਮ, ਮਨੀਪੁਰ ਅਤੇ ਕਲੱਕਤਾ’ ਤੱਕ ਚਲੀ ਗਈ। ਜੰਗ ਕਾਰਨ ਦੋਨੋਂ ਤਰ੍ਹਾਂ ਫਸੀ ਬਰਤਾਨਵੀ ਸਾਮਰਾਜ ਸਰਕਾਰ ਦੀ ਆਰਥਿਕਤਾ ਨੇ ‘ਪੇਂਡੂ ਅਤੇ ਸ਼ਹਿਰੀ’ ਦੋਨੋਂ ਥਾਵਾਂ ਤੇ ਲੋਕਾਂ ਦਾ ਖੂਨ-ਪੀਣਾ ਸ਼ੁਰੂ ਕਰ ਦਿੱਤਾ। ਹਜ਼ਾਰਾਂ ਹੀ ਮਰਦ, ਇਸਤਰੀਆਂ ਅਤੇ ਬੱਚੇ, ਜੋ ਸਾਰੇ ਪੇਂਡੂ ਖੇਤਰਾਂ ਵਿਚ ਕਿਸਾਨੀ ਵਿੱਚੋਂ ਸਨ ਹਾਕਮਾਂ ਵਲੋਂ ਖੁੱਦ ਪੈਦਾ ਕੀਤੇ ”ਕਾਲ” ਕਾਰਨ, ‘ਭੁੱਖ-ਮਰੀ’ ਦੇ ਕਾਰਨ ਕਲੱਕਤੇ ਦੀਆਂ ਗਲੀਆਂ ਵਿੱਚ ‘ਮੁੱਠੀਭਰ ਚੌਲਾਂ’ ਲਈ ਤਾਸੇ ਫੜੀ ਉਮੜ ਪਏ। ਇਸ ਕਾਲ ਕਾਰਨ ਘੱਟ ਤੋਂ ਘੱਟ 35 ਲੱਖ ਲੋਕ ਭੁੱਖ ਮਰੀ ਨਾਲ ਇਕਲੇ ਹੀ ਬੰਗਾਲ ਅੰਦਰ ਮਰ ਗਏ।
ਹਰ ਪਾਸੇ ਫਾਸ਼ੀਵਾਦੀ ਹਮਲੇ ਵਿਰੁੱਧ ਦੇਸ਼ ਨੂੰ ਬਚਾਉਣ ਲਈ ਲੋਕਾਂ ਅੰਦਰ ਇਕ ਜੋਸ਼ ਦੀ ਲਹਿਰ ਪੈਦਾ ਹੋ ਗਈ। ਇਸੇ ਤਰ੍ਹਾਂ ‘ਕਾਲ’ ਕਾਰਨ ਭੁੱਖਮਰੀ ਦੇ ਮੂੰਹ ਵਿਚੋਂ ਲੋਕਾਂ ਨੂੰ ਬਚਾਉਣ ਲਈ ਵੀ ਲੋਕ ਅੱਗੇ ਆਏ। ਦੇਸ਼ ਭਗਤੀ ਦੇ ਇਸ ਸੱਦੇ ‘ਤੇ ਅਤੇ ਮਨੁੱਖੀ ਹਮਦਰਦੀ ਵਜੋਂ ਕੀਤੀ ਅਪੀਲ ਨੇ ਅਜਿਹੀ ਗੰਭੀਰ ਸਥਿਤੀ ਦੌਰਾਨ ਹਰ ਵਰਗ ਦੇ ‘ਮਰਦ ਅਤੇ ਇਸਤਰੀਆਂ’ ਨੂੰ ਹੋਰ ਨੇੜੇ ਲਿਆਂਦਾ। ਲੋਕਾਂ ਨੇ ਖੁਦ ਹੀ ‘ਲੋਕ ਜੱਥੇਬੰਦੀਆਂ’ ਦਾ ਗਠਨ, ‘ਆਪਣੀ ਹਿਫ਼ਾਜਤ ਕਰਨ ਲਈ, ਫਸਟ-ਏਡ ਕੇਂਦਰ, ਹਵਾਈ ਹਮਲੇ ਦੌਰਾਨ ਬਚਾਓ, ਸਿਵਲ ਰੱਖਿਆ ਕਮੇਟੀਆਂ, ਸਹਾਇਤਾ ਅਤੇ ਵਲੰਟੀਅਰ ਗੁਰੱਪ’ ਬਣਾ ਕੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ‘ਸੱਭਿਆਚਾਰਕ ਗੁਰੱਪਾਂ’ ਰਾਹੀਂ ਵੀ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਸਭਿਆਚਾਰਕ ਸਰਗਰਮੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋਵੀਅਤ ਯੂਨੀਅਨ ਦੇ ਮਿੱਤਰ ਲੋਕਾਂ ਨੇ ਫਾਸ਼ੀਵਾਦੀ ਵਿਰੁੱਧ ਲੇਖਕ ਸੰਘ, ਭਾਰਤੀ ਲੋਕ ਥੀਏਟਰ ਸੰਘ, ਆਦਿ ਜੱਥੇਬੰਦੀਆਂ ਦਾ ਗਠਨ ਕੀਤਾ ਗਿਆ।
”ਸੋਵੀਅਤ ਰੂਸ ਅਤੇ ਚੀਨ” ਅੰਦਰ ਇਸਤਰੀਆਂ ਵਲੋਂ ਵਿਖਾਏ ਗਏ ਬਹਾਦਰੀ ਵਾਲੇ ਕਾਰਨਾਮਿਆਂ ਨੇ ‘ਸਾਰੇ ਸੰਸਾਰ’ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸਤਰੀਆਂ ਦੇ ਇਨ੍ਹਾਂ ਬਹਾਦਰੀ ਭਰੇ ਕਾਰਨਾਮਿਆਂ ਨੇ ਭਾਰਤੀ ਇਸਤਰੀਆਂ ਨੂੰ ਵੀ ਉਤਸ਼ਾਹਿਤ ਕੀਤਾ! ਸਮਾਜਵਾਦੀ ਵਿਚਾਰਧਾਰਾ ਨੇ ਭਾਰਤ ਅੰਦਰ ਇਸਤਰੀ ਲਹਿਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ! -1941 ਨੂੰ ਸੋਵੀਅਤ ਰੂਸ ਅੰਦਰ ਕਾਇਮ ਹੋਈ ‘ਫਾਸ਼ੀਵਾਦੀ ਵਿਰੋਧੀ ਇਸਤਰੀ ਕਮੇਟੀ’ ਨੇ ‘ਕੌਮਾਂਤਰੀ ਫਾਸ਼ੀਵਾਦੀ ਵਿਰੋਧੀ ਇਸਤਰੀ ਲਹਿਰ’ ਨੂੰ ਅਗਵਾਨੀ ਦਿੱਤੀ। ਇਸ ਕਮੇਟੀ ਨੇ ‘ਕੌਮਾਂਤਰੀ ਇਸਤਰੀ ਜੱਥੇਬੰਦੀ’ ਦਾ ਗਠਨ ਕਰਕੇ ‘ਕੌਮਾਂਤਰੀ ਫਾਸ਼ੀਵਾਦੀ ਵਿਰੋਧੀ ਲਹਿਰ’ ਨੂੰ ਜਨਮ ਦਿੱਤਾ। -1945 ਨੂੰ ‘ਕੌਮਾਂਤਰੀ ਇਸਤਰੀ ਕਾਨਫਰੰਸ ਪੈਰਿਸ (ਫਰਾਂਸ) ਵਿੱਚ ਹੋਈ। ਜਿਸ ਵਿੱਚ 181 ਇਸਤਰੀ ਜੱਥੇਬੰਦੀਆਂ ਜੋ ਵੱਖ-ਵੱਖ ਪ੍ਰਦੇਸ਼ਾਂ ਵਿਚੋਂ ਸਨ, ਵਲੋਂ 850 ਇਸਤਰੀ ਡੈਲੀਗੇਟਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਕਾਨਫਰੰਸ ਅੰਦਰ ਹੀ, ”ਕੌਮਾਂਤਰੀ ਜਮਹੂਰੀ ਇਸਤਰੀ ਫੈਡਰੇਸ਼ਨ” ਦਾ ਗਠਨ ਹੋਇਆ। ਕੌਮਾਂਤਰੀ ਜਮਹੂਰੀ ਇਸਤਰੀ ਫੈਡਰੇਸ਼ਨ ਨੇ ਆਪਣੇ ਐਲਾਨਨਾਮੇ ਸਮੇਂ ਕਿਹਾ ਕਿ ਫੈਡਰੇਸ਼ਨ ਦੇ ਮੈਂਬਰਾਂ ਤੋਂ ਇਹ ਨਹੀਂ ਪੁੱਛਿਆ ਜਾਵੇਗਾ ? ਕਿ ਉਹ ਸਮਾਜਵਾਦੀ ਹੈ, ਕਮਿਊਨਿਸਟ, ਕੈਥੋਲਿਕ, ਪ੍ਰੋਟੈਸਟੈਟ, ਮੁਸਲਿਮ, ਯਹੂਦੀ, ਕਾਮਾ, ਮੱਧ-ਵਰਗੀ, ਕਿਸਾਨ ਜਾਂ ਬੁੱਧੀਜੀਵੀ? ਉਹ ਕੁਝ ਵੀ ਹੋਵੇ ਅਤੇ ਕਿਸੇ ਵੀ ਵਰਗ ਨਾਲ ਸਬੰਧ ਰੱਖਦੀ ਹੋਵੇ, ਸਬੰਧੀ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ ? ਸਾਡੀ ਉਸ ਨੂੰ ਇਕ ਅਪੀਲ ਹੈ, ਕਿ ਜਮਹੂਰੀਅਤ ਨੂੰ ਬਚਾਓ, ਅਤੇ ਸੰਸਾਰ ਅਮਨ ਦੀ ਰਾਖੀ ਲਈ ‘ਫਾਸ਼ੀਵਾਦ ਅਤੇ ਸਾਮਰਾਜ’ ਵਿਰੁੱਧ ਸੰਘਰਸ਼ ਕਰੋ ? ਇਸ ਤੋਂ ਪ੍ਰੇਰਿਤ ਹੋ ਕੇ ਹੀ, ਭਾਰਤ ਅੰਦਰ ਵੀ ‘ਜਮਹੂਰੀ ਇਸਤਰੀ ਲਹਿਰਾਂ ਨੂੰ ਗਠਨ’ ਕਰਨ ਦੇ ਉਪਰਾਲੇ ਸ਼ੁਰੂ ਹੋਏ !
ਭਾਰਤ ਅੰਦਰ ਜਨਤਕ ਜਮਹੂਰੀ ਇਸਤਰੀ ਜੱਥੇਬੰਦੀਆਂ ਦੇ ਗਠਨ ਲਈ ਉਪਰਾਲੇ:-
ਪਹਿਲੀਵਾਰ ਸੀ.ਪੀ.ਆਈ. ਵਲੋਂ ਭਾਰਤ ਅੰਦਰ ਦੱਬੇ-ਕੁੱਚਲੇ ਵਰਗਾਂ ਦੀਆਂ ਇਸਤਰੀਆਂ ਦੀ ਜਨਤਕ ਅਧਾਰਿਤ ਜਮਹੂਰੀ ਇਸਤਰੀ ਜੱਥੇਬੰਦੀ ਕਾਇਮ ਕਰਨ ਲਈ ਪਹਿਲ ਕਦਮੀ ਕੀਤੀ ਗਈ। ਉਸ ਵੇਲੇ ਤੱਕ ਹੇਠਲੇ ਵਰਗਾਂ ਵਿਚੋਂ ਆਈਆ ਇਸਤਰੀਆਂ, ‘ਕਿਰਤੀ ਤੇ ਕਿਸਾਨੀ’ ਦੇ ਵਰਗ ਸੰਘਰਸ਼ ਵਾਲੇ ਘੋਲਾਂ ਵਿੱਚ ਅਤੇ ਅਜ਼ਾਦੀ ਲਹਿਰ ਵਿੱਚ ਤਾਂ ਹਿੱਸਾ ਲੈਂਦੀਆਂ ਸਨ, ਪਰ ! ਉਨ੍ਹਾਂ ਦੇ ਆਪਣੇ ਵਰਗ ਲਈ ਨਾਂ ਤਾਂ ਕੋਈ ਅਸਲੀ ਮੰਚ ਸੀ ਅਤੇ ਨਾ ਹੀ ਕੋਈ ਇਸਤਰੀ ਜੱਥੇਬੰਦੀ ਸੀ। -1927 ਵਿੱਚ ”ਕੁੱਲ-ਹਿੰਦ ਇਸਤਰੀ ਕਾਨਫਰੰਸ” (ਆਲ ਇੰਡੀਆ ਵੂਮੈਨ ਕਾਨਫਰੰਸ) ਹੋਂਦ ਵਿੱਚ ਆਈ ਸੀ, ਜਿਹੜੀ ਕਿ ਦੇਸ ਅੰਦਰ ”ਉੱਚ ਵਰਗ ਅਤੇ ਪੜ੍ਹੀਆਂ ਲਿਖੀਆਂ ਇਸਤਰੀਆਂ” ਦਾ ਇਕ ਮੰਚ ਸੀ, ਜਿਸ ਦੀ ਲੀਡਰਸ਼ਿਪ ਦੀ ਸਮਝਦਾਰੀ ਅਤੇ ਭਰੋਸਗੀ (ਵਿਸ਼ਵਾਸ਼) ਕਾਂਗਰਸ ਪਾਰਟੀ ਨਾਲ ਸੀ ਅਤੇ ਇਸ ਨੂੰ ਕਾਂਗਰਸ ਦੀ ਪੂਰਨ ਹਮਾਇਤ ਪ੍ਰਾਪਤ ਸੀ। ਪ੍ਰੰਤੂ ! ਇਹ ਜੱਥੇਬੰਦੀ ”ਸਮਾਜ ਸੁਧਾਰ ਅਤੇ ਭਲਾਈ ਕੰਮਾਂ” ਤੱਕ ਹੀ ਸੀਮਿਤ ਸੀ। ਇਸ ਜੱਥੇਬੰਦੀ ਦਾ ਦੱਬੇ-ਕੁੱਚਲੇ ਵਰਗ ਦੀਆਂ ਇਸਤਰੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਇਹ ਜੱਥੇਬੰਦੀ ਉੱਚ-ਵਰਗ ਦੀਆਂ ਪੜ੍ਹੀਆਂ ਲਿਖੀਆਂ ਦੀ ਇੱਕ ‘ਸੰਸਥਾਂ’ ਸੀ, ਜੋ ‘ਇਸਤਰੀ ਸਿੱਖਿਆ, ਸਮਾਜਕ ਅਤੇ ਕਾਨੂੰਨੀ ਅਧਿਕਾਰਾਂ’ ਲਈ ਹੀ ਸਰਗਰਮ ਸੀ। ਇਸ ਜੱਥੇਬੰਦੀ ਦੀ ਮੁਹਿੰਮ ਅੰਦਰ ਬਾਲ-ਵਿਆਹ ‘ਤੇ ਰੋਕ, ਬਹੁ-ਪਤਨੀ ਦਾ ਖਾਤਮਾ, ਪਰਦਾ ਅਤੇ ਦਾਜ ਦਹੇਜ ਬੰਦ ਕਰਨ ਤੋਂ ਇਲਾਵਾ, ਵਿਧਵਾ ਵਿਆਹ, ਇਸਤਰੀ ਨੂੰ ਜਾਇਦਾਦ ਦਾ ਕਾਨੂੰਨੀ ਅਧਿਕਾਰ ਆਦਿ ਮੰਗਾਂ ਸ਼ਾਮਲ ਸਨ। ਜਿਨ੍ਹਾਂ ਦੀ ਪ੍ਰਾਪਤੀ ਲਈ ਢੁਕਵੇਂ ਕਾਨੂੰਨ ਬਣਾਉਣਾ ਇਸ ਦਾ ਮੁੱਖ ਨਿਸ਼ਾਨਾ ਸੀ। ਕਾਂਗਰਸ ਮਹਿਲਾ ਸੰਘ ਅਤੇ ਅਜਿਹੇ ਹੋਰ ਸੂਬਾਈ ਅਤੇ ਸਥਾਨਕ ਇਸਤਰੀ ਸੰਗਠਨ, ਜਿਨ੍ਹਾਂ ਦੀ ਸਿੱਧੀ ਅਗਵਾਈ ਕਾਂਗਰਸ ਪਾਰਟੀ ਦੇ ਹੱਥ ਵਿਚ ਸੀ ! ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਇਸਤਰੀਆਂ ਆਜ਼ਾਦੀ ਦੀ ਲਹਿਰਾਂ ਵਿੱਚ ਸ਼ਾਮਲ ਸਨ, ਪਰ ! ਇਸਤਰੀ ਜੱਥੇਬੰਦੀਆਂ, ਜਿਨ੍ਹਾਂ ਦੀ ਸ਼ੁਰੂਆਤ ਉਪਰਲੇ ਵਰਗ ਦੇ ਲੋਕਾਂ ਅਤੇ ਕਾਂਗਰਸ ਰਾਹੀਂ ਹੋਈ, ਉਨ੍ਹਾਂ ਦਾ ਜਨਤਕ ਜੱਥੇਬੰਦੀ ਵਾਲਾ ਸਰੂਪ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਜੱਥੇਬੰਦੀਆਂ ਅੰਦਰ ਸਮਾਜ ਦੇ ਦੱਬੇ-ਕੁੱਚਲੇ ਲੋਕਾਂ ਦਾ ਅਤੇ ਹੇਠਲੇ ਵਰਗਾਂ ਵਿਚੋਂ ਇਸਤਰੀਆਂ ਸ਼ਾਮਲ ਸਨ।
1940 ਦੇ ਆਸ-ਪਾਸ, ਜਦੋਂ ਦੂਸਰੀ ਸੰਸਾਰ ਜੰਗ ਦਾ ਕਾਲਾ ਪਰਛਾਵਾਂ ਦੁਨੀਆਂ ਅੰਦਰ ਅੱਗੇ ਵੱਧ ਰਿਹਾ ਸੀ, ਤਾਂ ਕਮਿਊਨਿਸਟ ਪਾਰਟੀ ਦੀ ਪਹਿਲ ਕਦਮੀ ਤੇ ਸਮਾਜ ਦੇ ਹੋਰ ਵਰਗ, ਕਿਰਤੀ ਕਿਸਾਨ, ਮੱਧ ਵਰਗਾਂ ਵਿਚੋਂ ਇਸਤਰੀਆਂ ਦੇ ਸੋਸ਼ਿਤ ਵਰਗ ਦੀ ਇਕ ਜਨਤਕ ਅਧਾਰ ਵਾਲੀ ਇੱਕ ਜੱਥੇਬੰਦੀ ਗਠਿਤ ਕੀਤੀ ਗਈ। ਇਸ ਜੱਥੇਬੰਦੀ ਵਿੱਚ ਪਹਿਲਾਂ ਸ਼ਮੂਲੀਅਤ ਕਰਨ ਵਾਲੀਆਂ ਕਮਿਊਨਿਸਟ ਪਾਰਟੀ ਦੀਆਂ ਇਸਤਰੀ ਵਰਕਰਾਂ ਹੀ ਸਨ, ਜੋ ਸਭ ਤੋਂ ਪਹਿਲਾਂ ਅੱਗੇ ਆਈਆਂ ਅਤੇ ਇਸ ਜੱਥੇਬੰਦੀ ਦੇ ਗਠਨ ਲਈ ਮੁੱਖ ਰੋਲ ਅਦਾ ਕੀਤਾ। ਇਸ ਤਰ੍ਹਾਂ ਭਾਰਤ ਦੇ ਕਈ ਹਿੱਸਿਆਂ ਅੰਦਰ ਜਨਤਕ ਅਧਾਰ ਵਾਲੀਆਂ ਮਜ਼ਬੂਤ ਇਸਤਰੀ ਜੱਥੇਬੰਦੀਆਂ ਹੋਂਦ ਵਿੱਚ ਆਈਆਂ। ਸ਼ੁਰੁਆਤ ਵਿੱਚ ਉਨ੍ਹਾਂ ਦੀ ਮੁੱਖ ਸਰਗਰਮੀ ”ਦੇਸ਼ ਨੂੰ ਫਾਸ਼ੀਵਾਦ ਹਮਲੇ ਵਿਰੁੱਧ ਰੱਖਿਆ ਲਈ ਜੱਥੇਬੰਦ ਕਰਨਾ, ਦੇਸ਼ ਦੀ ਅਜ਼ਾਦੀ, ਕਾਲ ਅਤੇ ਭੁੱਖ ਤੋਂ ਪੀੜ੍ਹਿਤ ਲੋਕਾਂ ਨੂੰ ਬਚਾਉਣਾ ਸੀ।”
ਇਸਤਰੀਆਂ ਦੀਆਂ ਜਨਤਕ ਜੱਥੇਬੰਦੀਆਂ ਬੰਗਾਲ (ਅਣਵੰਡੇ) ਆਸਾਮ, ਤ੍ਰਿਪੁਰਾ, ਆਂਧਰਾ, ਮਦਰਾਸ, ਮਾਲਾਬਾਰ, ਟਰਾਵਨਕੋਰ ਤੇ ਕੋਚੀਨ (ਕੇਰਲਾ) ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਪੰਜਾਬ (ਅਣਵੰਡੇ) ਵਿੱਚ ਸਥਾਪਿਤ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਮੁੱਖ ਜੱਥੇਬੰਦੀ ਸੀ, ‘ਮਹਿਲਾ ਆਤਮ ਰੱਖਿਆ ਸਮਿਤੀ’, ‘ਬੰਗਾਲ ਮਹਿਲਾ ਆਤਮ ਰੱਖਿਆ ਸਮਿਤੀ’ ਦੀ ਮੁੱਖ ਸ਼ਕਤੀ ਲੁੱਟੇ-ਪੁੱਟੇ ਜਾਣ ਵਾਲੇ ਵਰਗਾਂ, ਕਿਰਤੀ, ਕਿਸਾਨ ਅਤੇ ਮੱਧ-ਵਰਗ ਵਿੱਚੋਂ ਆਈਆਂ ਇਸਤਰੀਆਂ ਦੀ ਸੀ। ਫਿਰ! ਵੀ ਇਹ ਦੇਸ਼ ਭਗਤੀ ਵਾਲਾ ਵੱਡਾ ਮੰਚ ਸੀ, ”ਜਿਸ ਵਿੱਚ ਜੀਵਨ ਦੇ ਹਰ ਖੇਤਰ ਵਿਚੋਂ ਆਈਆਂ ਇਸਤਰੀਆਂ ਨੇ ਦੇਸ਼ ਦੀ ਰੱਖਿਆ ਅਤੇ ਕਾਲ ਪੀੜ੍ਹਿਤ ਲੋਕਾਂ ਦੀ ਸਹਾਇਤਾ ਦੇ ਕਾਰਜ ਲਈ ਆਪਣੇ -ਆਪ ਨੂੰ ਸਮਰਪਿਤ ਕੀਤਾ ਸੀ।”
‘ਮਾਰਸ’ ਤੋਂ ਪਹਿਲਾਂ ਵੱਡੇ ਜਨਤਕ ਅਧਾਰ ਵਾਲੀ ਜੱਥੇਬੰਦੀ ”ਕੱਲਕਤਾ ਵੂਮੈਨ ਸੈਲਫਡਿਫੈਂਸ ਲੀਗ” ਜੋ ਅਪ੍ਰੈਲ 1942 ਨੂੰ ਗਠਿਤ ਕੀਤੀ ਗਈ ਸੀ, ਜਿਸ ਦੀ ਕਨਵੀਨਰ ਮਸ਼ਹੂਰ ਪਤਰ ਪ੍ਰੇਰਕ, ”ਸ਼੍ਰੀਮਤੀ ਏਲਾ ਰੇਇਡ” ਸੀ। ਇਸ ਜੱਥੇਬੰਦੀ ਦੇ ਹੋਰ ਦੂਸਰੇ ਮੈਂਬਰ ਸਨ, ”ਜਿਓਤੀ ਮੋਰੀਈ ਗੰਗੋਲੀ, ਸਕੀਨਾ ਬੇਗਮ, ਰੇਨੂ ਚੱਕਰਵਰਤੀ, ਸੁਧਾ ਰਾਏ, ਮਾਨ ਕੁੰਤਾਲਾ ਸੇਨ, ਨਾਜੀ ਮੁਨਿਸ਼ਾ ਅਹਿਮਦ, ਬਿਟਰਸ ਤੇਰਾਨ, ਅਪਾਰ ਨਾਂ ਫੁਲਰੇਨੂੰ ਦੱਤਾ (ਗੋਰਾ) ਆਦਿ। ਇਸ ਜੱਥੇਬੰਦੀ ਨੇ ਕਲੱਕਤਾ ਅਤੇ ਹੋਰ ਜ਼ਿਲ੍ਹਿਆਂ ਅੰਦਰ ਆਪਣੀ ‘ਸੁਰੱਖਿਆ ਅਤੇ ਫਾਸ਼ੀਵਾਦ’ ਵਿਰੁੱਧ ਬਹੁਤ ਹੀ ਵੱਧੀਆ ਢੰਗ ਨਾਲ ਵੱਡੇ ਪੱਧਰ ਵਾਲਾ ਪ੍ਰੋਗਰਾਮ ਲਾਗੂ ਕੀਤਾ। ਮਈ 7-8, 1943 ਨੂੰ ਇਸ ਜੱਥੇਬੰਦੀ ਵੱਲੋਂ, ਪਿਛੋਂ ਜਾ ਕੇ ਆਪਣੀ ਪਹਿਲੀ ਕਾਨਫਰੰਸ ”ਓਵਰ-ਟੂਨ-ਹਾਲ-ਕਲੱਕਤਾ” ਵਿਖੇ ਕੀਤੀ ਗਈ। ਜਿੱਥੇ ਰਸਮੀ ਤੌਰ ਤੇ, ”ਬੰਗਾਲ ਮਹਿਲਾ ਆਤਮਾ ਰਖਸ਼ਾ ਸਮਿਤੀ” ਦਾ ਗਠਨ ਕੀਤਾ ਗਿਆ। ਇਸ ਦੀ ਪਹਿਲੀ ਮਾਰਸ ਪ੍ਰਧਾਨ, ”ਇੰਦਰਾ ਦੇਵੀ ਚੌਧਰਾਣੀ” ਅਤੇ ਸਕੱਤਰ ”ਸ਼੍ਰੀਮਤੀ ਏਲ ਰੇਇਡ” ਚੁਣੀਆਂ ਗਈਆਂ। ਪਿੱਛੋਂ ਪ੍ਰਸਿੱਧ ਸ਼ਖਸੀਅਤਾਂ ਅਤੇ ਕਾਂਗਰਸ ਆਗੂ ”ਨੇਲੀ ਸੇਨ ਗੁਪਤਾ, ਰਾਣੀ ਮਹਾਂਲਾਨੂ ਬਿਸ, ਜਿਓਤੀ ਮੋਰੀਈ ਗੰਗੋਲੀ, ਆਰੀਆ ਬਾਲਾ ਦੇਵੀ” ਆਦਿ, ਅਗਲੇ ਸਮਿਆਂ ਵਿੱਚ ਜਾ ਕੇ ਵਾਰੋ-ਵਾਰੀ ਸਮਿਤੀ ਦੀਆਂ ਪ੍ਰਧਾਨ ਬਣਦੀਆਂ ਰਹੀਆਂ। ਅਗੋਂ ਲਈ ਇਸ ਜੱਥੇਬੰਦੀ ਨਾਲ ਇਸਤਰੀ ਆਗੂ ”ਮੋਹਨੀ ਦੇਵੀ, ਲਾਬੰਈਆ, ਪਰੋਵਾ ਚੰਦਾਂ” ਆਦਿ ਵੀ ਮਾਰਸ ਨਾਲ ਜੁੜੀਆਂ ਰਹੀਆਂ। ਸਮਿਤੀ ਦੇ ਪੈਟਰਿਨ ਦਾ ਮਾਨ ‘ਸਰੋਜਿਨੀ ਨਾਇਡੂ’, ਜਿਸ ਨੇ ਰਲੀਫ ਕੰਮ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਮਿਤੀ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਸਮਿਤੀ ਦੀਆਂ ਮੁਸਲਿਮ ਇਸਤਰੀ ਆਗੂਆਂ, ”ਸ਼੍ਰੀਮਤੀ ਮੋਮਿਨ, ਸਹਿਜ਼ਾਦੀ ਬੇਗਮ, ਸ਼ਾਬੇਦਾ ਖਾਤੂਨ ਆਦਿ ਜੋ ‘ਮਾਰਸ’ ਨਾਲ ਜੁੜੀਆਂ ਰਹੀਆਂ ਜਿਨ੍ਹਾ ਦੇ ਨਾਂ ਵਰਨਣ ਯੋਗ ਹਨ।
ਅਜਿਹੇ ਵਿਚਾਰਾਂ ਵਾਲੀਆਂ ਇਸਤਰੀਆਂ ਜੋ ਹਿੰਦੂ ਮਹਾਂਸਭਾ ਦੀਆਂ ਮੈਂਬਰ ਸਨ, ਨੇ ਵੀ ‘ਮਾਰਸ’ ਨੂੰ ਸਹਿਯੋਗ ਦਿੱਤਾ। ਇਸ ਤਰ੍ਹਾਂ ‘ਮਾਰਸ’ ਦਾ ਇੱਕ ਵੱਡਾ ਮੰਚ ਤਿਆਰ ਹੋ ਗਿਆ। ਜਿਸ ਨਾਲ ਜੀਵਨ ਦੇ ਹਰ ਖੇਤਰ ਵਿਚੋਂ ਆਈਆਂ ਇਸਤਰੀਆਂ, ਭਾਵੇਂ ! ਉਨ੍ਹਾਂ ਦੀ ਰਾਜਨੀਤਕ ਸੋਚ ਅਤੇ ਧਾਰਮਿਕ ਬਿਰਤੀ’ ਵੱਖ-ਵੱਖ ਸੀ, ਜੋ ਸਾਰੇ ਵਰਗਾਂ ਅਤੇ ਸਮਾਜ ਅੰਦਰੋ ਸਨ, ਇਸ ਜੱਥੇਬੰਦੀ ਨਾਲ ਜੁੜ ਗਈਆਂ। ਪਰ ! ਇਸ ਜੱਥੇਬੰਦੀ ਦੀ ਚਾਲਕ-ਸ਼ਕਤੀ ‘ਪੇਂਡੂ ਅਤੇ ਸ਼ਹਿਰੀ ਖੇਤਰ ਦੇ ਦੱਬੇ ਕੁਚਲੇ ਵਰਗ ਦੀਆਂ ਇਸਤਰੀਆਂ, ਜੋ ਕਮਿਊਨਿਸਟ ਪਾਰਟੀ ਦੀਆਂ ਮੈਂਬਰ ਸਨ, ਦੇ ਹੱਥਾਂ ਵਿੱਚ ਸੀ। ਸਮਿਤੀ ਦੀਆਂ ਕੇਂਦਰੀ ਸੰਯੋਜਕ ਸ਼ੁਰੂ ਤੋਂ ਹੀ ਕਮਿਊਨਿਸਟ ਆਗੂ, ”ਕਮਲਾ ਚੈਟਰਜੀ, ਰੇਣੂ ਚਕਰਵਰਤੀ, ਮਾਨੀ-ਕੋ-ਤਾਲਾ ਸੇਨ,ਜੁਆਈ ਫੂਲ-ਰਾਏ, ਕਣਕ ਮੁਖਰਜੀ” ਆਦਿ ਸਨ। ਇਸ ਤਰ੍ਹਾਂ ਬੰਗਾਲ ਦੇ ਜ਼ਿਲ੍ਹਿਆਂ ਅੰਦਰ ਵੀ , ‘ਸਮਿਤੀ’ ਦੀ ਅਗਵਾਈ, ‘ਕਮਿਊਨਿਸਟ ਇਸਤਰੀ ਆਗੂਆਂ’, ਜਿਨ੍ਹਾਂ ਵਿੱਚ ‘ਮਨੋਰਮਾ ਬਾਸੂ, ਜਿਓਤੀ ਚਕਰਵਤਰੀ, ਜਿਓਤੀ ਦੇਵੀ, ਨਿਵੇਦਿਤਾ ਨਾਰਾ, ਹੀਰਾ ਬਾਲਾ ਰਾਏ, ਮੁਕਤਾ ਕੁਮਾਰ, ਪੁਸ਼ਪਾ ਘੋਸ਼, ਸੰਧਿਆ ਚਟੋਪਾਧਿਆਏ, ਅਨੀਲਾ ਦੇਵੀ, ਲਾ ਬੰਈਆਂ ਮਿਤਰਾ, ਬੇਲਾ ਲਾਹਿਰੀ, ਨਾਜ਼ੀ ਮੁਨੀਸ਼ਾ ਅਹਿਮਦ, ਪੰਕਜ ਅਚਾਰੀਆ, ਮਾਧੁਰੀ ਦਾਸ ਗੁਪਤਾ, ਗੀਤਾ ਮੁਖਰਜੀ, ਸਾਧਨਾ ਪਾਤਰਾ, ਪ੍ਰੋਮਿਲਾ ਪਾਤਰਾ, ਬੀਤਾ ਕੋਨਾਰ, ਰਾਬੇਈਆ ਬੇਗਮ, ਮਕਸੂਦਾ ਬੇਗਮ, ਸ਼ਾਮੇਸੁਨੇਮਾ, ਅਨੁਪਮਾ ਬਰਾਚੀ, ਲਿਲੀਡੇਅ, ਪ੍ਰਤਿਭਾ ਗੰਗੋਲੀ, ਕਮਲਾ ਦਾਸ, ਭਾਨੂ ਦੇਵੀ ਅਤੇ ਚਾਰੂ ਸ਼ੀਲਾ ਘੋਸ਼” ਆਦਿ ਸ਼ਾਮਲ ਸਨ।
”ਫਾਸ਼ੀਵਾਦ ਦੇ ਹਮਲੇ ਵਿਰੁੱਧ ‘ਸੰਘਰਸ਼ ਅਤੇ ਪ੍ਰਾਪੇਗੰਡਾ’ ਦੇ ਕਾਰਜ ਰਾਹੀਂ, ਦੇਸ਼ ਦੀ ਰੱਖਿਆ ਵਾਸਤੇ ਕਾਲ ਪੀੜਿਤ ਲੋਕਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ, ਅਨਾਥ ਅਤੇ ਬੇ-ਸਹਾਰਾ ਇਸਤਰੀਆਂ ਅਤੇ ਬੱਚਿਆਂ ਦੀ ਸਹਾਇਤਾ ਲਈ ”ਮਾਰਸ” ਨੇ ਹੋਰ ਅਜਿਹੀਆਂ ਜੱਥੇਬੰਦੀਆਂ, ਜਿਵੇਂ ”ਕਾਂਗਰਸ ਮਹਿਲਾ ਸੰਘ, ਮੁਸਲਿਮ ਮਹਿਲਾ ਸਮਿਤੀ, ਕੁੱਲ-ਹਿੰਦ ਇਸਤਰੀ ਕਾਨਫਰੰਸ, ਯੰਗ-ਵੂਮੈਨ ਕ੍ਰਿਸ਼ਚੀਅਨ ਐਸੋਸੀਏਸ਼ਨ, ਆਦਿ ਨਾਲ ਮਿਲ ਕੇ ਵਧੀਆ ਕੰਮ ਕੀਤਾ। ਉਸ ਸਮੇਂ ਮਾਰਸ ਬੰਗਾਲ ਅੰਦਰ, ਇਸਤਰੀਆਂ ਦੀ ਸਭ ਤੋਂ ਵੱਡੀ ਜੱਥੇਬੰਦੀ ਸੀ। ਸਮਿਤੀ ਦੀ 1943 ਨੂੰ ਪਹਿਲੀ ਕਾਨਫਰੰਸ ਸਮੇਂ ਇਸ ਦੀ ਮੈਂਬਰਸ਼ਿਪ 22,000 ਸੀ ਅਤੇ ਇਸ ਦੀਆਂ ਬੰਗਾਲ ਵਿਚ 28 ਜ਼ਿਲ੍ਹਿਆਂ ਵਿੱਚ (ਵੰਡ ਤੋਂ ਪਹਿਲਾਂ) ਬ੍ਰਾਚਾਂ ਸਨ। ਇਕ ਸਾਲ ਦੇ ਅੰਦਰ ਹੀ ਸਮਿਤੀ ਦੀ ਮੈਂਬਰਸ਼ਿਪ 43,000 ਹੋ ਗਈ।
ਭਾਰਤ ਦੀ ਪਹਿਲੀ ਇਸਤਰੀ ਜੱਥੇਬੰਦੀ ਦਾ ਕੌਮਾਂਤਰੀ ਪੱਧਰ ਨਾਲ ਅਲਹਾਕ:=
‘ਮਾਰਸ’ ਦੀ ਸਕੱਤਰ ਏਲਾ ਰੇਇਡ ਨੇ ਕੌਮਾਂਤਰੀ ਇਸਤਰੀ ਕਾਨਫਰੰਸ ਜੋ -1945 ਨੂੰ ”ਪੈਰਿਸ” ਵਿੱਚ ਹੋਈ, ਇਕ ਡੈਲੀਗੇਟ ਵਜੋਂ ਸ਼ਮੂਲੀਅਤ ਕੀਤੀ ਅਤੇ ਤੁਰੰਤ ਬਾਅਦ ਵਿੱਚ ਮਾਰਸ (ਬੰਗਾਲ ਯੂਨਿਟ) ਨੇ ਆਪਣਾ (ਇਲਹਾਕ) ਸਬੰਧ ”ਕੌਮਾਂਤਰੀ ਇਸਤਰੀ ਫੈਡਰੇਸ਼ਨ” ਨਾਲ ਕਾਇਮ ਕਰ ਲਿਆ। ਇਸਤਰੀ ਲਹਿਰਾਂ ਅਤੇ ਜੱਥੇਬੰਦੀਆਂ ਨੇ ਇਸ ਸਟੇਜ ਤੋਂ ਬੀਤੇ ਦੀਆਂ ”ਸਮਾਜਿਕ ਅਤੇ ਕਾਨੂੰਨੀ ਹੱਕਾਂ” ਲਈ ਚਲਾਈਆਂ ਗਈਆਂ ਲਹਿਰਾਂ ਅਤੇ ”ਅਜ਼ਾਦੀ ਸੰਗਰਾਮ” ਅੰਦਰ ਪਾਏ ਯੋਗਦਾਨ ਨੂੰ ਵਧਾਉਂਦੇ ਹੋਏ ‘ਕਿਰਤੀ ਅਤੇ ਕਿਸਾਨਾਂ’ ਦੇ ਵਰਗੀ ਘੋਲਾਂ ਤੱਕ (ਲੈ ਕੇ ਜਾਣ ਵਿੱਚ ਸਫਲਤਾ ਪ੍ਰਾਪਤ ਕੀਤੀ) ਖੜਿਆ। ਉਨ੍ਹਾਂ ਨੇ ਦੱਬੇ-ਕੁੱਚਲੇ ਵਰਗਾਂ ਵਿਚੋਂ ਆਈਆਂ ਇਸਤਰੀਆਂ ਦੇ ਜਨਸਮੂਹਾਂ ਨੂੰ ਜਨਤਕ ਜੱਥੇਬੰਦੀਆਂ ਨਾਲ ਜੋੜਿਆ ਅਤੇ ਇਸ ਤਰ੍ਹਾਂ ”ਜਮਹੂਰੀ ਲਹਿਰਾਂ” ਨੂੰ ਮਜ਼ਬੂਤ ਕੀਤਾ।
1930 ਵਿੱਚ ‘ਬੰਗਾਲ ਅਤੇ ਭਾਰਤ’ ਦੇ ਬਾਕੀ ਹਿੱਸਿਆਂ ਅੰਦਰ ਵੱਡੇ-ਵੱਡੇ ਕਿਸਾਨੀ ਅੰਦੋਲਨ ਹੋਏ। ਇਨ੍ਹਾਂ ਸਾਰੇ ਕਿਸਾਨੀ ਅੰਦਲੋਨਾਂ ਵਿੱਚ ਇਸਤਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। 1936 ਨੂੰ ‘ਨਹਿਰੀ ਟੈਕਸ’ ਵਿਰੁੱਧ ਬਰਦਵਾਨ ਤੇ ਕੁਝ ਹੋਰ ਜ਼ਿਲ੍ਹਿਆਂ ਜਿਵੇਂ ਬੰਗਾਲ ਦੇ ਅੰਦਰ ਵੀ ਕਿਸਾਨ ਅੰਦੋਲਨ ਸ਼ੁਰੂ ਹੋਏ। ਇਸੇ ਤਰ੍ਹਾਂ ‘ਦਿਨਾਜਪੁਰ’ ਜ਼ਿਲ੍ਹੇ ਅੰਦਰ ‘ਤੇਭਾਗਾਂ ਲਹਿਰ’ (ਵਟਾਈ ਲਹਿਰ, 1/3 ਹਿੱਸਾ ਜਿਣਸ ਦਾ) ਰੰਗਪੁਰ ਤੇ ਜਲਪਾਈ ਗੁੜੀ, ਉਤੱਰੀ ਬੰਗਾਲ ਦੇ ਜ਼ਿਲ੍ਹਿਆਂ ਅੰਦਰ ਅਤੇ ਟਾਂਕਾ (ਮੇਮਨ ਸਿੰਘ ਜ਼ਿਲ੍ਹੇ ਅੰਦਰ) ਇਹ ਲਹਿਰ ਵੱਡੀ ਪੱਧਰ ‘ਤੇ ਫੈਲ ਗਈ। ਇਨ੍ਹਾਂ ਸਾਰੀਆਂ ਲਹਿਰਾਂ ਅੰਦਰ ਇਸਤਰੀਆਂ ਨੇ ‘ਨਾਇਕਾ’ ਵਜੋਂ ਰੋਲ ਅਦਾ ਕੀਤੇ। ਇਸ ਕਰਕੇ ਇਨ੍ਹਾਂ ਹਲਕਿਆਂ ਅੰਦਰ ”ਮਹਿਲਾ ਸਮਿਤੀ” ਜੱਥੇਬੰਦੀ ਦਾ ਥਾਂ-ਥਾਂ, ਪਿੰਡਾਂ ਸ਼ਹਿਰਾਂ ਵਿਚ ਪਸਾਰਾ ਹੋਣਾ ਸ਼ੁਰੂ ਹੋ ਗਿਆ।
ਇਸੇ ਤਰ੍ਹਾਂ ‘ਪੰਜਾਬ’ ਅੰਦਰ ‘ਕਪੂਰਥਲਾ ਰਜਵਾੜਾਸ਼ਾਹੀ ਵਿਰੁੱਧ’ 1934-35 ਨੂੰ ਚੱਲੇ ਕਿਸਾਨੀ ਅੰਦੋਲਨਾਂ ਦੌਰਾਨ, ਮਰਦਾਂ ਨਾਲ, ਕਿਸਾਨੀ-ਇਸਤਰੀਆਂ ਦੀ ਸ਼ਮੂਲੀਅਤ ਦੇ ਵੀ ਹਵਾਲੇ ਮਿਲਦੇ ਹਨ। ਹੋਰ ਰਾਜਾਂ ਅੰਦਰ ਵੀ ਇਸਤਰੀਆਂ ਵੱਲੋਂ ਵੱਡੀ ਪੱਧਰ ‘ਤੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਿਸਾਨੀ ਲਹਿਰਾਂ ਵਿਚ ਹਿੱਸਾ ਲਿਆ। 1945 ਨੂੰ ”ਤੇਭਾਗਾ ਲਹਿਰ” ਸਾਰੇ ਬੰਗਾਲ ਅੰਦਰ ਫੈਲ ਗਈ। ਜਿਸ ਵਿੱਚ ”ਹਜ਼ਾਰਾਂ ਸਮਿਤੀ ਦੇ ਮੈਂਬਰਾਂ” ਨੇ ਹਿੱਸਾ ਲਿਆ। ”ਚੀਰੀਰ-ਬੰਦਾਰ ਅਤੇ ਖਾਨਪੁਰ” (ਦਿਨਾਜਪੁਰ) ਵਿਖੇ ਹੋਈ ਪੁਲਿਸ ਫਾਇਰਿੰਗ ਵਿਚ ਇਸਤਰੀਆਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਕੁਰਬਾਨੀਆਂ ਦਿੱਤੀਆਂ। ”ਤੇਭਾਗਾ ਲਹਿਰ” ਦੂਸਰੀ ਸੰਸਾਰ ਜੰਗ ਦੇ ਬਾਅਦ ਇਕ ਨਵਾਂ ਮੀਲ ਪੱਥਰ ਸੀ। -1941 ਨੂੰ ”ਕੇਯੂਰ-ਕਿਸਾਨ ਲਹਿਰ” ਦੌਰਾਨ ਚਾਰ ਬਹਾਦਰ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ। ਇਸੇ ਤਰ੍ਹਾਂ ‘ਮਾਲਾਬਾਰ’ ਦੀਆਂ ਕਿਸਾਨ ਇਸਤਰੀਆਂ ਨੇ ਵੱਡੀ ਗਿਣਤੀ ਵਿੱਚ ਇਨ੍ਹਾਂ ਲਹਿਰਾਂ ਵਿੱਚ ਹਿੱਸਾ ਲਿਆ।
ਬੰਗਾਲ ਅੰਦਰ ‘ਮਾਰਸ’ ਅਤੇ ਦੇਸ਼ ਦੇ ਬਾਕੀ ਭਾਗਾਂ ਅੰਦਰ ਦੂਸਰੀਆਂ ਮਹਿਲਾ ਸਮਿਤੀਆਂ ਦਾ ਨਾਤਾ ਕਿਰਤੀ ਵਰਗ ਦੀਆ ਲਹਿਰਾਂ ਨਾਲ ਜੁੜਿਆ ਹੋਇਆ ਸੀ। ਬੰਗਾਲ ਅੰਦਰ ਮਾਰਸ ਨੇ 1943 ਦੌਰਾਨ ”ਪਟਸਨ ਅਤੇ ਹੋਰ ਕਾਮਿਆਂ ਦੀ ਮੁਹਿੰਮ ਵਿੱਚ ਚਾਹ-ਬਾਗਾਨ ਅਤੇ ਖਾਨਾ ਅੰਦਰ” ਇਸਤਰੀ ਕਾਮਿਆਂ ਵਲੋਂ ਚਲਾਈਆਂ ਲਹਿਰਾ ਵਰਨਣ ਯੋਗ ਹਨ। ”ਬੰਬਈ ਵਿਚ ਸੂਤੀ ਮਿੱਲਾਂ ਦਾ ਕੰਮ ਕਰਦੀਆਂ ਇਸਤਰੀ ਕਾਮਿਆਂ ਵਲੋਂ ਮੰਗਾਂ ਲਈ ਲੜੇ ਲੰਬੇ ਘੋਲ, ਦਖਣੀ ਭਾਰਤੀ ਰੇਲਵੇ ਸੰਘਰਸ਼ਾਂ ਵਿੱਚ ਇਸਤਰੀਆਂ ਦਾ ਯੋਗਦਾਨ ਅਤੇ ਕੁਇੰਬੇਟੂਰ (ਮਦਰਾਸ) ਵਿਖੇ ਸੂਤੀ ਮਿੱਲਾਂ ਦੀ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਇਸਤਰੀਆਂ ਸ਼ਾਮਲ ਹੋਈਆਂ।” ਇਸ ਤਰ੍ਹਾਂ ”ਦੂਸਰੀ ਸੰਸਾਰ ਦੀ ਜੰਗ ਦੇ ਸਮੇਂ ਤੋਂ ਲੈ ਕੇ, ਅਜ਼ਾਦੀ ਤੋਂ ਪਹਿਲਾਂ, ਭਾਰਤ ਅੰਦਰ ਜਮਹੂਰੀ ਇਸਤਰੀ ਲਹਿਰਾਂ ਅਤੇ ਉਨ੍ਹਾਂ ਦੀਆਂ ਜਨਤਕ ਜੱਥੇਬੰਦੀਆਂ, ਕਿਰਤੀ ਕਿਸਾਨੀ ਦੀਆਂ ਲਹਿਰਾਂ” ਵਿੱਚ ਪੂਰਾ-ਪੂਰਾ ਸਾਥ ਦੇ ਰਹੀਆਂ ਸਨ।
ਅਜ਼ਾਦੀ ਤੋਂ ਪਹਿਲਾਂ ”ਭਾਰਤ-ਛੱਡੋ ਅੰਦੋਲਨ ਅਤੇ ਦੂਸਰੀ ਸੰਸਾਰ ਜੰਗ ਬਾਅਦ, ਭਾਰਤ ਅੰਦਰ ਬੜੀ ਨਿਡਰਤਾ ਨਾਲ ਭਾਰਤੀ ਫੌਜ ਦੇ ਸੈਨਿਕਾਂ ਦਾ ਹਥਿਆਰਬੰਦ ਘੋਲ ਅਤੇ ਭਾਰਤੀ ਜਲ ਸੈਨਿਕਾਂ ਬੰਬਈ ਤੋਂ ਕਰਾਚੀ ਅਤੇ ਫਿਰ ਸਾਰੇ ਭਾਰਤੀ ਉਪ-ਮਹਾਂਦੀਪ ਅੰਦਰ ਅੰਦੋਲਨ ਹੋਣੇ” ਇਕ ਬਗਾਵਤ ਸੀ। ”ਜੰਗ ਬਾਦ ਅਤੇ ਅਜ਼ਾਦੀ ਤੋਂ ਪਹਿਲਾਂ ਦਾ ਸਮਾਂ” ਭਾਰਤ ਅੰਦਰ ਜਨਤਕ ਲਹਿਰਾਂ ਅਤੇ ਬਗਾਵਤਾਂ ਵਾਲਾ ਸਮਾਂ ਸੀ। ਬੰਗਾਲ ਦੇ ਪਿੰਡਾਂ ਅੰਦਰ ‘ਤੇਭਾਗਾ’ ‘ਪੁਨਪਰਾ ਵਾਇਆ ਲਾਰ’-ਟਰਾਵਨਕੋਰ, ਤੇਲਿੰਗਾਨਾ ਘੋਲ, ਹੈਦਰਾਬਾਦ, ਪੰਜਾਬ ਅੰਦਰ ਕਿਸਾਨੀ ਅੰਦੋਲਨ, ਰਜਵਾੜਾ ਸ਼ਾਹੀ ਰਾਜਾਂ ਅੰਦਰ, ਲੋਕ-ਲਹਿਰਾਂ, ਕਸ਼ਮੀਰ ਦੇ ਨਕਾਨਲ ਅਤੇ ਹੈਦਰਾਬਾਦ ਅੰਦਰ ਚਲੀਆਂ ਲੋਕ ਲਹਿਰਾਂ ਨੇ ਬਸਤੀਵਾਦੀ ਬਰਤਾਨਵੀ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਸਾਰੇ ਅੰਦੋਲਨਾਂ ਅੰਦਰ ਇਸਤਰੀਆਂ ਵਲੋਂ ਪਾਏ ਬਹਾਦਰਾਨਾ ਅਤੇ ਦਲੇਰੀ ਨਾਲ ਕੀਤੇ ਗਏ ਕੰਮਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਇਨ੍ਹਾਂ ਲਹਿਰਾਂ ਦੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੀਆਂ ਵੀਰਾਂਗਣਾ ਵਿਚ, ਭਾਰਤ ਛੱਡੋ ਅੰਦੋਲਨ ਦੌਰਾਨ-ਮਾਤੰਗਿਨੀ ਹਾਜ਼ਰਾ (ਮਿਦਨਾਪੁਰ) ਬੰਗਾਲ, ਕਲੱਕਤਾ-ਬਰੂਆ, ਭੋਗੇਸ਼ਵਰੀ ਫੂਖਾਨੀ ਅਤੇ ਕੁਮਾਲੀ ਨਿਊਰਾ-ਅਸਾਮ, ਪਿੰਡ ਕੁਠਾਲਾ ਮਲੇਰਕੋਟਲਾ (ਪੰਜਾਬ ਇਸਤਰੀ ਅਤੇ ਬੱਚੇ) ”ਕਮਲ ਢੋਂਦੇ”, ਕਮਿਊਨਿਸਟ ਇਸਤਰੀ ਆਗੂਆਂ ਬੰਬਈ, ਜੋ ਰਾਇਲ ਭਾਰਤੀ ਜਲ ਸੈਨਿਕਾਂ ਦੇ ਅੰਦੋਲਨ ਦੌਰਾਨ ਸ਼ਹੀਦ ਹੋਈ, ‘ਤੇਭਾਗਾ ਅੰਦੋਲਨ’ ਦੌਰਾਨ ਦੀ ਨਾਜਪੁਰ ਦੀਆਂ ਇਸਤਰੀਆਂ ਆਗੂ ਜਾਸ਼ੋਦਾ ਰਾਣੀ ਸਰਕਾਰ ਅਤੇ ਕੁਸ਼ਲਿਆ ਕੁਮਰਾਣੀ (ਬੰਗਾਲ) ਆਦਿ ਦੇ ਨਾਂ ਵਰਣਨਯੋਗ ਹਨ। ਜਿਨ੍ਹਾਂ ਨੇ ਇਨ੍ਹਾਂ ਅੰਦੋਲਨਾਂ ਵਿੱਚ ਕੁਰਬਾਨੀ ਦਿੱਤੀ ਤੇ ਹੋਰ ਬਹੁਤ ਸਾਰੀਆਂ ਸੈਂਕੜੇ ਗੁਮਨਾਮ ਇਸਤਰੀਆਂ ਸਨ, ਜਿਨ੍ਹਾਂ ਨੇ ਗੁਮਨਾਮੀ ਵਿਚ ਰਹਿ ਕੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਦੀਆਂ ਸ਼ਹੀਦੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਭਾਰਤ ਦੀ ”ਆਜ਼ਾਦੀ ਲਈ, ਮੁਕਤੀ ਅੰਦੋਲਨਾਂ” ਅੰਦਰ ਇਸਤਰੀ ਵਰਗ ਦੀ ‘ਸ਼ਮੂਲੀਅਤ ਅਤੇ ਕੁਰਬਾਨੀ’ ਕੋਈ ਘੱਟ ਨਹੀ ਹੈ।
ਇਸ ਤਰ੍ਹਾਂ ਆਜ਼ਾਦੀ ਲੈਣ ਲਈ ਸਾਨੂੰ ਬੜਾ ਲੰਬਾ, ਕਠਿਨ, ਸੰਘਰਸ਼ ਭਰਭੂਰ, ਟੇਢਾ ਮੇਡਾ ਰਾਹ ਜੋ ਕੰਡਿਆ ਭਰਿਆ ਸੀ, ਤਹਿ ਕਰਨਾ ਪਿਆ। ਹਜ਼ਾਰਾਂ ਲੋਕਾਂ ਜਿਨ੍ਹਾਂ ਵਿੱਚ ਦੇਸ਼ ਦੇ ਹਰ ਵਰਗ ਦੇ ਲੋਕ, ਬੱਚੇ, ਕਿਸਾਨ, ਮਜ਼ਦੂਰ, ਨੌਜਵਾਨ, ਇਸਤਰੀਆਂ, ਫੌਜੀ ਅਤੇ ਆਮ ਜਨਤਾ ਸੀ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਅਖੀਰ ਗੋਰੇ ਸਾਮਰਾਜੀਆਂ ਨੇ 15 ਅਗਸਤ 1947 ਨੂੰ ਦੇਸ਼ ਦੀ ਰਾਜ ਸਤਾ ‘ਪੂੰਜੀਪਤੀਆਂ’ ਦੇ ਹਵਾਲੇ ਕਰਕੇ ਸਾਨੂੰ ਆਜ਼ਾਦੀ ਤਾਂ ਭੇਂਟ ਕਰ ਦਿੱਤੀ। ਪ੍ਰੰਤੂ! ਫਿਰਕੂ ਲੀਹਾਂ ਤੇ ਵੰਡ ਪਾ ਕੇ ਇਕ ਵੱਡਾ ਸਰਾਪ ਵੀ ਦੋਨੋ ਦੇਸ਼ਾਂ ਦੇ ਲੋਕਾਂ ਦੇ ਪੱਲੇ ਪਾ ਦਿੱਤਾ ਗਿਆ। ਅੱਜ! ਅਸੀਂ ਇਸ ਸਥਿਤੀ ‘ਚ ਪਹੁੰਚ ਗਏ ਹਾਂ, ”ਕਿ ਜਿਸ ਵਿੱਚੋਂ ਨਿਕਲਣ ਲਈ ਸਾਨੂੰ ‘ਮੁੜ ਆਜ਼ਾਦੀ ਤੋਂ ਪਹਿਲਾਂ ਵਾਲੇ ਸੰਘਰਸ਼ ਕਰਨੇ ਪੈ ਰਹੇ ਹਨ ?”
ਆਜ਼ਾਦੀ ਦੇ 73ਵੇਂ ਸਾਲ ਅੰਦਰ ਦਾਖ਼ਲ ਹੋਣ ਦੇ ਬਾਅਦ ਵੀ ਦੇਸ਼ ਅੰਦਰ ਇਸਤਰੀਆਂ ਦੇ ਅਧਿਕਾਰਾਂ, ਆਰਥਿਕ ਆਜ਼ਾਦੀ, ਸੁਰਖਿਆ ਅਤੇ ਖੁੱਦ ਮੁਖਤਿਆਰੀ ਵਿੱਚ ਗਿਰਾਵਟ ਆਈ ਹੈ। ਇਸਤਰੀਆਂ ਵਿਰੁੱਧ ਹਿੰਸਾ, ਯੌਨ ਸ਼ੋਸ਼ਣ ਸਬੰਧੀ ਫਿਰਕੂ ਤੇ ਘਰੇਲੂ ਹਿੰਸਾ, ਕਤਲ, ਸਾਈਬਰ ਜੁਰਮਾਂ ਅਤੇ ਦਲਿਤ ਇਸਤਰੀਆਂ ਵਿਰੁੱਧ, ਜਾਤ-ਪਾਤ ਅਧਾਰਿਤ ਹਿੰਸਾ, ਵਿੱਚ ਵਾਧਾ ਹੋਇਆ ਹੈ। ਬਾਲ ਬਲਾਤਕਾਰ, ਕੰਮ ਦੇ ਸਥਾਨ ਤੇ ਇਸਤਰੀਆਂ ਨਾਲ ਜਿਨਸੀ ਛੇੜ-ਛਾੜ ਵਿੱਚ ਵਾਧਾ ਇਕ ਚਿੰਤਾ ਜਨਕ ਵਿਸ਼ਾ ਹੈ। ਦੇਸ਼ ਦੀ ਫਿਰਕੂ ‘ਹਿੰਦੂਤਵ ਸੋਚ’ ਵਾਲੀ ਮੋਦੀ ਸਰਕਾਰ ਇਸਤਰੀਆਂ ਦੀ ਸੁਰਖਿਆ ਨੂੰ ਪ੍ਰਾਥਮਿਕਤਾ ਦੇਣ ਅਤੇ ਵਰਮਾ ਕਮਿਸ਼ਨ ਸਿਫ਼ਾਰਸ਼ਾਂ ਨੂੰ ਲਾਗੂ ਕਾਰਨ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ।
ਇਸਤਰੀਆਂ ਲਈ ਰੁਜਗਾਰ, ਨੌਕਰੀਆਂ, ਐਸੰਬਲੀਆਂ ਅਤੇ ਸੰਸਦ ‘ਚ ਰਾਖਵਾਂ ਕਰਨ, ਵਿਧਵਾ ਬੁਢਾਪਾ ਪੈਨਸ਼ਨ ਆਦਿ ਸਮਾਜਿਕ ਸੁਰਖਿਆ ਦੀ ਛਤਰੀ, ਜਿਨ੍ਹਾਂ ਲਈ ਇਸਤਰੀ ਵਰਗ ਮੰਗ ਕਰਦੀ ਆ ਰਹੀ ਹੈ, ਤੋਂ ਮੋਦੀ ਸਰਕਾਰ ਨੇ ਪਾਸਾ ਹੀ ਵੱਟ ਲਿਆ ਹੋਇਆ ਹੈ। ਇਸਤਰੀਆਂ ਦੇ ਅਧਿਕਾਰਾਂ ਦੀ ਦ੍ਰਿੜਤਾ ਨਾਲ ਝੰਡਾ ਬਰਦਾਰੀ ਕਰਨ ਲਈ, ਇਸਤਰੀਆਂ ਵਿਰੁੱਧ ਵੱਧ ਰਹੀ ਹਿੰਸਾ ਨੂੰ ਪਿਛਾੜਨ ਲਈ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ, ਹਾਕਮਾਂ ਦੀ ਏਕਾ ਅਧਿਕਾਰ ਪਹੁੰਚ ਵਿਰੁੱਧ ਸਮੁੱਚੇ ਇਸਤਰੀ ਵਰਗ ਨੂੰ ‘ਇਕ ਮੁੱਠ – ਇਕ ਜੁੱਟ’ ਹੋ ਕੇ ਸੰਘਰਸ਼ਸ਼ੀਲ ਹੋਣਾ ਪਏਗਾ? ਤਾਂ ਹੀ ਅਸੀਂ ਅਗੇ ਵੱਧ ਸਕਾਂਗੀਆਂ।
ਇਸਤਰੀਆਂ ਵਲੋਂ ਇਸਤਰੀਆਂ ਦੀਆਂ ਜਥੇਬੰਦੀਆਂ ਬਣਾ ਕੇ, ਤਿਖੇ ਸੰਘਰਸ਼ਾਂ ਰਾਹੀਂ ਪ੍ਰਾਪਤੀਆਂ ਕਰਕੇ ਤੇ ਜੰਗੇ ਮੈਦਾਨ ਵਿੱਚ ਸ਼ਹੀਦੀਆਂ ਦੇਣ ਵਾਲੀਆਂ ਵੀਰਾਂਗਣਾ ਅਤੇ ਦੇਸ਼ ਦੇ ਹਰ ਵਰਗ ਦੇ ਲੋਕਾਂ, ਨੌਜਵਾਨਾਂ, ਕਿਸਾਨਾਂ, ਕਿਰਤੀਆਂ ਦਾ ਜਿਨ੍ਹਾਂ ਨੇ ਆਜ਼ਾਦੀ ਲਈ ਤੇ ਜੰਗਾਂ ਵਿੱਚ ਕੁਰਬਾਨੀ ਦਿੱਤੀ ਦਾ ਆਉਣ ਵਾਲੀ ਪੀੜੀ ਨੂੰ ਖਾਸ ਕਰਕੇ ਇਸਤਰੀਆਂ ਨੂੰ ਸੁਨੇਹਾ ਹੈ –
”ਨਾ, ਤਖਤਾਂ ਦੀ ਨਾ ਤਾਜਾਂ ਦੀ,
ਤੇ ਨਾ ਸਾਹਾਂ ਦੀ ਗੱਲ ਕਰੀਏ!
ਜਿਨ੍ਹਾਂ ‘ਤੇ ਚਲਣਾ ਔਖਾ ਹੈ,
ਆਓ ! ਉਹਨਾਂ ਰਾਹਾਂ ਦੀ ਗੱਲ ਕਰੀਏ?”