ਕੈਪਟਨ ਇਕਬਾਲ ਸਿੰਘ ਵਿਰਕ
ਫ਼ੋਨ: 747-631-9445
ਕਦੇ ਸੋਚਿਆ ਵੀ ਨਹੀਂ ਸੀ ਕਿ ਜਦੋਂ ਮੈਂ ਆਪਣੀ ਉਮਰ ਦੇ ਅੱਠ ਦਹਾਕੇ ਪਾਰ ਕਰ ਰਿਹਾ ਹੋਵਾਂਗਾ ਤਾਂ ਮੈਨੂੰ ਮਹਾਨ ਭਾਰਤਵਰਸ਼ ਵਿਚ ਇਸ ਤਰ੍ਹਾਂ ਦੇ ਦ੍ਰਿਸ਼ ਵੀ ਵੇਖਣ ਨੂੰ ਮਿਲਣਗੇ। ਕਹਾਣੀ ਕੀ ਹੈ, ਆਓ ਵੇਖਦੇ ਹਾਂ।
10 ਫ਼ਰਵਰੀ ਦੀ ਰਾਤ ਨੂੰ ਸਾਢੇ ਨੌਂ ਵਜੇ ਇਕ ਟੀ.ਵੀ. ‘ਤੇ ਅਨਾਊਂਸਮੈਂਟ ਹੁੰਦੀ ਹੈ ਕਿ ਆਉਂਦੇ ਕੁਝ ਮਿੰਟਾਂ ਵਿਚ ਤੁਹਾਨੂੰ ਖ਼ਬਰਾਂ ਵਿਚ ਇਕ ਵੱਖਰੀ ਤਰ੍ਹਾਂ ਦੀ ਵੀਡੀਓ-ਕਲਿੱਪ ਵਿਖਾਉਂਣ ਜਾ ਰਹੇ ਹਾਂ। ਦੋ ਗੁਰਮੁਖ-ਪਿਆਰੇ ਖ਼ਬਰਾਂ ਦਾ ਬੁਲਿਟਨ ਆਰੰਭ ਕਰਦੇ ਹਨ। ਇਨ੍ਹਾਂ ਖ਼ਬਰਾਂ ਵਿਚ ਹੀ ਵੀਡੀਓ-ਕਲਿੱਪ ਸ਼ੁਰੂ ਹੁੰਦੀ ਹੈ, … ਕੂੜਾ ਢੋਣ ਵਾਲੀ ਇਕ ਗੱਡੀ ਰੁਕਦੀ ਹੈ। ਇਸ ਦੇ ਪਿਛਲੇ ਪਾਸੇ ਵਿੱਚੋਂ ਇਕ ਮ੍ਰਿਤਕ ਸਰੀਰ ਦਾ ਦੋ-ਤਿੰਨ ਫੁੱਟ ਢੱਕਿਆ ਤੇ ਬਾਕੀ ਨੰਗਾ ਭਾਗ ਵਿਖਾਈ ਦਿੰਦਾ ਹੈ। ਪੀਲੇ ਰੰਗ ਦੀ ਇਸ ਕੂੜਾ-ਗੱਡੀ ਉੱਪਰ ਰਾਸ਼ਟਰੀ-ਭਾਸ਼ਾ ਹਿੰਦੀ ਵਿਚ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸਾਫ਼ ਦਿਖਾਈ ਦਿੰਦਾ ਹੈ, ‘ਮਿਊਂਸੀਪਲ ਕਮੇਟੀ ਇੰਦੌਰ’। ਤੁਸੀਂ ਅਖ਼ਬਾਰਾਂ ਵਿਚ ਇਹ ਪੜ੍ਹਿਆ-ਸੁਣਿਆ ਹੋਵੇਗਾ ਕਿ ਇੰਦੌਰ ਵਿਚ ਤਿੰਨ ਕੁ ਮਹੀਨੇ ਪਹਿਲਾਂ ਸਿੱਖਾਂ ਦੇ ਕਈ ਘਰ ਬੁਲਡੋਜ਼ਰ ਚਲਾ ਕੇ ਢਾਹ ਦਿੱਤੇ ਗਏ ਸਨ। ਇਹ ਮ੍ਰਿਤਕ ਸਰੀਰ ਕਿਸ ਸ਼ਖ਼ਸ ਦਾ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਤੁਸੀਂ ਖ਼ੁਦ ਲਗਾ ਸਕਦੇ ਹੋ। ਉੱਥੇ ਰਹਿਮ ਨਾਂ ਦੀ ਕੋਈ ਵੀ ਚੀਜ਼ ਬਚੀ ਨਹੀਂ ਜਾਪਦੀ।
ਆਓ! ਹੁਣ ਇਕ ਹੋਰ ਅਸਲ ਕਹਾਣੀ ਵੱਲ ਆਉਂਦੇ ਹਾਂ। ਪੀਲੇ ਰੰਗ ਦੀ ਹੀ ਇੰਦੌਰ ਦੀ ਮਿਊਂਸੀਪਲ ਕਮੇਟੀ ਦੀ ਕੂੜਾ ਢੋਣ ਵਾਲੀ ਇਕ ਹੋਰ ਗੱਡੀ ਖੁੱਲ੍ਹੇ ਮੈਦਾਨ ਵਿਚ ਰੁਕਦੀ ਹੈ। ਦੂਰ-ਦੂਰ ਤੱਕ ਨਾ ਕੋਈ ਦਰੱਖ਼ਤ ਹੈ, ਨਾ ਕੋਈ ਸੜਕ ਹੈ ਅਤੇ ਨਾ ਹੀ ਕੋਈ ਮਕਾਨ ਜਾਂ ਝੌਂਪੜੀ ਵਿਖਾਈ ਦਿੰਦੀ ਹੈ। ਇਸ ਗੱਡੀ ਵਿੱਚੋਂ ਦੋ ਬੰਦਿਆਂ ਨੂੰ ਇਸ ਤਰ੍ਹਾਂ ਧੱਕਾ ਦੇ ਕੇ ਹੇਠਾਂ ਸੁੱਟਿਆ ਜਾ ਰਿਹਾ ਹੈ, ਜਿਵੇਂ ਕਿ ਕੂੜਾ-ਕਰਕਟ ਸੁੱਟਿਆ ਜਾਂਦਾ ਹੈ। ਆਲੇ-ਦੁਆਲੇ 10-15 ਆਦਮੀ ਖੜ੍ਹੇ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਭਿਖਾਰੀ ਹਨ। ਇਕ ਬੰਦੇ ਨੂੰ ਜਦੋਂ ਫੱਟਾ ਲਾ ਕੇ ਹੇਠਾਂ ਸੁੱਟਿਆ ਜਾਂਦਾ ਹੈ ਤਾਂ ਉਹ ਜ਼ਮੀਨ ‘ਤੇ ਲੰਮਾ ਪੈ ਜਾਂਦਾ ਹੈ, ਕਿਉਂਕਿ ਉਸ ਦੀਆਂ ਲੱਤਾਂ ਕੰਮ ਨਹੀਂ ਕਰ ਰਹੀਆਂ। ਇੰਜ ਲੱਗਦਾ ਸੀ, ਜਿਵੇਂ ਇਹ ਖ਼ਬਰ ਸੁਨਾਉਣ ਵਾਲੇ ਦਸਤਾਰਧਾਰੀ ਅਨਾਊਂਸਰ ਨੂੰ ਵੀ ਬੜਾ ਦੁੱਖ ਹੋ ਰਿਹਾ ਹੋਵੇ। ਇਹ ਖ਼ਬਰ ਵੇਖਦਿਆਂ ਮੇਰੀਆਂ ਬੁੱਢੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਟੀ.ਵੀ. ‘ਤੇ ਖ਼ਬਰ ਸਮਾਪਤ ਹੁੰਦਿਆਂ ਹੀ ਮੈਂ ਅੰਮ੍ਰਿਤਸਰ ਦੇ ਭਗਤ ਪੂਰਨ ਸਿੰਘ ਪਿੰਗਲਵਾੜੇ ਜਿਸ ਦੀ ਸੇਵਾ ਅੱਜਕੱਲ੍ਹ ਬੀਬੀ ਡਾ. ਇੰਦਰਜੀਤ ਕੌਰ ਨਿਭਾਅ ਰਹੇ ਹਨ, ਵਿਚ ਕੰਮ ਕਰਦੇ ਆਪਣੇ ਜਾਣੂੰ ਕਰਨਲ ਦਰਸ਼ਨ ਸਿੰਘ ਨੂੰ ਫ਼ੋਨ ਮਿਲਾਇਆ ਅਤੇ ਉਸ ਨੂੰ ਸਾਰੀ ਗੱਲ ਦੱਸੀ। ਉਹ ਅੱਗੋਂ ਕਹਿਣ ਲੱਗੇ ਕਿ ਜੇਕਰ ਨੇੜੇ-ਤੇੜੇ ਹੁੰਦੇ ਤਾਂ ਅਸੀਂ ਲਾਵਾਰਸ ਲਾਸ਼ਾਂ ਨੂੰ ਚੁੱਕ ਲਿਆਉਂਦੇ ਅਤੇ ਉਨ੍ਹਾਂ ਦਾ ਸਨਮਾਨ-ਪੂਰਵਕ ਸਸਕਾਰ ਕਰਦੇ। ਜ਼ਖ਼ਮੀਆਂ ਦਾ ਯੋਗ ਇਲਾਜ ਕਰਦੇ। ਪਰ ਹੁਣ ਇੰਦੌਰ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹਾਂ, ਕੀ ਕਰ ਸਕਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਇੱਥੇ ਪੰਜਾਬ ਵਿਚ ਤਾਂ ਇਹ ਪਿੰਗਲਵਾੜਾ ਇਹ ਸੇਵਾਵਾਂ ਨਿਭਾਅ ਹੀ ਰਿਹਾ ਹੈ। ਮੇਰੇ ਇਹ ਪੁੱਛਣ ‘ਤੇ ਉਸ ਨੇ ਦੱਸਿਆ ਕਿ ਇਸ ਸਮੇਂ 1800 ਦੇ ਲਗਭਗ ਬੱਚੇ, ਬਜ਼ੁਰਗ ਤੇ ਔਰਤਾਂ ਇਸ ਪਿੰਗਲਵਾੜੇ ਵਿਚ ਦਾਖ਼ਲ ਹਨ।
ਮੇਰੇ ਇਸ ਛੋਟੇ ਜਿਹੇ ਲੇਖ ਦੇ ਲਿਖਣ ਦਾ ਮਕਸਦ ਹੈ ਕਿ ਜੇਕਰ ਅੰਮ੍ਰਿਤਸਰ ਦੇ ਇਹ ਪਿੰਗਲਵਾੜਾ ਏਨੇ ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ ਤਾਂ ਮਹਾਨ ਭਾਰਤ ਦੇ ਹੋਰ ਰਾਜਾਂ ਵਿਚ ਅਜਿਹੀਆਂ ਸੰਸਥਾਵਾਂ ਕਿਉਂ ਨਹੀਂ ਹਨ।
ਪੰਜਾਬ ਵਿਚ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਹਨ ਜੋ ਬੇ-ਸਹਾਰਾ ਲੋਕਾਂ ਦੀ ਸੇਵਾ ਵਿਚ ਜੁੱਟੀਆਂ ਹੋਈਆਂ ਹਨ। ਮੋਗੇ ਬਾਈਪਾਸ ਦੇ ਨੇੜੇ ਅਜਿਹੀ ਇਕ ਸੰਸਥਾ ਨੇ ਲੜਕੀਆਂ ਲਈ ਕਈ ਵੱਖਰੇ ਕਮਰੇ ਪਾ ਕੇ ਦਿੱਤੇ ਹੋਏ ਹਨ ਅਤੇ ਇਸ ਇਮਾਰਤ ਦੇ ਅੰਦਰ ਇਕ ਖ਼ੂਬਸੂਰਤ ਮੰਦਰ ਵੀ ਬਣਾਇਆ ਹੋਇਆ ਹੈ। ਇਨ੍ਹਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਖ਼ਰਚਾ 8,000 ਰੁਪਏ ਰੋਜ਼ਾਨਾ ਹੈ ਜੋ ਲੋਕ ਰਲ਼-ਮਿਲ਼ ਕੇ ਸੇਵਾ ਦੇ ਰੂਪ ਵਿਚ ਹੀ ਕਰ ਰਹੇ ਹਨ। ਦੂਸਰੇ ਪਾਸੇ ਇੰਦੌਰ ਵਰਗੇ ਸ਼ਹਿਰਾਂ ਵਿਚ ਮੰਗਤਿਆਂ ਅਤੇ ਬੇ-ਸਹਾਰਾ ਲੋਕਾਂ ਨੂੰ ਖੁੱਲ੍ਹੇ ਥਾਵਾਂ ‘ਤੇ ਲਿਜਾ ਕੇ ਧੱਕੇ ਦਿੱਤੇ ਜਾਂਦੇ ਹਨ ਅਤੇ ਮਰਨ ਵਾਲਿਆਂ ਨੂੰ ਕੂੜੇ-ਕਰਕਟ ਦੇ ਢੇਰਾਂ ‘ਤੇ ਸੁੱਟ ਦਿੱਤਾ ਜਾਂਦਾ ਹੈ।
ੲੲੲ