3.3 C
Toronto
Sunday, November 2, 2025
spot_img

ਗ਼ਜ਼ਲ

ਇਸ਼ਕ ਕਮਾਉਣਾ ਸੌਖਾ ਕਿੱਥੇ,
ਕੱਚਿਆਂ ਉੱਤੇ ਤਰ ਕੇ ਦੇਖ।
ਜਾਂ ਪੁੰਨਣ ਦੀ ਸੱਸੀ ਵਾਂਙੂੰ,
ਵਿੱਚ ਥਲਾਂ ਦੇ ਸੜ ਕੇ ਦੇਖ।
ਇੰਦਰ ਅੱਗ ਲਗਾਵੇ ਹੱਟ ਨੂੰ,
ਕਰਕੇ ਕੌਲ ਕਰਾਰਾਂ ਨੂੰ।
ਬੇਗੋ ਬਣਕੇ ਆਖੇ ਕੋਈ,
ਪਿਆਰ ਦੀ ਪੌੜੀ ਚੜ੍ਹ ਕੇ ਦੇਖ।
ਐਵੇਂ ਨਾ ਕੋਈ ਕਰੇ ਉਡੀਕਾਂ,
ਪੱਟ ਚੀਰਨੇ ਪੈਂਦੇ ਨੇ।
ਜਾਣ ਬੁੱਝ ਕੇ ਸੋਹਣੀ ਵਾਂਗਰ,
ਜਾਨ ਤਲੀ ‘ਤੇ ਧਰ ਕੇ ਦੇਖ।
ਮਾਣ ਕਰੇ ਜੇ ਯੂਸਫ਼ ਵਰਗਾ,
ਇੱਕ ਅੱਟੀ ਮੁੱਲ ਪੈ ਜਾਂਦਾ।
ਹਿਜ਼ਰਾਂ ਮਾਰੀ ਜਿਵੇਂ ਜੁਲੈਖਾਂ,
ਘੁੱਟ ਸਬਰ ਦੇ ਭਰ ਕੇ ਦੇਖ।
ਪਹਾੜਾਂ ਵਿੱਚੀਂ ਨਹਿਰ ਖੋਦ ਕੇ,
ਲੈ ਆਇਆ ਸੀ ਆਖਰ ਨੂੰ।
ਮੋਹ ਜੀਵਨ ਦਾ ਛੱਡਣਾ ਪੈਂਦਾ,
ਹੱਥ ਵਿੱਚ ਤੇਸਾ ਫੜ੍ਹ ਕੇ ਦੇਖ।
ਬੇਲਿਆਂ ਦੇ ਵਿੱਚ ਚੂਰੀ ਖਾਵੇ,
ਧੀਦੋ ਮੰਗੂ ਬਣਿਆ ਜਦ।
ਬਾਰਾਂ ਸਾਲ ਬਿਨਾਂ ਮਜ਼ਦੂਰੀ,
ਕੰਮ ਕਦੇ ਤੂੰ ਕਰਕੇ ਦੇਖ।
ਲੈਲਾ, ਲੈਲਾ ਕਰਦੇ ਫਿਰਦੇ,
ਰੱਬ ਕਿਸੇ ਨੂੰ ਦਿਸਿਆ ਨਾ।
ਜੀਣ ਤੋਂ ਪਹਿਲਾਂ ਮਰਨਾ ਪੈਂਦਾ,
ਤੂੰ ਵੀ ਪਹਿਲਾਂ ਮਰ ਕੇ ਦੇਖ।
ਪਿਆਰ, ਸੂਖ਼ਮ ਜਜ਼ਬਾ ਹੁੰਦੈ,
ਸਮਝਦਾਰ ਵੀ ਸਮਝੇ ਨਾ।
ਅੱਖਰ ਤਾਂ ਇਹ ਢਾਈ ਤਿੰਨ ਭਾਵੇਂ,
ਸਾਰੀ ਜ਼ਿੰਦਗੀ ਪੜ੍ਹ ਕੇ ਦੇਖ।
ਇਸ਼ਕ ਮਜ਼ਾਜੀ ਸੌਖਾ ਹੁੰਦੈ,
ਮੰਜ਼ਿਲ ਦੂਰ ਹਕੀਕੀ ਦੀ।
ਸੱਚੇ ਦਿਲ ‘ਨਾ ਕਰ ਮੁਹੱਬਤ,
ਆਪਣੇ ਅੰਦਰ ਵੜ ਕੇ ਦੇਖ।
-ਸੁਲੱਖਣ ਸਿੰਘ ਮਹਿਮੀ

RELATED ARTICLES
POPULAR POSTS