Breaking News
Home / ਖੇਡਾਂ / ਕੈਨੇਡਾ ਦੀ ਜੂਨੀਅਰ ਹਾਕੀ ਟੀਮ ‘ਚ ਦਸ ਪੰਜਾਬੀ ਖਿਡਾਰੀ

ਕੈਨੇਡਾ ਦੀ ਜੂਨੀਅਰ ਹਾਕੀ ਟੀਮ ‘ਚ ਦਸ ਪੰਜਾਬੀ ਖਿਡਾਰੀ

logo-2-1-300x105-3-300x105ਪ੍ਰਿੰ. ਸਰਵਣ ਸਿੰਘ
8 ਤੋਂ 18 ਦਸੰਬਰ ਤਕ ਲਖਨਊ ਵਿਚ ਹੋ ਰਹੇ ਹਾਕੀ ਦੇ ਜੂਨੀਅਰ ਵਰਲਡ ਕੱਪ ਲਈ ਕੈਨੇਡਾ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 18 ਖਿਡਾਰੀਆਂ ਵਿਚੋਂ 10 ਖਿਡਾਰੀ, ਅੰਮ੍ਰਿਤ ਸਿੱਧੂ ਬੀ.ਸੀ., ਬਲਰਾਜ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਬੈਂਸ ਬੀ. ਸੀ., ਹਰਵੀਰ ਸਿੱਧੂ ਵਿਕਟੋਰੀਆ, ਇਕਵਿੰਦਰ ਗਿੱਲ ਸਰੀ, ਕਬੀਰ ਔਜਲਾ ਸਰੀ, ਪਰਮੀਤ ਗਿੱਲ ਬਰੈਂਪਟਨ, ਰਾਜਨ ਕਾਹਲੋਂ ਵੈਨਕੂਵਰ ਤੇ ਰੋਹਨ ਚੋਪੜਾ ਓਟਵਾ ਪੰਜਾਬੀ ਪਿਛੋਕੜ ਦੇ ਹਨ। 4 ਸਟੈਂਡ ਬਾਈ ਖਿਡਾਰੀਆਂ ਵਿਚ ਵੀ 3 ਖਿਡਾਰੀ ਸਤਬੀਰ ਬਰਾੜ, ਸਾਹਿਬ ਸੂਰੀ ਤੇ ਟਾਰਜਨ ਸੰਧੂ ਪੰਜਾਬੀ ਮੂਲ ਦੇ ਰੱਖੇ ਗਏ ਹਨ। ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿਚ ਪੰਜਾਬੀ ਪਿਛੋਕੜ ਦੇ ਮੈਂਬਰਾਂ ਦਾ ਵਾਧਾ ਹੋਇਆ ਉਵੇਂ ਕੈਨੇਡਾ ਦੀ ਫੀਲਡ ਹਾਕੀ ਟੀਮ ‘ਚ ਵੀ ਪੰਜਾਬੀ ਪਿਛੋਕੜ ਦੇ ਖਿਡਾਰੀਆਂ ਦੀ ਚੜ੍ਹਤ ਹੋ ਰਹੀ ਹੈ। 21 ਸਾਲ ਤੋਂ ਘੱਟ ਉਮਰੇ ਹਾਕੀ ਦੇ 22 ਜੂਨੀਅਰ ਖਿਡਾਰੀਆਂ ਵਿਚ 13 ਪੰਜਾਬੀ ਖਿਡਾਰੀਆਂ ਦਾ ਚੁਣੇ ਜਾਣਾ ਕਿਸੇ ਮਾਅਰਕੇ ਤੋਂ ਘੱਟ ਨਹੀਂ। ਉਂਜ ਕੈਨੇਡਾ ਵਿਚ ਪੰਜਾਬੀਆਂ ਦੀ ਵਸੋਂ ਅਜੇ ਡੇਢ ਫੀਸਦੀ ਦੇ ਆਸ ਪਾਸ ਹੀ ਹੈ।
ਆਈਸ ਹਾਕੀ ਵਿਚ ਕੈਨੇਡਾ ਵਿਸ਼ਵ ਜੇਤੂ ਹੈ ਜਦ ਕਿ ਫੀਲਡ ਹਾਕੀ ਵਿਚ ਵੀ ਵਿਸ਼ਵ ਵਿਜੇਤਾ ਬਣਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਦੁਨੀਆ ਵਿਚ ਸਵਾ ਸੌ ਤੋਂ ਵੱਧ ਮੁਲਕ ਮੈਦਾਨੀ ਹਾਕੀ ਖੇਡਦੇ ਹਨ। ਉਨ੍ਹਾਂ ਵਿਚੋਂ 12 ਮੁਲਕਾਂ ਦੀਆਂ ਟੀਮਾਂ ਹੀ ਉਲੰਪਿਕ ਖੇਡਾਂ ‘ਚ ਸ਼ਾਮਲ ਕੀਤੀਆਂ ਜਾਂਦੀਆਂ ਹਨ। ਕੈਨੇਡਾ ਦੀਆਂ ਹਾਕੀ ਟੀਮਾਂ ਉਲੰਪਿਕ ਖੇਡਾਂ ‘ਚ ਵੀ ਸ਼ਾਮਲ ਹੋ ਚੁੱਕੀਆਂ ਹਨ ਤੇ ਵਿਸ਼ਵ ਹਾਕੀ ਕੱਪ ਵੀ ਖੇਡ ਚੁੱਕੀਆਂ ਹਨ। ਕੈਨੇਡਾ ਦੀ ਲਗਭਗ ਹਰੇਕ ਹਾਕੀ ਟੀਮ ‘ਚ ਪੰਜਾਬੀ ਖਿਡਾਰੀ ਖੇਡੇ ਨੇ। ਬੀਜਿੰਗ-2008 ਦੀਆਂ ਉਲੰਪਿੰਕ ਖੇਡਾਂ ਲਈ ਭਾਰਤੀ ਹਾਕੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ। ਕੈਨੇਡਾ ਦੀ ਟੀਮ ਨਾ ਸਿਰਫ਼ ਕੁਆਲੀਫਾਈ ਕੀਤੀ ਬਲਕਿ ਉਸ ਟੀਮ ਵਿਚ 4 ਖਿਡਾਰੀ ਪੰਜਾਬੀ ਮੂਲ ਦੇ ਵੀ ਸਨ।
ਪੰਜਾਬੀ, ਕੈਨੇਡਾ ਦੀ ਹਾਕੀ ਵਿਚ ਪਾਏ ਆਪਣੇ ਯੋਗਦਾਨ ਦਾ ਉਚਿਤ ਮਾਣ ਕਰ ਸਕਦਾ ਹਨ। ਹਾਲਾਂਕਿ ਪੰਜਾਬੀ ਭਾਈਚਾਰੇ ਨੇ ਕਬੱਡੀ ਦੀ ਖੇਡ ਵਾਂਗ ਹਾਕੀ ਦੀ ਖੇਡ ਲਈ ਉਚੇਚੇ ਯਤਨ ਨਹੀਂ ਕੀਤੇ। ਜੇਕਰ ਪੰਜਾਬੀ ਵਪਾਰਕ ਅਦਾਰੇ ਤੇ ਖੇਡ ਪ੍ਰਮੋਟਰ ਕਬੱਡੀ ਵਾਂਗ ਹਾਕੀ ਦੀ ਸਪੋਰਟ ਵੀ ਕਰਨ ਲੱਗ ਪੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਦੀ ਸੀਨੀਅਰ ਹਾਕੀ ਟੀਮ ਦੇ ਵੀ ਅੱਧੋਂ ਵੱਧ ਖਿਡਾਰੀ ਪੰਜਾਬੀ ਮੂਲ ਦੇ ਹੋਣਗੇ। ਇਹ ਵੀ ਸੰਭਵ ਹੈ ਜਿਵੇਂ ਇਕ ਵਾਰ ਕੀਨੀਆ ਦੀ ਸਾਰੀ ਹਾਕੀ ਟੀਮ ਸਿਖ ਖਿਡਾਰੀਆਂ ਦੇ ਸਿਰ ‘ਤੇ ਬਣੀ ਸੀ ਉਵੇਂ ਕੈਨੇਡਾ ਦੀ ਹਾਕੀ ਉਤੇ ਵੀ ਸਰਦਾਰ ਛਾ ਜਾਣ। ਇਹ ਵਰਣਨਯੋਗ ਹੈ ਕਿ 2001 ਤੇ 2002 ਵਿਚ ਜਿਹੜੀ ਹਾਕੀ ਟੀਮ ਕੈਨੇਡਾ ਦੀ ਨੈਸ਼ਨਲ ਚੈਂਪੀਅਨ ਬਣੀ ਸੀ ਉਹ ਬਰੈਂਪਟਨ ਸਪੋਰਟਸ ਕਲੱਬ ਦੀ ਸੀ ਤੇ ਉਸ ਦੇ ਸਾਰੇ ਖਿਡਾਰੀ ਪੰਜਾਬੀ ਸਰਦਾਰ ਸਨ। ਉਸੇ ਟੀਮ ਨੇ ਬਾਰਬੈਡੋਜ਼ ਵਿਖੇ ਹੋਏ ਪੈਨ ਅਮੈਰੀਕਨ ਹਾਕੀ ਕੱਪ ਵਿਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਖਿਡਾਰੀਆਂ ਨੂੰ ਆਪਣੇ ਕੰਮਾਂ ਦੀਆਂ ਦਿਹਾੜੀਆਂ ਹੀ ਨਹੀਂ ਭੰਨਣੀਆਂ ਪਈਆਂ ਸਗੋਂ ਪੱਲਿਓਂ ਖਰਚਾ ਵੀ ਕਰਨਾ ਪਿਆ ਸੀ। ਜਿਵੇਂ ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਕੈਨੇਡਾ ਵਿਚ ਫੀਲਡ ਹਾਕੀ ਦੇ ਖਿਡਾਰੀ ਮਹਿੰਗਾ ਸ਼ੌਕ ਪਾਲ ਰਹੇ ਹਨ। ਉਨ੍ਹਾਂ ਨੂੰ ਕਬੱਡੀ ਦੇ ਖਿਡਾਰੀਆਂ ਵਾਂਗ ਡਾਲਰ ਨਹੀਂ ਮਿਲਦੇ।
ਪੰਜਾਬੀ ਜਿਹੜੇ ਵੀ ਮੁਲਕ ਵਿਚ ਗਏ ਹਨ ਉਨ੍ਹਾਂ ਨੇ ਉਥੋਂ ਦੀਆਂ ਕੌਮੀ ਹਾਕੀ ਟੀਮਾਂ ਵਿਚ ਆਪਣੀ ਥਾਂ ਬਣਾਈ ਹੈ। ਪੰਜਾਬੀ ਖਿਡਾਰੀ ਭਾਰਤ/ਪਾਕਿਸਤਾਨ ਤੋਂ ਬਾਹਰ ਕੀਨੀਆ, ਯੂਗੰਡਾ, ਤਨਜ਼ਾਨੀਆ, ਮਲੇਸ਼ੀਆ, ਸਿੰਘਾਪੁਰ, ਹਾਂਗਕਾਂਗ, ਇੰਗਲੈਂਡ, ਅਮਰੀਕਾ ਤੇ ਕੈਨੇਡਾ ਆਦਿ ਮੁਲਕਾਂ ਦੀਆਂ ਨੈਸ਼ਨਲ ਟੀਮਾਂ ਵਿਚ ਖੇਡ ਚੁੱਕੇ ਹਨ। ਆਸਟ੍ਰੇਲੀਆ/ਨਿਊਜ਼ੀਲੈਂਡ ਦੀਆਂ ਟੀਮਾਂ ‘ਚ ਖੇਡਣ ਦੀ ਸੰਭਾਵਨਾ ਰੱਖਦੇ ਹਨ। ਕੈਨੇਡਾ ਵਿਚ ਵਸਦਾ ਪੰਜਾਬੀ ਭਾਈਚਾਰਾ ਜੇਕਰ ਆਪਣੇ ਖਿਡਾਰੀ ਵਰਲਡ ਚੈਂਪੀਅਨ ਜਾਂ ਕਾਮਨਵੈਲਥ ਦੇਸ਼ਾਂ ਦੇ ਚੈਂਪੀਅਨ ਬਣਾਉਣੇ ਚਾਹੁੰਦਾ ਹੈ ਤਾਂ ਉਹ ਸਭ ਤੋਂ ਵੱਧ ਹਾਕੀ ਰਾਹੀਂ ਬਣਾਏ ਜਾ ਸਕਦੇ ਹਨ। ਕੈਨੇਡਾ ਲਈ ਪੰਜਾਬ ‘ਚੋਂ ਸਿੱਖੇ ਸਿਧਾਏ ਹੋਣਹਾਰ ਹਾਕੀ ਖਿਡਾਰੀ ਲਿਆਉਣੇ ਵੀ ਔਖੇ ਨਹੀਂ। ਉਹ ਤਾਂ ਬਿਨਾਂ ਸੱਦੇ ਹੀ ਤੁਰੇ ਆ ਰਹੇ ਹਨ। ਪੰਜਾਬ ਅਤੇ ਕੀਨੀਆ/ਯੂਗੰਡਾ ਤੋਂ ਆ ਕੇ ਜਿਹੜੇ ਹਾਕੀ ਖਿਡਾਰੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਵਸੇ ਹਨ ਉਨ੍ਹਾਂ ‘ਚੋਂ ਕੁਝ ਇਕਨਾਂ ਨੇ ਟੋਰਾਂਟੋ, ਵੈਨਕੂਵਰ, ਸਰੀ, ਬਰੈਂਪਟਨ, ਓਟਵਾ, ਕੈਲਗਰੀ, ਮੌਂਟਰੀਅਲ ਤੇ ਕੁਝ ਹੋਰ ਸ਼ਹਿਰਾਂ ਵਿਚ ਹਾਕੀ ਖੇਡਣੀ ਤੇ ਖਿਡਾਉਣੀ ਜਾਰੀ ਰੱਖੀ ਹੋਈ ਹੈ ਜਿਸ ਨਾਲ ਦਰਜਨ ਤੋਂ ਵੱਧ ਪੰਜਾਬੀ ਮੂਲ ਦੇ ਖਿਡਾਰੀ ਉਲੰਪਿਕ ਖੇਡਾਂ ਤੇ ਵਿਸ਼ਵ ਹਾਕੀ ਕੱਪਾਂ ਵਿਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਹੁਣ ਤਕ ਜਿਨ੍ਹਾਂ ਪੰਜਾਬੀ ਖਿਡਾਰੀਆਂ ਨੇ ਉਲੰਪਿਕ ਖੇਡਾਂ ਵਿਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਹੈ ਉਨ੍ਹਾਂ ਦੇ ਨਾਂ ਹਨ ਸਰਬਜੀਤ ਸਿੰਘ ਦੁਸਾਂਝ, ਸਤਿੰਦਰ ਸਿੰਘ ‘ਬਬਲੀ’ ਚੌਹਾਨ, ਕੁਲਦੀਪ ਸਿੰਘ ਗੋਸਲ, ਹਰਗੁਰਨੇਕ ਸਿੰਘ ‘ਨਿੱਕੀ’ ਸੰਧੂ, ਹਰਭਜਨ ਸਿੰਘ ਰਾਏ, ‘ਬੰਟੀ’ ਸ਼ਿਵਚਰਨ ਸਿੰਘ ਜਗਦੇਅ, ਰਣਜੀਤ ਸਿੰਘ ਰਾਏ, ਬਿੰਦੀ ਸਿੰਘ ਕੁਲਾਰ, ਗੁਰਇਕਬਾਲ ਸਿੰਘ ਜਗਦੇਅ, ਰਵਿੰਦਰ ਸਿੰਘ ਕਾਹਲੋਂ, ਰੰਜੀਵ ਸਿੰਘ ਦਿਓਲ, ਸੁਖਵਿੰਦਰ ਸਿੰਘ ਗੱਬਰ ਤੇ ਜਗਜੀਤ ਸਿੰਘ ਗਿੱਲ ਆਦਿ। ਕੈਨੇਡਾ ਵਿਚ ਫੀਲਡ ਹਾਕੀ ਦਾ ਪਿੜ ਖੁੱਲ੍ਹਾ ਪਿਆ ਹੈ। ਹਾਕੀ ਪੰਜਾਬੀਆਂ ਦੇ ਲਹੂ ਵਿਚ ਹੈ। ਹਾਕੀ ਦੇ ਪਿੜ ਵਿਚ ਉਨ੍ਹਾਂ ਨੂੰ ਹੋਰ ਅੱਗੇ ਵਧਣਾ ਚਾਹੀਦੈ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …