Breaking News
Home / ਖੇਡਾਂ / ਅਨੁਰਾਗ ਠਾਕੁਰ ਤੇ ਸ਼ਿਰਕੇ ਦੀ ਕ੍ਰਿਕਟ ਬੋਰਡ ‘ਚੋਂ ਹੋਈ ਛੁੱਟੀ

ਅਨੁਰਾਗ ਠਾਕੁਰ ਤੇ ਸ਼ਿਰਕੇ ਦੀ ਕ੍ਰਿਕਟ ਬੋਰਡ ‘ਚੋਂ ਹੋਈ ਛੁੱਟੀ

anurag-thakur-copy-copyਅਨੁਰਾਗ ਖਿਲਾਫ ਅਦਾਲਤੀ ਮਾਣਹਾਨੀ ਦਾ ਕੇਸ ਚਲਾਉਣ ਦਾ ਫੈਸਲਾ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਬਾਗ਼ੀ ਤੇਵਰਾਂ ਪ੍ਰਤੀ ਸਖ਼ਤ ਰਵੱਈਆ ਅਪਣਾਉਂਦਿਆਂ ਸੁਪਰੀਮ ਕੋਰਟ ਨੇ ਉਸ ਦੇ ਪ੍ਰਧਾਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੈ ਸ਼ਿਰਕੇ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਕਿਹਾ ਕਿ ਦੋਹਾਂ ਨੂੰ ਫ਼ੌਰੀ ਤੌਰ ‘ਤੇ ਬੋਰਡ ਦਾ ਕੰਮਕਾਜ ਬੰਦ ਕਰਨ ਲਈ ਆਖਿਆ ਹੈ। ਉਨ੍ਹਾਂ ਦੀ ਥਾਂ ‘ਤੇ ਫਿਲਹਾਲ ਬੋਰਡ ਦੇ ਸਭ ਤੋਂ ਸੀਨੀਅਰ ਮੀਤ ਪ੍ਰਧਾਨ ਵੱਲੋਂ ਪ੍ਰਧਾਨ ਅਤੇ ਮੌਜੂਦਾ ਸੰਯੁਕਤ ਸਕੱਤਰ ਵੱਲੋਂ ਸਕੱਤਰ ਵਜੋਂ ਕੰਮਕਾਰ ਦੇਖਿਆ ਜਾਵੇਗਾ। ਇਸ ਦੇ ਨਾਲ ਸੁਪਰੀਮ ਕੋਰਟ ਨੇ ਠਾਕੁਰ ਖ਼ਿਲਾਫ਼ ਅਦਾਲਤੀ ਮਾਣਹਾਨੀ ਦਾ ਕੇਸ ਚਲਾਉਣ ਦਾ ਫ਼ੈਸਲਾ ਵੀ ਲਿਆ ਹੈ। ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਬੀਸੀਸੀਆਈ ਵਿਚ ਸੁਧਾਰਾਂ ਨੂੰ ਲਾਗੂ ਕਰਨ ਦੇ ਅਦਾਲਤ ਦੇ ਨਿਰਦੇਸ਼ਾਂ ਵਿਚ ਅੜਿੱਕੇ ਪਾਉਣ ਲਈ ਆਖਿਰ ਉਨ੍ਹਾਂ ਨੂੰ ਕਿਉਂ ਨਾ ਜ਼ਿੰਮੇਵਾਰ ਠਹਿਰਾਇਆ ਜਾਵੇ। ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਬੀਸੀਸੀਆਈ ਦੇ ਕੰਮਕਾਜ ਨੂੰ ਪ੍ਰਸ਼ਾਸਕਾਂ ਦੀ ਕਮੇਟੀ ਦੇਖੇਗੀ। ਉਨ੍ਹਾਂ ਸੀਨੀਅਰ ਵਕੀਲ ਫਾਲੀ ਐਸ ਨਰੀਮਨ ਅਤੇ ਇਸ ਮਾਮਲੇ ਵਿਚ ਅਦਾਲਤੀ ਮਿੱਤਰ ਵਜੋਂ ਸਹਿਯੋਗ ਕਰ ਰਹੇ ਸੀਨੀਅਰ ਵਕੀਲ ਗੋਪਾਲ ਸੁਬਰਾਮਨੀਅਮ ਨੂੰ ਕਿਹਾ ਕਿ ਉਹ ਪ੍ਰਸ਼ਾਸਕਾਂ ਦੀ ਕਮੇਟੀ ਵਿਚ ਈਮਾਨਦਾਰ ਵਿਅਕਤੀਆਂ ਨੂੰ ਮੈਂਬਰ ਵਜੋਂ ਨਾਮਜ਼ਦ ਕਰਨ ਲਈ ਅਦਾਲਤ ਦੀ ਸਹਾਇਤਾ ਕਰਨ। ਜਸਟਿਸ ਏ ਐਮ ਖਾਨਵਿਲਕਰ ਅਤੇ ਡੀ ਵਾਈ ਚੰਦਰਚੂੜ ‘ਤੇ ਆਧਾਰਿਤ ਬੈਂਚ ਨੇ ਕਿਹਾ ਕਿ ਸ੍ਰੀ ਨਰੀਮਨ ਅਤੇ ਸੁਬਰਾਮਨੀਅਮ ਇਸ ਕੰਮ ਨੂੰ ਦੋ ਹਫ਼ਤਿਆਂ ਵਿਚ ਨੇਪਰੇ ਚਾੜ੍ਹਨਗੇ ਅਤੇ ਕਮੇਟੀ ਵਿਚ ਵਿਅਕਤੀਆਂ ਨੂੰ ਨਾਮਜ਼ਦ ਕਰਨ ਸਬੰਧੀ ਨਿਰਦੇਸ਼ਾਂ ਦੇ ਮਾਮਲੇ ‘ਤੇ 19 ਜਨਵਰੀ ਨੂੰ ਸੁਣਵਾਈ ਕੀਤੀ ਜਾਏਗੀ। ਸੁਪਰੀਮ ਕੋਰਟ ਨੇ ਬੀਸੀਸੀਆਈ ਦੇ ਸਾਰੇ ਅਹੁਦੇਦਾਰਾਂ ਅਤੇ ਸੂਬਾਈ ਐਸੋਸੀਏਸ਼ਨਾਂ ਨੂੰ ਹਲਫ਼ਨਾਮਾ ਦੇਣ ਦੀ ਹਦਾਇਤ ਕੀਤੀ ਹੈ ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …