ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਫਾਈਨਲ ਵਿਚ 3-2 ਨਾਲ ਹਰਾਇਆ
ਕੁਆਟਨ (ਮਲੇਸ਼ੀਆ)/ਬਿਊਰੋ ਨਿਊਜ਼ : ਭਾਰਤੀ ਹਾਕੀ ਟੀਮ ਨੇ ਇੱਕ ਰੁਮਾਂਚਕ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਫਿਰ ਆਪਣੇ ਨਾਂ ਕਰ ਲਈ ਹੈ। ਇਸ ਚੌਥੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ઠਫਾਈਨਲ ਵਿੱਚ ਭਾਰਤ ਵੱਲੋਂ ਰੂਪਿੰਦਰ ਪਾਲ ਸਿੰਘ ਨੇ 18ਵੇਂ ਮਿੰਟ, ਯੂਸਫ ਆਫ਼ਨ ਨੇ 23ਵੇਂ ਅਤੇ ਨਿਕਿਮ ਥਿਮੱਈਆ ਨੇ 51ਵੇਂ ਮਿੰਟ ਵਿੱਚ ਗੋਲ ਕਰਕੇ ਜਿੱਤ ਪੱਕੀ ਕੀਤੀ। ਪਾਕਿਸਤਾਨੀ ਟੀਮ ਵੱਲੋਂ ਮੁਹੰਮਦ ਅਲੀਮ ਬਿਲਾਲ ਨੇ 26ਵੇਂ ਮਿੰਟ ਅਤੇ ਅਲੀ ਸ਼ਾਨ ਨੇ 38ਵੇਂ ਮਿੰਟ ਵਿੱਚ ਗੋਲ ਦਾਗ਼ੇ। ਦੀਵਾਲੀ ਮੌਕੇ ਇਹ ਜਿੱਤ ਭਾਰਤੀਆਂ ਲਈ ਇੱਕ ਤੋਹਫ਼ੇ ਵਜੋਂ ਰਹੀ।
ਦੱਖਣੀ ਕੋਰੀਆ ਦੇ ਇੰਚੀਓਨ ਸ਼ਹਿਰ ਵਿੱਚ 2014 ਵਿੱਚ ਏਸ਼ੀਆਈ ਖੇਡਾਂ ਮਗਰੋਂ ਪਹਿਲੀ ਵਾਰੀ ਦੋਵੇਂ ਟੀਮਾਂ ਕਿਸੇ ਮਹਾਂਦੀਪ ਦੇ ਟੂਰਨਾਮੈਂਟ ਵਿੱਚ ਆਹਮੋ ਸਾਹਮਣੇ ਸਨ। ਭਾਰਤ ਨੇ ਸਾਲ 2011 ਵਿੱਚ ਇਸ ਟੂਰਨਾਮੈਂਟ ਦੇ ਪਹਿਲੇ ਸੈਸ਼ਨ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ। ਉਸ ਸਮੇਂ ਵੀ ਭਾਰਤੀ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇਸ ਤੋਂ ਅਗਲੇ ਸਾਲ ਹੀ ਪਾਕਿਸਤਾਨ ਨੇ ਨਤੀਜੇ ਦੇ ਉਲਟ ਖ਼ਿਤਾਬ ਆਪਣੇ ਨਾਂ ਕਰ ਲਿਆ ਅਤੇ ਫਿਰ 2013 ਵਿੱਚ ਉਸ ਨੇ ਫਾਈਨਲ ਵਿੱਚ ਜਪਾਨ ਨੂੰ ਹਰਾਇਆ। ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਭਾਰਤ ਟੂਰਨਾਮੈਂਟ ਦੇ ਸ਼ੁਰੂ ਤੋਂ ਹੀ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ, ਹਾਲਾਂਕਿ ਇਸ ਟੀਮ ਵਿੱਚ ਕੁਝ ਪ੍ਰਮੁੱਖ ਖਿਡਾਰੀ ਸ਼ਾਮਲ ਨਹੀਂ ਸਨ। ਜਦੋਂ ਭਾਰਤੀ ਟੀਮ ਮੈਦਾਨ ਵਿੱਚ ਉੱਤਰੀ ਤਾਂ ਪੀ.ਆਰ. ਸ੍ਰੀਜੇਸ਼ ਵਰਗਾ ਦਿੱਗਜ ਖ਼ਿਡਾਰੀ ਪੱਠਿਆਂ ਦੀ ਖਿੱਚ ਕਾਰਨ ਮੌਜੂਦ ਨਹੀਂ ਸੀ ਅਤੇ ਉਸ ਦੀ ਥਾਂ ਆਕਾਸ਼ ਚਿਕਤੇ ਨੇ ਲਈ।
ਟੀਮ ਨੂੰ ਸੰਸਾਰ ਪੱਧਰੀ ਟੂਰਨਾਮੈਂਟ ਜਿੱਤਣੇ ਹੋਣਗੇ: ਓਲਟਮੈਨਸ : ਭਾਰਤੀ ਹਾਕੀ ਕੋਚ ਰੌਲੈਂਟ ਓਲਟਮੈਨਸ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਆਪਣੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਵੱਡੇ ਸੰਸਾਰਕ ਟੂਰਨਾਮੈਂਟ ਜਿੱਤਣ ‘ਤੇ ਫੋਕਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਕੋਲ ਇਹ ਖ਼ਿਤਾਬ ਜਿੱਤਣ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਸੀ। ਅਸੀਂ ਖ਼ਿਤਾਬ ਦੇ ਦਾਅਵੇਦਾਰ ਵਜੋਂ ਉੱਤਰੇ ਸੀ ਅਤੇ ਦੂਜੀਆਂ ਟੀਮਾਂ ਦੀਆਂ ਨਜ਼ਰਾਂ ਸਾਡੇ ‘ਤੇ ਸਨ। ਉਨ੍ਹਾਂ ‘ਤੇ ਇੰਨਾ ਦਬਾਅ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਟੀਮ ‘ਤੇ ਫਖ਼ਰ ਹੈ ਕਿ ਉਸ ਨੇ ਆਖਰੀ ਕੁਆਰਟਰ ਫਾਈਨਲ ਵਿੱਚ ਦ੍ਰਿੜ੍ਹਤਾ ਦਿਖਾ ਕੇ ਖ਼ਿਤਾਬ ਜਿੱਤਿਆ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …