Breaking News
Home / ਖੇਡਾਂ / ਹਾਕੀ ਜਗਤ ਦਾ ਕੋਹੇਨੂਰ ਹੀਰਾ ਸੀ ਬਲਬੀਰ ਸਿੰਘ ਸੀਨੀਅਰ

ਹਾਕੀ ਜਗਤ ਦਾ ਕੋਹੇਨੂਰ ਹੀਰਾ ਸੀ ਬਲਬੀਰ ਸਿੰਘ ਸੀਨੀਅਰ

ਤਿੰਨ ਵਾਰ ਦੀ ਉਲੰਪਿਕ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ
1952 ਉਲੰਪਿਕ ਫਾਈਨਲ ‘ਚ 5 ਗੋਲਾਂ ਦਾ ਰਿਕਾਰਡ ਅਜੇ ਵੀ ਬਰਕਰਾਰ
ਚੰਡੀਗੜ੍ਹ : ਭਾਰਤੀ ਹਾਕੀ ਦੇ ਸ਼ਾਹਸਵਾਰ ਅਤੇ ਤਿੰਨ ਵਾਰ ਦੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ (97) ਨੇ ਮੁਹਾਲੀ ਵਿਚਲੇ ਫੋਰਟਿਸ ਹਸਪਤਾਲ ਵਿਖੇ ਸੋਮਵਾਰ ਨੂੰ ਸਵੇਰੇ 6:17 ਵਜੇ ਆਖਰੀ ਸਾਹ ਲਏ। ਉਨ੍ਹਾਂ ਨੂੰ 8 ਮਈ 2020 ਨੂੰ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਤੇ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ ਤੇ ਉਨ੍ਹਾਂ ਨੂੰ ਲਗਾਤਾਰ ਵੈਟੀਲੇਟਰ ‘ਤੇ ਰੱਖਿਆ ਹੋਇਆ ਸੀ। ਇਸ ਦੌਰਾਨ ਸੋਮਵਾਰ ਨੂੰ ਉਨ੍ਹਾਂ ਦਾ ਜ਼ੇਰੇ ਇਲਾਜ ਦਿਹਾਂਤ ਹੋ ਗਿਆ। ਉਹ ਆਪਣੇ ਪਿਛੇ ਧੀ ਸੁਸਬੀਰ ਕੌਰ ਅਤੇ ਤਿੰਨ ਪੁੱਤਰ ਕਵਲਬੀਰ ਸਿੰਘ, ਕਰਨਵੀਰ ਸਿੰਘ ਤੇ ਗੁਰਬੀਰ ਸਿੰਘ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਜਪਾਲ ਪੰਜਾਬ ਵੀ. ਪੀ. ਸਿੰਘ ਬਦਨੌਰ, ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਨ ਸਭਾ ਪੰਜਾਬ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰਨ ਸਿੰਘ ਤੋਂ ਇਲਾਵਾ ਅਦਾਕਾਰ ਅਕਸ਼ੈ ਕੁਮਾਰ, ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ, ਕ੍ਰਿਕਟਰ ਵਿਰਾਟ ਕੋਹਲੀ, ਸੁਰੇਸ਼ ਰੈਨਾ, ਗੌਤਮ ਗੰਭੀਰ, ਅਮਿਤ ਮਿਸ਼ਰਾ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ‘ਚ ਸਾਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ।
ਇਕ ਯੁੱਗ ਦਾ ਹੋਇਆ ਅੰਤ
ਉਨ੍ਹਾਂ ਦਾ ਜਨਮ 31 ਦਸੰਬਰ, 1923 ਆਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਖੇ ਹੋਇਆ। ਦੇਵ ਸਮਾਜ ਸਕੂਲ ਤੋਂ ਮੁਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਪੜਾਈ ਡੀ.ਐੱਮ. ਕਾਲਜ ਮੋਗਾ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਦਾਖਲਾ ਲੈ ਲਿਆ, ਜਿੱਥੋਂ ਐੱਫ. ਏ. ਕਰਨ ਉਪਰੰਤ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦਾ ਆਉਣ ਤੋਂ ਬਾਅਦ ਉਨ੍ਹਾਂ ਖਾਲਸਾ ਕਾਲਜ ਵਲੋਂ ਖੇਡਦਿਆਂ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੂੰ 1957 ਵਿਚ ਭਾਰਤ ਸਰਕਾਰ ਵਲੋਂ ਪਦਮਸ੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ 1975 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਨੇਜਰ ਸਨ। ਉਹ ਭਾਰਤ ਦੀਆਂ ਤਿੰਨ ਉਲੰਪਿਕ ਟੀਮਾਂ ਵਿਚ ਸ਼ਾਮਿਲ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਤਿੰਨੇ ਵਾਰ ਸੋਨ ਤਗਮੇ ਜਿੱਤ ਕੇ ਭਾਰਤ ਦਾ ਨਾਂਅ ਵਿਦੇਸ਼ਾਂ ਵਿਚ ਵੀ ਚਮਕਾਇਆ। ਇਨ੍ਹਾਂ ਜਿੱਤਾਂ ਵਿਚ ਲੰਡਨ 1948, ਹੇਲਸਿੰਕੀ 1952 ਤੇ ਮੈਲਬੋਰਨ 1956 ਤੋਂ ਇਲਾਵਾ ਉਨ੍ਹਾਂ 1952 ਉਲੰਪਿਕ ਵਿਚ ਨੀਦਰਲੈਂਡ ਵਿਰੁੱਧ ਪੰਜ ਗੋਲ ਕੀਤੇ ਸਨ, ਜੋ ਕਿ ਹੁਣ ਤੱਕ ਇਕ ਰਿਕਾਰਡ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਵੀ ਸ਼ਿਫਾਰਸ਼ ਵੀ ਕੀਤੀ ਗਈ ਸੀ। ਅਜਿਹੇ ਦਿੱਗਜ ਹਾਕੀ ਖਿਡਾਰੀ ਦੀ ਮੌਤ ਹੋ ਜਾਣ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। ਵਰਨਣਯੋਗ ਹੈ ਕਿ ਆਜ਼ਾਦੀ ਮਿਲਣ ਦੇ ਪੂਰੇ ਇਕ ਸਾਲ ਬਾਅਦ 12 ਅਗਸਤ 1948 ਨੂੰ ਭਾਰਤੀ ਹਾਕੀ ਟੀਮ ਨੇ ਉਲੰਪਿਕ ਵਿਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾਂ ਸੋਨ ਤਮਗ਼ਾ ਜਿੱਤਿਆ ਸੀ। ਦੇਸ਼ ਦੀ ਹੋਈ ਵੰਡ ਦੌਰਾਨ ਹੋਈ ਭਿਆਨਕ ਮਨੁੱਖੀ ਵੱਢ-ਟੁੱਕ ਦੇ ਜ਼ਖ਼ਮ ਅਜੇ ਅੱਲੇ ਸਨ ਤੇ ਕਤਲੇਆਮ ‘ਚ 10 ਲੱਖ ਦੇ ਲਗਪਗ ਲੋਕ ਮਾਰੇ ਗਏ ਸਨ ਪਰ ਉਸ ਸਮੇਂ ਸਮੂਹ ਭਾਰਤੀਆਂ ਨੂੰ ਬਹੁਤ ਖ਼ੁਸ਼ੀ ਮਿਲੀ ਸੀ, ਕਿਉਂਕਿ ਉਨ੍ਹਾਂ ਦੀ ਹਾਕੀ ਟੀਮ ਨੇ ਉਸ ਦੇਸ਼ (ਇੰਗਲੈਂਡ) ‘ਚ ਭਾਰਤ ਦਾ ਝੰਡਾ ਲਹਿਰਾਇਆ ਸੀ, ਜਿਸ ਨੇ ਭਾਰਤ ‘ਤੇ ਦੋ ਸਦੀਆਂ ਤੱਕ ਹਕੂਮਤ ਕੀਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਸਾਲ 2012 ਦੀਆਂ ਲੰਡਨ ਉਲੰਪਿਕ ਖੇਡਾਂ ਸਮੇਂ ਕੌਮਾਂਤਰੀ ਉਲੰਪਿਕ ਕਮੇਟੀ ਨੇ ਉਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ 16 ‘ਮਹਾਨ’ ਖਿਡਾਰੀ ਚੁਣੇ ਸਨ, ਜਿਨ੍ਹਾਂ ਵਿਚ 8 ਪੁਰਸ਼ ਤੇ 8 ਮਹਿਲਾ ਖਿਡਾਰੀ ਸਨ। ਬਲਬੀਰ ਸਿੰਘ ਸੀਨੀਅਰ ਕਿਸੇ ਵੀ ਖੇਡ ਵਿਚ ਏਸ਼ੀਆ ਦੇ ਇਕਲੌਤੇ ਪੁਰਸ਼ ਖਿਡਾਰੀ ਸਨ, ਜਿਨ੍ਹਾਂ ਨੂੰ ‘ਮਹਾਨ’ ਖਿਡਾਰੀਆਂ ਵਿਚ ਸ਼ਾਮਿਲ ਕੀਤਾ ਗਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਵੀ ਖੇਡ ਵਿਚ ਏਸ਼ੀਆ ਦਾ ਸਰਬੋਤਮ ਪੁਰਸ਼ ਖਿਡਾਰੀ ਤੇ ਹਾਕੀ ਵਿਚ ਵਿਸ਼ਵ ਦੇ ਸਿਖਰਲੇ ਖਿਡਾਰੀ ਸਨ। ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਗੋਲਡਨ ਹੈਟ੍ਰਿਕ ‘ਐਜ਼ ਟੋਲਡ ਟੂ ਸੈਮੂਅਲ ਬੈਨਰਜੀ’ 1977 ਵਿਚ ਅਤੇ ਹਾਕੀ ਦੀ ਕੋਚਿੰਗ ਬਾਰੇ ਦੀ ‘ਗੋਲਡਨ ਯਾਰਡ ਸਟਿਕ’ ਪੁਸਤਕ ਵੀ ਲਿਖੀ। ਜ਼ਿਕਰਯੋਗ ਹੈ ਕਿ ਮੌਜੂਦਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ 9 ਜੁਲਾਈ 2019 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ ‘ਤੇ ਪੀ.ਜੀ.ਆਈ. ਜਾ ਕੇ ਸੌਪਿਆ ਸੀ, ਜਦੋਂ ਉਹ ਉੱਥੇ ਜ਼ੇਰੇ ਇਲਾਜ ਸਨ।
ਧਿਆਨ ਚੰਦ ਤੋਂ ਬਾਅਦ ਜੇਕਰ ਕੋਈ ਮਹਾਨ ਹਾਕੀ ਖਿਡਾਰੀ ਅਖਵਾਉਣ ਦਾ ਹੱਕਦਾਰ ਹੈ ਤਾਂ ਉਹ ਬਲਬੀਰ ਸੀ : ਮਿਲਖਾ ਸਿੰਘ
ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ ਨੇ ਆਪਣੇ ਮਿੱਤਰ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਿਆਨ ਚੰਦ ਤੋਂ ਬਾਅਦ ਜੇਕਰ ਹਾਕੀ ‘ਚ ਕੋਈ ਮਹਾਨ ਖਿਡਾਰੀ ਅਖਵਾਉਣ ਦਾ ਹੱਕਦਾਰ ਹੈ ਤਾਂ ਉਹ ਬਲਬੀਰ ਸਿੰਘ ਸੀਨੀਅਰ ਸਨ। ਜ਼ਿਕਰਯੋਗ ਹੈ ਕਿ ਬਲਬੀਰ ਤੇ ਮਿਲਖਾ ਆਪਣੀ ਖੇਡ ‘ਚ ਦੇਸ਼ ਲਈ ਸਾਥ ਹੀ ਸਿਖਰਲੇ ਪੱਧਰ ‘ਤੇ ਖੇਡੇ ਤੇ 1960 ਦੇ ਦਹਾਕੇ ‘ਚ ਪੰਜਾਬ ਦੇ ਖੇਡ ਵਿਭਾਗ ‘ਚ ਇਕ ਸਾਥ ਹੀ ਕੰਮ ਕਰਦੇ ਸਨ।
ਭਵਿੱਖ ਦੀਆਂ ਪੀੜ੍ਹੀਆਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ : ਰਾਸ਼ਟਰਪਤੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਮੌਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੇਗੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਾ ਹਾਂ।
ਯਾਦਗਾਰੀ ਖੇਡ ਪ੍ਰਦਰਸ਼ਨਾਂ ਲਈ ਕੀਤਾ ਜਾਵੇਗਾ ਯਾਦ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਨਾ ਸਿਰਫ ਸ਼ਾਨਦਾਰ ਖਿਡਾਰੀ ਸਨ, ਸਗੋਂ ਕੋਚ ਵਜੋਂ ਵੀ ਉਨ੍ਹਾਂ ਨੇ ਆਪਣਾ ਪ੍ਰਭਾਵ ਛੱਡਿਆ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੂੰ ਉਨ੍ਹਾਂ ਦੇ ਯਾਦਗਾਰੀ ਖੇਡ ਪ੍ਰਦਰਸ਼ਨ ਲਈ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ ‘ਚੋਂ ਵੀ ਰੱਜ ਕੇ ਪਿਆਰ ਤੇ ਸਨਮਾਨ ਮਿਲਿਆ।
ਭਾਰਤੀ ਖੇਡ ਜਗਤ ਉਨ੍ਹਾਂ ਨੂੰ ਭੁਲਾ ਨਹੀਂ ਸਕਦਾ : ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤੀ ਖੇਡ ਜਗਤ ਉਨ੍ਹਾਂ ਦੀ ਦੇਣ ਨੂੰ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹ ਕਿ ਉਹ ਭਾਰਤੀ ਹਾਕੀ ਦੇ ਸਭ ਤੋਂ ਵੱਡੇ ਖਿਡਾਰੀ ਤੇ ਕੋਚ ਹੋਏ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਪਿੱਛੇ ਛੱਡ ਗਏ ਵਿਰਾਸਤ : ਏ.ਐਚ.ਐਫ.
ਏਸ਼ਿਆਈ ਹਾਕੀ ਫੈੱਡਰੇਸ਼ਨ (ਏ.ਐਚ.ਐਫ.) ਦੇ ਮੁੱਖ ਕਾਰਜਕਾਰੀ ਤੈਅਬ ਇਕਰਾਮ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਆਪਣੇ ਪਿੱਛੇ ਵਿਰਾਸਤ ਛੱਡ ਗਏ ਹਨ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਇਹ ਉਭਰਦੇ ਖਿਡਾਰੀਆਂ ਲਈ ਪ੍ਰਕਾਸ਼ ਪੁੰਜ ਦਾ ਕੰਮ ਕਰੇਗੀ। ਉਹ ਸਾਡੇ ਮਾਰਗ ਦਰਸ਼ਕ ਸਨ ਅਤੇ ਸਮੇਂ-ਸਮੇਂ ਉਤੇ ਸਾਨੂੰ ਹਾਕੀ ਬਾਰੇ ਗੁਣ ਦੱਸਦੇ ਰਹਿੰਦੇ ਸਨ। ਹਾਕੀ ਫੈਡਰੇਸ਼ਨ ਵੀ ਉਨ੍ਹਾਂ ਤੋਂ ਹਮੇਸ਼ਾ ਕੁੱਝ-ਕੁੱਝ ਸਿੱਖਣ ਦੀ ਤਾਂਘ ਵਿਚ ਰਹਿੰਦੀ ਸੀ। ਉਨ੍ਹਾਂ ਦੇ ਚਲੇ ਜਾਣ ਨਾਲ ਅਸੀਂ ਆਪਣਾ ਹੀਰਾ ਖਿਡਾਰੀ ਖੋ ਲਿਆ ਹੈ, ਉਨ੍ਹਾਂ ਦੇ ਚਲੇ ਜਾਣ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਚੰਡੀਗੜ੍ਹ : ਬਲਬੀਰ ਸਿੰਘ ਸੀਨੀਅਰ ਦਾ ਚੰਡੀਗੜ੍ਹ ਸੈਕਟਰ-25 ਬਿਜਲਈ ਸ਼ਮਸ਼ਾਨ ਘਾਟ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੇ ਦਿਖਾਈ, ਜਦੋਂਕਿ ਇਸ ਮੌਕੇ ਬਲਬੀਰ ਸਿੰਘ ਸੀਨੀਅਰ ਦੀ ਪੁੱਤਰੀ ਸੁਸ਼ਬੀਰ ਕੌਰ ਵੀ ਮੌਜੂਦ ਸਨ। ਪੰਜਾਬ ਪੁਲਿਸ ਦੀ ਟੁਕੜੀ ਨੇ ਹਥਿਆਰ ਪੁੱਠੇ ਕਰ ਕੇ ਤੇ ਹਵਾ ‘ਚ ਫਾਇਰ ਕਰਕੇ ਇਸ ਮਹਾਨ ਹਾਕੀ ਸਟਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਅਸੀਂ ਆਪਣੇ ਮਹਾਨ ਤੇ ਉੱਘੇ ਖਿਡਾਰੀ ਨੂੰ ਹੀ ਨਹੀਂ ਗੁਆਇਆ, ਬਲਕਿ ਅਸੀਂ ਆਪਣੇ ਮਾਰਗ ਦਰਸ਼ਕ ਪ੍ਰਕਾਸ਼ ਨੂੰ ਵੀ ਖੋ ਦਿੱਤਾ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂਅ ਬਲਬੀਰ ਸਿੰਘ ਸੀਨੀਅਰ ਦੇ ਨਾਂਅ ‘ਤੇ ਰੱਖਿਆ ਜਾਵੇਗਾ, ਜਿਸ ਦਾ ਰਸਮੀ ਤੌਰ ‘ਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।
ਅਸੀਂ ਆਪਣਾ ਮਾਰਗ ਦਰਸ਼ਕ ਗਵਾ ਲਿਆ : ਹਾਕੀ ਇੰਡੀਆ
ਹਾਕੀ ਇੰਡੀਆ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣਾ ਚਮਕਦਾ ਸਿਤਾਰਾ ਤੇ ਮਾਰਗ ਦਰਸ਼ਕ ਗਵਾ ਲਿਆ ਹੈ। ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਸਾਨੂੰ ਜਦੋਂ ਵੀ ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਪਈ, ਉਹ ਹਮੇਸ਼ਾ ਤਿਆਰ ਦਿਖੇ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ ‘ਚ ਉਨ੍ਹਾਂ ਦੇ ਦੇਹਾਂਤ ਤੋਂ ਹਰ ਕੋਈ ਦੁਖੀ ਹੈ।
ਕਿਉਂ ਕਿਹਾ ਜਾਂਦਾ ਸੀ ਬਲਬੀਰ ਸਿੰਘ ਸੀਨੀਅਰ
ਬਲਬੀਰ ਸਿੰਘ ਸੀਨੀਅਰ ਦੇ ਸਮੇਂ ਭਾਰਤੀ ਹਾਕੀ ਟੀਮ ਵਿਚ ਪੰਜ ਬਲਬੀਰ ਹੋਏ, ਜਿਨ੍ਹਾਂ ‘ਚੋਂ ਚਾਰ ਬਲਬੀਰ ਤਾਂ ਇਕੱਠੇ ਇਕੋ ਵੇਲੇ ਟੀਮ ਵਿਚ ਖੇਡ ਰਹੇ ਸਨ। ਪੰਜ ਬਲਬੀਰਾਂ ‘ਚੋਂ ਚਾਰ ਉਲੰਪੀਅਨ ਬਣੇ ਤੇ ਚਾਰਾਂ ਨੇ ਤਮਗਾ ਜਿੱਤਿਆ। ਉਸ ਸਮੇਂ ਕੌਮੀ ਤੇ ਸੂਬਾ ਪੱਧਰ ‘ਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਸੀ। ਉਸ ਸਮੇਂ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ ‘ਚ 9 ਬਲਬੀਰ ਖੇਡ ਰਹੇ ਸਨ ਪਰ ਸਭ ਤੋਂ ਵੱਧ ਪ੍ਰਸਿੱਧੀ ਬਲਬੀਰ ਸਿੰਘ ਦੁਸਾਂਝ ਨੇ ਖੱਟੀ, ਜਿਸ ਕਰਕੇ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਕਿਹਾ ਜਾਣ ਲੱਗਾ।

Check Also

ਭਾਰਤ ਦੇ ਸਿਰ ਸਜਿਆ ਵਿਸ਼ਵ ਕਬੱਡੀ ਕੱਪ ਦਾ ਤਾਜ

ਕੈਨੇਡਾ ਨੂੰ ਦੂਜਾ ਅਤੇ ਅਮਰੀਕਾ ਨੂੰ ਮਿਲਿਆ ਤੀਜਾ ਸਥਾਨ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਨੇ ਗੁਰੂ ਨਾਨਕ …