ਲਾਸ ਏਂਜਲਸ/ਬਿਊਰੋ ਨਿਊਜ਼
ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਇਥੇ ਖੁਲਾਸਾ ਕੀਤਾ ਹੈ ਕਿ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਦੌਰਾਨ ਉਸ ਦਾ ਡੋਪ ਟੈਸਟ ਪਾਜ਼ੇਟਿਵ ਰਿਹਾ ਸੀ। ਉਂਜ ਰੂਸ ਦੀ ਇਸ ਅੱਵਲ ਨੰਬਰ ਟੈਨਿਸ ਖਿਡਾਰਨ ਨੇ ਵਿਸ਼ਵ ਡੋਪਿੰਗ ਨਿਰੋਧਕ ਏਜੰਸੀ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ ਵਿੱਚ ਇਸ ਸਾਲ ਕੀਤੇ ਬਦਲਾਅ ਨੂੰ ਇਸ ‘ਵੱਡੀ ਭੁੱਲ’ ਲਈ ਦੋਸ਼ੀ ਮੰਨਿਆ ਹੈ। ਸ਼ਾਰਾਪੋਵਾ ਦੀ ਇਸ ਭੁੱਲ ਲਈ ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਫਿਲਹਾਲ ਉਸ ਨੂੰ 12 ਮਾਰਚ ਤੋਂ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਉਧਰ ਖਿਡਾਰਨ ਦੀ ਸਪਾਂਸਰ ਕੰਪਨੀਆਂ ਨਾਇਕੀ ਤੇ ਸਵਿਸ ਘੜੀਆਂ ਦੇ ਬਰਾਂਡ ਟੈਗ ਹਿਊਰ ਨੇ ਰੂਸੀ ਖਿਡਾਰਨ ਨਾਲੋਂ ਦੂਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਥੇ ਇਕ ਹੋਟਲ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ਼ਾਰਾਪੋਵਾ ਨੇ ਕਿਹਾ ਕਿ ਉਸ ਨੂੰ ਪਾਬੰਦੀਸ਼ੁਦਾ ਦਵਾਈ ਮੈਲਡੋਨੀਅਮ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਨੇ ਕਿਹਾ ਕਿ ਉਹ ਇਹ ਦਵਾਈ 2006 ਤੋਂ ਲੈ ਰਹੀ ਹੈ, ਪਰ ਇਸ ਦਵਾਈ ਨੂੰ ਇਸੇ ਸਾਲ ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ, ‘ਮੈਂ ਡੋਪ ਟੈਸਟ ਵਿੱਚ ਨਾਕਾਮ ਰਹੀ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹਾਂ। ਮੈਂ ਵੱਡੀ ਭੁੱਲ ਕੀਤੀ ਤੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ।
ਮੈਂ ਉਸ ਖੇਡ ਨੂੰ ਸ਼ਰਮਸਾਰ ਕੀਤਾ ਜਿਸ ਨੂੰ ਮੈਂ ਬੇਪਨਾਹ ਮੁਹੱਬਤ ਕਰਦੀ ਹਾਂ। ਉਸ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਮੈਨੂੰ ਇਸ ਬੱਜਰ ਗ਼ਲਤੀ ਦੇ ਨਤੀਜੇ ਭੁਗਤਣਗੇ ਪੈਣਗੇ, ਪਰ ਮੈਂ ਇਸ ਤਰ੍ਹਾਂ ਆਪਣਾ ਕਰੀਅਰ ਖ਼ਤਮ ਨਹੀਂ ਕਰਨਾ ਚਾਹੁੰਦੀ।’ ਉਂਜ ਇਸ ਖਿਡਾਰਨ ਨੇ ਉਮੀਦ ਜ਼ਾਹਰ ਕੀਤੀ ਕਿ ਉਸ ਨੂੰ ਮੁੜ ਟੈਨਿਸ ਖੇਡਣ ਦਾ ਮੌਕਾ ਮਿਲੇਗਾ। ਸ਼ਾਰਾਪੋਵਾ ਨੇ 2004 ਵਿੱਚ ਵਿੰਬਲਡਨ ਖਿਤਾਬ ਜਿੱਤ ਕੇ ਕੌਮਾਂਤਰੀ ਟੈਨਿਸ ਵਿੱਚ ਕਦਮ ਰੱਖਿਆ ਸੀ। ਉਪਰੰਤ ਉਸ ਨੇ 2006 ਵਿੱਚ ਅਮਰੀਕੀ ਓਪਨ, 2008 ਵਿੱਚ ਆਸਟਰੇਲੀਅਨ ਓਪਨ ਤੇ 2012 ਤੇ 2014 ਵਿੱਚ ਫਰੈਂਚ ਓਪਨ ਖ਼ਿਤਾਬ ਆਪਣੇ ਨਾਂ ਕੀਤੇ। ਫਿਲਹਾਲ ਉਹ ਵਿਸ਼ਵ ਦਰਜਾਬੰਦੀ ਵਿੱਚ ਸੱਤਵੇਂ ਸਥਾਨ ‘ਤੇ ਹੈ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …