Breaking News
Home / ਰੈਗੂਲਰ ਕਾਲਮ / ਹੰਕਾਰ ਮਾਰ ਜਾਂਦਾ ਏ

ਹੰਕਾਰ ਮਾਰ ਜਾਂਦਾ ਏ

ਸੋਹਣਿਆਂ ਨੂੰ ਹੁਸਨ ਦਾ ਹੰਕਾਰ ਮਾਰ ਜਾਂਦਾ ਏ।
ਚੋਬਰਾਂ ਨੂੰ ਅੱਖੀਆਂ ਦਾ ਵਾਰ ਮਾਰ ਜਾਂਦਾ ਏ।

ਨੀਤਾਂ ਵਿੱਚ ਖੋਟ, ਆਵੇ ਕੁੱਝ ਵੀ ਨਾ ਲੋਟ,
ਐਸਾ ਝੂਠਾ ਬੇਈਮਾਨ, ਕਿਰਦਾਰ ਮਾਰ ਜਾਂਦਾ ਏ।

ਨਾ ਕੋਈ ਪੁੱਛ ਪ੍ਰਤੀਤ ਰੁਲ਼ੀ ਉਮਰ ਅਖੀਰੀ,
ਪੁੱਤਰਾਂ ਤੋਂ ਮਿਲੇ ਨਾ ਸਤਿਕਾਰ ਮਾਰ ਜਾਂਦਾ ਏ।

ਪੂਰੇ ਹੋਏ ਨਾ ਅਵਾਮ ਨਾਲ ਕੀਤੇ ਸੀ ਵਾਅਦੇ,
ਨੇਤਾ ਨੇ ਜੇ ਕੀਤਾ ਨਾ ਸੁਧਾਰ ਮਾਰ ਜਾਂਦਾ ਏ।

ਤੋੜ ਕੇ ਭਰੋਸਾ ਜਾ ਰਲ਼ਿਆ ਵੈਰੀਆਂ ‘ਨਾ,
ਉਹ ਬੁੱਕਲ਼ ਦਾ ਸੱਪ, ਗਦਾਰ ਮਾਰ ਜਾਂਦਾ ਏ।

ਪਰਖੇ ਬਿਨਾਂ ਹੀ ਭਰੋਸਾ ਕਰ ਬੈਠੇ ਜੋ,
ਭਾਨੀਮਾਰ ਜਿਹੇ ਦਾ ਇਤਬਾਰ ਮਾਰ ਜਾਂਦਾ ਏ।

ਗੱਲ ਕਰੇ ਗੋਲ ਮੋਲ, ਭੇਤ ਦੇਵੇ ਨਾ ਕਿਸੇ ਨੂੰ,
ਸਿਰੇ ਦਾ ਕਮੀਨਾ ਤੇ ਮਕਾਰ ਮਾਰ ਜਾਂਦਾ ਏ।

ਲੈ ਕੇ ਉਧਾਰੀ ਕਰੇ ਵਾਪਿਸ ਨਾ ਕਦੇ ਵੀ,
ਲਾਰਿਆਂ ਦਾ ਪਰੂੰ ਤੇ ਪਰਾਰ ਮਾਰ ਜਾਂਦਾ।

ਦੇਵੇ ਲੋਕਾਂ ਨੂੰ ਜੋ ਧੋਖ਼ਾ, ਵੇਚੇ ਆਖ ਕੇ ਖਰਾ,
ਪਾਵੇ ਸੋਨੇ ਵਿੱਚ ਖੋਟ, ਸੁਨਾਰ ਮਾਰ ਜਾਂਦਾ ਏ।

ਸੋਹਣੇ ਫੁੱਲ ਦੀ ਖੁਸ਼ਬੋ, ਮੋਹ ਲਵੇ ਸਭ ਨੂੰ,
ਟਾਹਣੀ ਨਾਲੋਂ ਤੋੜੋ, ਤਾਂ ਖਾਰ ਮਾਰ ਜਾਂਦਾ ਏ।

ਕਾਹਦਾ ਉਹ ਗਵੱਈਆ ਹੈ ‘ਨੀ ਸੁਰ ਦੀ ਸਮਝ,
ਸਰੋਤੇ ਨੂੰ ਬੇਸੁਰਾ ਕਲਾਕਾਰ ਮਾਰ ਜਾਂਦਾ ਏ।

ਅਣਜੋੜ ਜਿਹੇ ਰਿਸ਼ਤੇ ਤੇ ਵੱਖੋ ਵੱਖ ਆਦਤਾਂ,
ਪੱਲੇ ਮੂਰਖ, ਅਨਪੜ੍ਹ, ਗੰਵਾਰ ਮਾਰ ਜਾਂਦਾ ਏ।

ਪਲ ਔਖੇ ਗੁਜ਼ਾਰਨੇ ਪਿਆਰੇ ਦੀ ਉਡੀਕ ‘ਚ,
ਲੋੜੋਂ ਵੱਧ ਲੰਮਾ, ਇੰਤਜ਼ਾਰ ਮਾਰ ਜਾਂਦਾ ਏ।

ਛੱਡ ਕੇ ਜਹਾਨ ਤੁਰ ਜਾਵੇ ਜੁਆਨ ਪੁੱਤ,
ਬਾਪ ਦਿਆਂ ਮੋਢਿਆਂ ਨੂੰ ਭਾਰ ਮਾਰ ਜਾਂਦਾ ਏ।

ਰਿਸ਼ੀ ਦਾ ਧਿਆਨ ਭੰਗ ਕੀਤਾ ਇੱਕ ਸੁੰਦਰੀ ਨੇ,
ਸਿਰ ਚੜ੍ਹੇ ਕਾਮ ਦਾ ਵਕਾਰ ਮਾਰ ਜਾਂਦਾ ਏ।

ਰੱਬ ਦੇ ਪਿਆਰੇ ਤਾਂ ਇਕਾਂਤ ਸਦਾ ਭਾਲਦੇ,
ਕਰੇ ਬਿਰਤੀ ਨੂੰ ਭੰਗ, ਸੰਸਾਰ ਮਾਰ ਜਾਂਦਾ ਏ।
– ਸੁਲੱਖਣ ਮਹਿਮੀ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …