ਕਈਆਂ ਕੋਲ ਨੇ ਦੌਲਤਾਂ,
ਧਨ ਦੇ ਲਾਏ ਅੰਬਾਰ।
ਕਈਆਂ ਕੋਲ ਨਾ ਖਾਣ ਨੂੰ,
ਕੋਈ ਨਾ ਲੈਂਦਾ ਸਾਰ।
ਤਨ ਢਕਣ ਲਈ ਕੱਪੜਾ,
ਨਾ ਰਹਿਣ ਨੂੰ ਘਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਕਈ ਨਾ ਗਏ ਸਕੂਲ ਨੂੰ,
ਰੁਲਿਆ ਬਚਪਨ ਅਮੁੱਲ।
ਜ਼ਿੰਦਗੀ ਨੂੰ ਜੀਣ ਦੀ,
ਕਦੇ ਨਾ ਮਿਲੀ ਖੁੱਲ੍ਹ।
ਢਿੱਡ ਦੀ ਅੱਗ ਬੁਝਾਉਣ ਦਾ,
ਸਦਾ ਹੀ ਰਿਹਾ ਡਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਕਈ ਲੰਮੀਆਂ ਉਮਰਾਂ ਭੋਗਦੇ,
ਤੰਦਰੁਸਤ ਅਤੇ ਜਵਾਨ।
ਬਿਮਾਰੀ ਨਾਲ ਵੀ ਜੂਝਦੇ,
ਹੁੰਦਾ ਨਹੀਂ ਬਿਆਨ।
ਰੋਗ ਹੱਡਾਂ ਨੂੰ ਖਾ ਗਏ,
ਛੇਤੀ ਹੀ ਜਾਣ ਮਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਸੋਹਣੇ ਵੀ ਕਈ ਬਹੁਤ ਨੇ,
ਰੂਪ ਨੇ ਪਾਈ ਧਮਾਲ।
ਕਈ ਫਿਰਦੇ ਟੱਕਰਾਂ ਮਾਰਦੇ,
ਹੋਈ ਨਾ ਕੋਈ ਕਮਾਲ।
ਝੋਰਾ ਉਨ੍ਹਾਂ ਨੂੰ ਖਾ ਗਿਆ,
ਸਾਰੀ ਉਮਰ ਭਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਕਈਆਂ ਦੇ ਵਿਹੜੇ ਰੌਣਕਾਂ,
ਖੁਸ਼ੀਆਂ ਬੇਸ਼ੁਮਾਰ।
ਕਈਆਂ ਦੇ ਜਾਵੇ ਇੱਕ ਨਾ,
ਕਈਆਂ ਦੇ ਬੈਠੇ ਚਾਰ।
ਇਕਲਾਪਾ ਹੀ ਭੋਗਦੇ,
ਲੋਕ ਕਈ ਜੀਵਨ ਭਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਕਈ ਨੇ ਮੌਜਾਂ ਮਾਣਦੇ,
ਵਸਦੇ ਨਾਲ ਪਿਆਰ।
ਕਈਆਂ ਕੋਲ ਏ ਸਭ ਕੁੱਝ,
ਨਾ ਲੁੱਟੀ ਕਦੇ ਬਹਾਰ।
ਰਹਿਣ ਫ਼ਿਕਰ ‘ਚ ਝੂਰਦੇ,
ਮੁੱਕਣ ਨਾ ਕਦੇ ਡਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਹੱਕ ਬੇਗਾਨਾ ਖਾ ਰਹੇ,
ਰੋ ਰਹੇ ਹੱਕਦਾਰ।
ਧੋਖ਼ਾ ਦਿੰਦੇ ਦੇਸ਼ ਨੂੰ,
ਕੌਮ ਦੇ ਕਈ ਗਦਾਰ।
ਖੁਸ਼ੀਆਂ ਖੇੜੇ ਰਹੇ ਨਾ,
ਲਏ ਇਨ੍ਹਾਂ ਨੇ ਚਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਜ਼ੋਰਾਂ ‘ਤੇ ਹੈ ਹੋ ਰਿਹਾ,
ਚਿੱਟੇ ਦਾ ਕਾਰੋਬਾਰ।
ਕੇਹੀ ਨੇਰ੍ਹੀ ਵਗ ਤੁਰੀ,
ਪੈ ਗਈ ਭੈੜੀ ਮਾਰ।
ਮੌਤ ਦੇ ਸੌਦਾਗਰ,
ਅੱਜ ਕਿੰਨੇ ਹੋਏ ਨਿੱਡਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਮਹਿਲੀਂ ਕਰਨ ਨਿਵਾਸ ਕਈ,
ਖੁਸ਼ੀਆਂ ਵਿੱਚ ਪ੍ਰਭਾਤ।
ਕੱਚੀ ਕੁੱਲੀ ਚੋਅ ਪਵੇ,
ਹੋਈ ਜਦੋਂ ਬਰਸਾਤ।
ਰੁੜ ਜਾਂਦੀ ਵਿੱਚ ਹੜ੍ਹਾਂ ਦੇ,
ਜਾਏ ਭਾਰੀ ਵਰਖਾ ਵਰ੍ਹ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
ਸਾਥੋਂ ਭੇਤ ਨਾ ਪਾ ਹੋਵੇ,
ਕੀ ਮੌਲਾ ਦੇ ਰੰਗ।
ਰਜ਼ਾ ‘ਚ ਰਹਿਣਾ ਸਿੱਖੀਏ,
ਕਾਹਨੂੰ ਹੋਈਏ ਤੰਗ।
ਬਣਿਆ ਹੈ ਵਿਸ਼ਵਾਸ਼ ਜੇ,
ਲਈਏ ਸਭ ਕੁੱਝ ਜਰ।
ਕਿਵੇਂ ਡਾਢ੍ਹੇ ਨੂੰ ਆਖੀਏ,
ਤੂੰ ਇੰਜ ਨਾ ਕਰ।
– ਸੁਲੱਖਣ ਮਹਿਮੀ
+647-786-6329