Breaking News
Home / ਰੈਗੂਲਰ ਕਾਲਮ / ਖੇਤ ਜਾਣ ਦੀ ਖੁਸ਼ੀ ਕਿੱਥੇ ਗਈ!

ਖੇਤ ਜਾਣ ਦੀ ਖੁਸ਼ੀ ਕਿੱਥੇ ਗਈ!

ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਕਮਾਲ ਦੇ ਦਿਨ ਸਨ। ਜਿੱਦਣ ਸਕੂਲੋਂ ਛੁੱਟੀ ਹੋਣੀ, ਤਾਏ ਤੇ ਪਿਓ ਨਾਲ ਖੇਤ ਜਾਣ ਦੀ ਖੁਸ਼ੀ ਪੱਬਾਂ ਭਾਰ ਹੋ ਜਾਣੀ। ਸਵੇਰੇ ਉਠਦਿਆਂ ਹੀ ਮਾਂ ਨੂੰ ਆਖਣਾ, ”ਬੀਬੀਏ, ਅੱਜ ਖੇਤ ਜਾਊਂ ਮੈਂ ਰੋਕੀਂ ਨਾ…।” ਬੁੜੀਆਂ ਮਾੜਾ ਮੋਟਾ ਬੁੜ-ਬੁੜ ਕਰ ਕੇ ਚੁੱਪ ਹੋ ਜਾਂਦੀਆਂ। ਕਈ ਵਾਰੀ ਸਕੂਲੋਂ ਆਣ ਕੇ ਵੀ ਖੇਤ ਵੱਲ ਵਹੀਰ ਘੱਤ ਲੈਣੀ। ਨੰਗੇ ਪੈਰੀਂ ਕੱਚੇ ਪਹੇ ਉਤੇ ਭੱਜਣਾ ਤੇ ਜਾਣ ਬੁੱਝ ਕੇ ਸਾਹੋ-ਸਾਹੀ ਹੋਣਾ ਅਨੰਦਮਈ ਹੁੰਦਾ ਸੀ। ਖੇਤ ਦੀ ਆਥਣ ਮਨ ਨੂੰ ਮੱਲੋ-ਮੱਲੀ ਭਾਉਂਦੀ। ਪੰਛੀ ਚਹਿਕਾਰਾ ਪਾਉਂਦੇ, ਗੀਤ ਗਾਉਂਦੇ ਚੰਗੇ-ਚੰਗੇ ਲਗਦੇ। ਕਿਸਾਨ, ਮਜ਼ਦੂਰ ਤੇ ਮਜਦੂਰਨਾਂ ਸਿਰਾਂ ਉਤੇ ਨੀਰੇ-ਚਾਰੇ ਜਾਂ ਬਾਲਣ ਦੀਆਂ ਪੰਡਾਂ ਚੁੱਕੀ ਲਿਜਾਂਦੀਆਂ ਮੈਂ ਦੂਰ ਤੀਕ ਵੇਂਹਦਾ ਰਹਿੰਦਾ। ਗੱਡੇ, ਗੱਡੀਆਂ ਤੇ ਟਾਂਵੇ-ਟਾਂਵੇ ਰੇਹੜੇ ਵੀ ਨੀਰੇ-ਚਾਰੇ ਤੇ ਨਿੱਕ-ਸੁੱਕ ਨਾਲ ਭਰੇ ਲੰਬੀ ਕਤਾਰ ‘ઑਚ ਤੁਰੇ ਜਾਂਦੇ। ਜਦ ਅਸੀਂ ਨਿਆਣਿਆਂ ਨੇ ਖੇਤ ਜਾਣ ਦਾ ਨਾਂ ਲੈਣਾ, ਤਾਂ ਤਾਏ ਨੇ ਖਿਝਣਾ,”ਚਾਰ ਅੱਖਰ ਪੜ੍ਹਲੋ,ਖੇਤਾਂ ‘ਚ ਕੁਛ ਨੀ ਪਿਆ,ਅਸੀਂ ਸਾਰੀ ਉਮਰ ਕੱਢਲੀ ਖੇਤਾਂ ‘ਚ…ਖੇਤ ਨਾਲ ਖੇਤ ਹੋਏ ਪਏ ਆਂ… ਵੱਟਿਆ-ਖੱਟਿਆ ਕੁਛ ਨੀ।”
ਤਾਏ ਦੀ ਉਦੋਂ ਆਖੀ ਇਸ ઠਗੱਲ ਦੀ ઠਭੋਰਾ ਸਮਝ ਨਹੀਂ ਸੀ ਲੱਗੀ ਮੈਨੂੰ। ਖੈਰ! ਖੇਤ ਖੁਰ ਗਏ। ਤਾਏ ਹੁਰੀਂ ਤੁਰ ਗਏ। ਬੜਾ ਅਜੀਬ ਸਮਾਂ ਹੈ। ਖੁਰ ਗਏ ਖੇਤ ਦਾ ਟੋਟਾ ਹੁਣ ਆਪਣੇ ਵੱਲ ਖਿੱਚ੍ਹਦਾ ਨਹੀਂ। ਖੰਭ ਲਾ ਕੇ ਉਡ-ਪੁੱਡ ਗਈ ਕਿਧਰੇ ਖੇਤ ਜਾਣ ਦੀ ਖੁਸ਼ੀ! ਪੰਛੀਆਂ ਦਾ ਸੰਸਾਰ ਉੱਜੜ-ਪੁੱਜਣ ਗਿਐ। ਚਾਚਾ ਸ਼ਿਆਮ ਤੁਰਿਆ ਤੇ ਫਿਰ ਤਾਇਆ ਰਾਮ ਵੀ ਮਗਰੇ ਤੁਰ ਗਿਆ, ਕਹਿੰਦਾ ਸੀ-”ਜਦੋਂ ਛੋਟੇ ਭਰਾ ਤੁਰ ਜਾਣ ਵੱਡਿਆਂ ਬਹਿ ਕੇ ਕੀ ਕਰਨਾ?” ਅੱਠ ਸਾਲ ਪਹਿਲਾਂ ਮੇਰਾ ਪਿਤਾ ਵੀ ਝਕਾਨੀ ਦੇ ਗਿਆ।
”ਇਕ ਦਿਨ। ਘਰੇ ਕਿਸੇ ਗੱਲੋਂ ਲੜ ਪਿਆ ਸਾਂ। ਮਨ ਕੀਤਾ ਕਿ ਖੇਤ ਜਾਵਾਂ! ਸ਼ਾਇਦ ਉਥੇ ਵੱਡਿਆਂ ਦੀਆਂ ਰੂਹਾਂ ਮਿਲ ਪੈਣ। ઠਖੇਤ ਗਿਆ। ਨਿੱਕੀ ਜਿਹੀ ਨਿੰਮੜੀ ਹੇਠਾਂ ਜਾ ਖਲੋਤਾ। ਲੱਗਿਆ ਕਿ ਖੇਤ ਵੀ ਅੱਖਾਂ ਭਰੀ ਖੜਾ ਹੈ। ਨਿਹੋਰਾ ਦੇਂਦਾ ਹੈ। ਕਈ ਕੁਛ ਕਹਿੰਦਾ ਹੈ। ਮੈਂ ਵੀ ਅੱਖਾਂ ਭਰੀਆਂ ਤੇ ਝੱਗੇ ਨਾਲ ਪੂੰਝੀਆਂ। ઠਆਸ-ਪਾਸ ਝਾਕਿਆ ਕਿ ਕੋਈ ਦੇਖ ਨਾ ਲਵੇ ਕਿ ਰੋਂਦਾ ਕਾਹਤੋਂ ਹੈ। ਉਥੇ ਖੜ੍ਹਿਆਂ-ਖੜ੍ਹਿਆਂ ਸਾਰੇ ਬੜਾ ਚੇਤੇ ਆਏ, ਤਾਇਆ ਤੇ ਪਿਓ ਵੀ। ਸੀਰੀ ਰਤਨੇ ਬੌਰੀਏ ਹੁਰੀਂ ਤੇ ਪੱਕੇ ਦਿਹਾੜੀਏ ਗੱਜਣ ਤੇ ਅਧੀਏ ਹੁਰੀਂ ਵੀ। ਤਾਏ ਦੀ ਗੱਡੀ ਤੇ ਬੋਤੀ ਦੀ ਵੀ ਯਾਦ ਆਈ। ਟਾਹਲੀ ਤਾਂ ਬਹੁਤ ਚਿਰ ਪਹਿਲਾਂ ਵਢਾਅ ਦਿੱਤੀ ਸੀ। ਇਹਦੀ ਠੰਢੀ-ਮਿੱਠੀ ઠਛਾਂ ਨਹੀਂ ਭੁੱਲੀ ਕਦੇ। ਸਾਰੇ ਇਹਦੀ ਛਾਂਵੇਂ ਬਹਿੰਦੇ,ਤਿੱਖੜ ਦੁਪੈਹਰਾ ਕਟਦੇ। ਰੋਟੀ ਖਾਂਦੇ। ਏਹਦੇ ਹੇਠਾਂ ਹੀ ઠਟੋਆ ਪੱਟ ਕੇ ਤੇ ਤਿੰਨ-ਚਾਰ ਕੱਚੀਆਂ ਇੱਟਾਂ ਰੱਖ ਕੇ ઠਬਣਾਏ ਆਰਜੀ ਚੁੱਲੇ ਉਤੇ ਚਾਹ ਉਬਲਦੀ। ਪਾਣੀ ਵਾਲਾ ਘੜਾ ਤੇ ਝੱਜਰ ਇਸੇ ਟਾਹਲੀ ਥੱਲੇ ਹੁੰਦੇ ਸਨ। ਗਰਮੀਆਂ ਦੇ ਦਿਨੀਂ ਰੇਤਲੀ ਥਾਂ ਵਿਚ ਘੜਾ ਤੇ ਝੱਜਰ ਦੱਬ ਕੇ ਤੇ ਆਸ-ਪਾਸ ਪਾਣੀ ਛਿੜਕ ਦੇਂਦੇ। ਇਨ੍ਹਾਂ ਦਾ ઠਮੂੰਹ ਨੰਗਾ ਰੱਖ ਲੈਂਦੇ ਤੇ ਪਾਣੀ ਭਰਦੇ। (ਕਿਥੇ ਫਰਿੱਜਾਂ ਰੀਸਾਂ ਕਰਨ ਓਸ ਪਾਣੀ ਦੀਆਂ? ਦੁਪਹਿਰ ਨੂੰ ਥੱਕੇ ਹੋਏ ਕਦੇ-ਕਦੇ ઠਦੋ ਘੜੀਆਂ ਅੱਖ ਵੀ ਝਪਕ ਲੈਂਦੇ, ਪੱਠਿਆਂ ਵਾਲੀਆਂ ਪੱਲੀਆਂ ਹੀ ਹੇਠ ਵਿਛਾਅ ਲਈਆਂ ਜਾਂਦੀਆਂ।
ਸਾਡੇ ਤਿੰਨ ਖੇਤ ਸਨ। ਵੱਡੇ ਖੇਤ ਨੂੰ ‘ઑਸ਼ਾਹ ਵਾਲਾ ਖੇਤ ਆਖਦੇ, ਇਹ ਪਿੰਡੋਂ ਚਾਰ ਪੰਜ ਕਿਲੋਮੀਟਰ ਦੂਰ ਹੋਣਾ। ਪਿੰਡ ਨੇੜੇ ઠਸਿਵਿਆਂ ਕੋਲ ਵਾਲੇ ਖੇਤ ਨੂੰ ઑਖੂਹ ਵਾਲਾ ਖੇਤ’ ਆਖਦੇ, ਦਾਦੇ ਨੇ ਇਥੇ ਸਾਂਝਾ ਖੂਹ ਲੁਵਾਇਆ ਸੀ ਛੇ ਘਰਾਂ ਦਾ। (ਖੂਹ ਵਾਲੇ ਖੇਤ ਤੇ ਸਿਵਿਆਂ ਦੀ ਵੱਟ ਸਾਂਝੀ ਹੀ ਸਮਝੋ, ਵਿਚਾਲੇ ਦੀ ਖਾਲ ਜਾਂਦਾ ਹੈ। ਹੁਣ ਪਿੰਡ ‘ਚੋਂ ਕਿਸੇ ਦੇ ਸਸਕਾਰ ਸਮੇਂ ਜਦ ਸਿਵਿਆਂ ਨੂੰ ਜਾਈਦੈ, ਤਾਂ ਖੇਤ ਵੱਲ ਵੀ ਨਿਗਾ ਮਲੋਮਲੀ ਚਲੀ ਜਾਂਦੀ ਹੈ, ਇਥੇ ਪਿਓ ਤੇ ਤਾਏ ਨੇ ਡੂੰਘੇ ਹਲ ਵਾਹੇ। ਇਸ ਖੇਤ ਦਾ ਅੰਨ ਖਾ ਕੇ ਅਸੀਂ ਸਾਰੇ ਪਲੇ ਸੰਭੇ। ਸੋ, ਹੁਣ ਸਸਕਾਰ ਦੇ ਬਹਾਨੇ ਹੀ ਖੇਤ ਦੇ ਦਰਸ਼ਨ ਹੁੰਦੇ ਹਨ)। ਸਰਦੇ-ਪੁਜਦੇ ਸ਼ਾਹ ਸਨ। ਖੁੱਲੇ ਖੇਤਾਂ ਵਾਲੇ। ਖੁੱਲ੍ਹੀਆਂ ਹਵੇਲੀਆਂ ਵਾਲੇ। ਸਾਡੀ ਹਵੇਲੀ ਵਿਚ ਖੁਰਲੀਆਂ ਉਤੇ ઠਇਕਸਾਰ ਬੱਧੇ ਖਲੋਤੇ ਪਸ਼ੂ ਡੰਗਰ ਹਾਲੇ ਵੀ ਇਕ ਅਮਿੱਟ ਫੋਟੋ ਵਾਂਗ ਖੜ੍ਹੇ ਹਨ ਮੇਰੀਆਂ ਅੱਖਾਂ ਸਾਹਵੇਂ। ਮੱਝਾਂ ਦੁੱਧ ਲਾਹੁੰਦੀਆਂ ਨਾ ਥਕਦੀਆਂ,ਧਾਰਾਂ ਚੋਣ ਵੇਲੇ ਟੱਬਰ ਦੇ ਜੀਅ ਥੱਕ ਜਾਦੇ, ਏਨਾ ਦੁੱਧ ਉਤਰਦਾ ਸੀ ਪਸੂਆਂ ਨੂੰ।
”1995 ਸੀ। ਇਕ ਦਿਨ ਪਿਤਾ ਆਖਣ ਲੱਗਿਆ, ”ਅਧ ਪੱਕੇ ઠਘਰ ਵਿਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ,ਵਿਆਹ ਸ਼ਾਦੀਆਂ ਵੀ ਕਰਨੇ ਆ, ਕੁੜੀ ਵੀ ਕੱਦ ਕਰਗੀ, ਕਰਜਾ ਵੀ ਲਾਹੁੰਣਾ ਐਂ, ਵੱਡੀ ਹਵੇਲੀ ਵਿਕਣੀ ਨਹੀਂ, ਪਿੰਡ ‘ਚ ਕੌਣ ਲੈਂਦਾ ਐ ਐਨੀ ਥਾਂ? ਸਸਤੀ ਕਾਹਨੂੰ ਵੇਚਣੀ ਆ, ਕੌਡੀਆਂ ਦੇ ਭਾਅ…ਆਪਣਾ ਘਰ ਆ ਫੇਰ ਵੀ। ”ਪਿਤਾ ਦੇ ਮੱਥੇ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ ਸਨ।
ਆਖਿਰ, ਢਾਈ ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤਿੰਨ ਕਿੱਲੇ ਵੇਚ ਦਿੱਤੀ ਸ਼ਾਹ ਵਾਲੇ ਖੇਤੋਂ। ਜਿੱਦਣ ਜੱਟਾਂ ਨੂੰ ਰਜਿਸਟਰੀ ਕਰਵਾਉਣੀ ਸੀ ਮੈਂ ਫਰੀਦਕੋਟ ਨਾਲ ਗਿਆ ਸੀ ਪਿਤਾ ਦੇ। ਕਚਹਿਰੀਆਂ ‘ਚ ਚਾਹ ਵਾਲੇ ਖੋਖੇ ઠਅੰਦਰ ઠਢਿਚਕੂੰ ਢਿਚਕੂੰ ਕਰਦੇ ਬੈਂਚ ਉਤੇ ਬੈਠ ਚਾਹ ਪੀਂਦੇ ਪਿਓ ਨੇ ਅੱਖਾਂ ਭਰੀਆਂ ਤੇ ਛੇਤੀ ਹੀ ਪਰਨੇ ਨਾਲ ਪੂੰਝ ਲਈਆਂ। ਉਹ ਘਗਿਆਈ ਆਵਾਜ ‘ਚ ਬੋਲਿਆ,”ਮੇਰਾ ਕੇਹੜਾ ਜੀਆ ਕਰਦਾ ਐ ਵੇਚਣ ਨੂੰ ਕਮਲਿਓ, ਥੋਡੇ ਪਿਛੇ ਈ ਵੇਚਦਾ… ਵਈ ਵਿਆਹ ਹੋਜੇ ਥੋਡਾ ਤਿੰਨਾ ਭੈਣ ਭਰਾਵਾਂ ਦਾ, ਨਾਲੇ ਦੋ ਪੱਕੇ ਕਮਰੇ ਪਾ ਲਈਏ ਤੇ ਮੂਹਰੇ ਵਰਾਂਡਾ ਬਣਜੇ,ਬਾਕੀ ਲੈਣਾ ਦੇਣਾ ਲਹਿਜੂ ઠਦੋਵੇਂ ਬੈਂਕਾਂ ਦਾ।”
ਮੇਰਾ ਵੀ ਰੋਣ ਨੂੰ ઠਦਿਲ ਕੀਤਾ ਪਰ ਨਾ ਰੋਇਆ ਮੈਂ ਪਿਤਾ ਸਾਹਮਣੇ। ਉਦਾਸ ਬਹੁਤ ਹੋ ਗਿਆ ਸਾਂ। ਸੱਚੀਓਂ ਓਦਣ ਘਰ ਦੀ ਜੱਦੀ ਜਾਇਦਾਦ ਨਾਲ ਖਾਸਾ ઑਮੋਹ’ ਜਿਹਾ ਜਾਗਿਆ ਸੀ। ઠ
”ਪਾਪਾ ਫੇਰ ਆਪਾਂ ਸ਼ਾਹ ਵਾਲੇ ਖੇਤ ਤਾਂ ਨੀ ਜਾਇਆ ਕਰਦੇ ਹੁਣ ਗੱਡੀ ਬੋਤੀ ਜੋੜ ਕੇ?” ਮੇਰਾ ਸੁਆਲ ਸੁਣ ਪਿਤਾ ઠਕੁਛ ਬੋਲਿਆ ਨਹੀਂ। ਸਿਰਫ ઑਨਾਂਹ’ ਵਿਚ ਸਿਰ ਫੇਰਿਆ ਸੀ ਉਸਨੇ। ਉਦੋਂ ਮੇਰੇ ਸੁਆਲ ਦੇ ਜੁਆਬ ਲਈ ਸ਼ਬਦਾਂ ਨੇ ਪਿਤਾ ਦਾ ਸਾਥ ਨਹੀਂ ਸੀ ਦਿੱਤਾ ਹੋਣਾ।
ਵਸੀਕਾ ਨਵੀਸ ਦਾ ਮੁਨਸ਼ੀ ਸੱਦਣ ਆ ਗਿਆ, ”ਆਜਾ ਬਈ ਸੇਠਾ, ਤਸੀਲਦਾਰ ਬਹਿ ਗਿਆ ਐ, ਨਿਬੇੜੀਏ ਕੰਮ ਥੁਆਡਾ।”
ਜੱਟਾਂ ਨੇ ਸਾਢੇ ਸੱਤ ਲੱਖ ਰੁਪੈ ਸਾਨੂੰ ਪਹਿਲਾਂ ਈ ਫੜਾ ਦਿਤੇ ਹੋਏ ਸਨ। ਪਿਤਾ ਨੇ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿਚ ਪਾਏ ਪੈਸੇ ਕੱਛ ਵਿਚ ਲੈ ਰੱਖੇ ਸਨ ਘੁੱਟ ਕੇ।
ੲੲੲ
ਪਿੰਡ ਵਾਲੀ ਸਹਿਕਾਰੀ ਬੈਂਕ ਦਾ ਕਰਜਾ ਲਾਹੁੰਣਾ ਸੀ ਤੇ ਇਕ ਕੋਈ ઠਬੈਂਕ ਫਰੀਦਕੋਟ ਸੀ। ਲੈਂਡ ਮਾਰਗੇਜ ਬੈਂਕ ਤੋਂ ਪਿਤਾ ਨੇ ਸੱਤਰ ਹਜਾਰ ਦਾ ਕਰਜ ਚੁੱਕਿਆ ਸੀ ਤੇ ਵਿਆਜ ਪੈ-ਪੈ ਕੇ ਵਧੀ ਜਾਂਦਾ ਸੀ। (ਇਹ ਸਾਰੇ ਪੈਸੇ ਮੇਰੀ ਮਾਂ ਦੀ ਬੀਮਾਰੀ ਵਾਸਤੇ ਚੁੱਕੇ ਸਨ, ਮਾਂ ਨੂੰ ਗਾਇਨੀ ਦੀ ਸਮੱਸਿਆ ਸੀ ਤੇ ਉਹਦੀ ਬੱਚੇਦਾਨੀ ਕੱਢਣੀ ਪਈ ਸੀ)।
ਮੇਰੇ ਚਾਚੇ ਸ਼ਿਆਮ ਨੇ ਲੈਂਡ ਮਾਰਗੇਜ ਬੈਂਕ ਤੋਂ ਜਿਹੜਾ ਕਰਜਾ ਦੁਵਾਇਆ ਸੀ,ਉਹਦੇ ਵਿਚੋਂ ਭੋਲਾ ਮੋਟਰਾਂ ਵਾਲਾ ਤੇ ਚਾਚਾ ਸ਼ਿਆਮ ਕਮਿਸ਼ਨ ਵਾਹਵਾ ઠਛਕ ਗਏ ਸਨ,ਚਾਚੇ ਦੀ ਤੇ ਭੋਲੇ ਦੀ ਸੀਟੀ ਰਲੀ ਹੋਈ ਸੀ,ਭੋਲਾ ਤੇ ਚਾਚਾ ਕਿਸਾਨਾਂ ਨੂੰ ਇਸ ਬੈਂਕ ਤੋਂ ਕਰਜੇ ਦਿਲਵਾਉਂਦੇ ਰਹਿੰਦੇ ਸਨ। (ਇਹ ਗੱਲ ਮੈਨੂੰ ਬਹੁਤ ਸਾਲਾਂ ਮਗਰੋਂ ਬੈਂਕ ਦੇ ਮੈਨੈਜਰ ਰਹੇ ਸਰਵਨ ਸਿੰਘ ਗਿੱਲ ਨੇ ਦੱਸੀ ਸੀ)।
ੲੲੲ
ਸਾਡੇ ਖੇਤਾਂ ਦੀ ਵੰਡ-ਵੰਡਾਈ ਵੇਲੇ ਘਰੇ ਬਹੁਤਾ ਖੜਖੱਸਾ ਭਾਵੇਂ ਨਹੀਂ ਸੀ ਪਿਆ ਪਰ ਫਿਰ ਵੀ ਜੋ ਕੁਛ ਹੋਇਆ,ਉਹ ਭੁੱਲਣ ਵਾਲਾ ਨਹੀਂ। ਪਿਤਾ ਹੁਰਾਂ ਦਾ ਵੱਡਾ ਭਰਾਅ ਚਮਨ ਲਾਲ ਚਾਲੀ ਸਾਲਾਂ ਤੋਂ ਅੰਮ੍ਰਿਤਸਰ ਵੱਸ ਰਿਹਾ ਸੀ। ਉਹ ਆਪਣੇ ਹਿੱਸੇ ਦਾ ਖੇਤ ਚਾਚੇ ਸ਼ਿਆਮ ਨੂੰ ਠੇਕੇ ਉਤੇ ਦਿੰਦਾ ਤੇ ਸਾਲ ਬਾਅਦ ਹਿਸਾਬ-ਕਿਤਾਬ ਕਰਨ ਆਉਂਦਾ, ਤਾਂ ਹਰ ਵਾਰ ઠਕਲੇਸ਼ ਪੈਂਦਾ। ਤਾਇਆ ਖਿਝਦਾ-ਕੁੜ੍ਹਦਾ ਮੁੜ ਜਾਂਦਾ। ਕਹਿੰਦਾ ਸੀ ਕਿ ਉਹਦੇ ਪੱਲੇ ਕੁਝ ਨਹੀਂ ਪੈਂਦਾ, ਸਿਰਫ਼ ਗੇੜਾ ਹੀ ਪੈਂਦਾ ਹੈ।
ਜਦ ਅਸੀਂ ਆਪਣੇ ਹਿੱਸੇ ਦਾ ਖੇਤ ਵੇਚਕੇ ਘਰ ਵਾਲੀ ਥਾਵੇਂ ਤਿੰਨ ਕਮਰੇ ਤੇ ਇਕ ਵਰਾਂਡਾ ਪਾਉਣ ਵਾਸਤੇ ਨੀਂਹਾਂ ਪੁੱਟੀਆਂ ਤਾਂ ਤਾਇਆ ਚਮਨ ਲਾਲ ਤੇ ਤਾਈ ਬੱਸੇ ਬਹਿ ਕੇ ਅੰਮ੍ਰਿਤਸਰੋਂ ਆ ਗਏ। ਤਾਏ ਨੇ ਮੇਰੇ ਪਿਓ ਨੂੰ ਰੋਹਬ ਨਾਲ ਆਖਿਆ,”ਉਏ ਬਿੱਲੂ, ਤੂੰ ઠਕੀਹਨੂੰ ਪੁੱਛ ਕੇ ਏਹ ਕੰਮ ਕਰੀ ਜਾਨੈ, ਸਾਡਾ ਹੀਸਾ ਵੀ ਬਣਦੈ ਘਰ ਆਲੀ ਥਾਂ ‘ਚ, ਪਹਿਲਾਂ ਸਾਡਾ ਹੀਸਾ ਰੱਖ ਹੈਥੈ।”
ਪਿਤਾ ਭਬਕਿਆ,”ਚਿਮਨ, ਤੇਰਾ ਘਰ ਵਾਲਾ ਹੀਸਾ ਤੈਨੂੰ ਖੇਤੋਂ ਵਧ ਜ਼ਮੀਨ ਦੇਕੇ ਕਦੋਂ ਦਾ ਨਿਬੇੜਿਆ ਹੋਇਆ ਐ, ਲਿਖਤ ਵੀ ਹੋਈ ਐ ਆਪਣੀ, ਹੁਣ ਕਾਹਦਾ ਹੀਸਾ ਦੇਵਾਂ ਤੈਨੂੰ ਮੈਂ?”
ਤਾਈ ਜ਼ੋਰ-ਜ਼ੋਰ ਦੀ ਦੋਹੀਂ ਹੱਥੀਂ ਪਿੱਟਣ ਲੱਗੀ, ”ਹਾਏ-ਹਾਏ ਵੇ,ਥੁਆਡਾ ਕੱਖ ਨਾ ਰਹੇ ਸਾਡੀ ਥਾਂ ਦੱਬਣ ਵਾਲਿਓ, ਵੇ ਥੋਡਾ ਬੇੜਾ ਬਹਿਜੇ ਵੇ, ਵੇ ਤੁਸੀਂ ਜੁਆਨੀਓ ਜਾਵੋਂ ਵੇ ਮੋਇਓ…।” ઠਰੌਲਾ ਪਾਉਂਦੇ ਤਾਇਆ ਤੇ ਤਾਈ ਪੁੱਟੀਆਂ ਨੀਹਾਂ ਵਿਚ ਲੰਮੇ ਪੈ ਗਏ। ਗਲੀ ਗੁਆਂਢ ਵਾਲੇ ਉਨ੍ਹਾਂ ਨੂੰ ਉਠਾਉਣ, ਤਾਂ ਉਹ ਉੱਠਣ ਹੀ ਨਾ। ਆਖਣ ਕਿ ਪਹਿਲਾਂ ਸਾਡਾ ਹੀਸਾ ਦਿਵਾਓ,ਫੇਰ ਉਠਾਂਗੇ ਨਹੀਂ ਐਥੇ ਈ ਮਰਾਂਗੇ। ਕਲੇਸ਼ ਪਿਆ ਦੇਖ ਕੇ ਮਿਸਤਰੀ ਤੇ ਦਿਹਾੜੀਏ ਸਮਾਨ ਸਾਂਭਣ ਲੱਗੇ। ਮਿਸਤਰੀਆਂ ਨੇ ઠਆਪਣੀਆਂ ਕਰੰਡੀਆਂ, ਤੇਸੀਆਂ ਤੇ ਹਥੌੜੀਆਂ ਚੁੱਕ ਕੇ ਝੋਲਿਆਂ ਵਿਚ ਪਾ ਲਈਆਂ। ਮਜ਼ਦੂਰਾਂ ਨੇ ਗਾਰੇ ਦੇ ਭਰੇ ਬੱਠਲ ਮੂਧੇ ਮਾਰ ਦਿੱਤੇ। ઠਇੱਟਾਂ ਦੇ ਚਿਣੇ ਪਏ ਚੱਠੇ ਸੁੰਗੜਦੇ ਜਿਹੇ ਜਾਪੇ ਮੈਨੂੰ। ਸਾਨੂੰ ਨਿਆਣਿਆਂ ਨੂੰ ਖੁਸ਼ੀ ਚੜ੍ਹੀ ਹੋਈ ਸੀ ਕਿ ਸਾਡਾ ઑਨਵਾਂ ਘਰ’ ਬਣ ਰਿਹਾ ਹੈ ਤੇ ਸਾਰੇ ਮੌਜਾਂ ਨਾਲ ਪੱਕੇ ਘਰ ਵਿਚ ਰਿਹਾ ਕਰਾਂਗੇ। ਸਾਡੀ ਖੁਸ਼ੀ ਰੌਲੇ ਰੱਪੇ ਨੇ ઑਖੋਹ’ ਲਈ ਸੀ।
ੲੲੲઠ ઠ ઠ
ਹੁਣ ਫੇਰ ਪਿਛਾਂਹ ਪਰਤਣਾ ਪੈ ਰਿਹੈ। ઠਜ਼ਮੀਨ ਵੇਚ ਕੇ ਪਿਤਾ ਤੇ ਮੈਂ ਪਿੰਡ ਨੂੰ ਆਉਂਦੀ ਆਥਣ ਵਾਲੀ ਆਖੀਰਲੀ ਰੋਡਵੇਜ਼ ਦੀ ਬੱਸੇ ਬੈਠੇ ਆ ਰਹੇ ਹਾਂ। ਰੁਪੱਈਆਂ ਵਾਲਾ ਝੋਲਾ ਪਿਤਾ ਨੇ ਪੱਟਾਂ ਵਿਚ ਰੱਖ ਰੱਖਿਆ ਹੈ। ਨਾਲ ਮੈਂ ਬੈਠਾ ਹਾਂ। ਕਦੇ ઠਉਦਾਸ ਪਿਤਾ ਵੱਲ ਵੇਖਦਾ ਹਾਂ, ਕਦੇ ਪੱਟਾਂ ਉਤੇ ਪਏ ઠਝੋਲੇ ਵੱਲ। ਬਾਹਰ ਸੂਰਜ ਛਿਪਣ ਦੀ ਤਿਆਰੀ ਕਰ ਰਿਹੈ। ਪੰਛੀਆਂ ਵੀ ਆਲਣਿਆਂ ਵੱਲ ਚਾਲੇ ਪਾਏ ਨੇ। ਘਰ ਵੜੇ ਹਾਂ।
ਵਿਹੜੇ ‘ਚ ਮੰਜੇ ਉਤੇ ਬੈਠੀ ਦਾਦੀ ਆਲੂ ਚੀਰੀ ਜਾਂਦੀ ઠਹੈ। ਮਰੀ ਜਿਹੀ ਆਵਾਜ਼ ‘ਚ ਪੁਛਦੀ ਹੈ-”ਨਿਬੇੜ ਆਏ ਐਂ ਪੁੱਤ ਵੇ…? ਮੈਂ ਤਾਂ ਆਂਹਦੀ ਸੀ ਨਾ ਈ ਵੇਚਦੇ ਅਜੇ…।”
ਪਿਤਾ ਕੁਛ ਨਹੀਂ ਬੋਲਿਆ। ਉਹ ਕੱਚੇ ਕੋਠੇ ‘ਚ ਪਈ ਮਾਂ ਦੀ ਪੇਟੀ ਦੁਆਲੇ ਹੋ ਗਿਆ ਹੈ ਪੈਸਿਆ ਵਾਲਾ ਝੋਲਾ ਸਾਂਭਣ ਲਈ।
ਮੈਂ ਦਾਦੀ ਕੋਲ ਮੰਜੇ ਉਤੇ ਬੈਠਾ ਕਿ ਆਪ ਮੁਹਾਰੇ ਰੋਣ ਉਤਰ੍ਹ ਆਇਆ ਮੈਨੂੰ। ਛਾਤੀ ਨਾਲ ਲਾਉਂਦੀ ਦਾਦੀ ਨੇ ਭਰੇ ਗਲੇ ਨਾਲ ਆਖਿਆ, ”ਜੁਆਕਾਂ ਦੀ ਖੇਤ ਜਾਣ ਦੀ ਖੁਸ਼ੀ ਮਾਰਤੀ ઠਰੱਬ ਚੰਦਰੇ ਨੇ…ਆਪੇ ਦਿੰਦੈ…ਆਪੇ ਖੋਂਹਦਾ ਐ ਚੰਦਰਾ ਰੱਬ ਵੀ…।” ਘਰ ਦੇ ਵਿਹੜੇ ‘ਚ ਸੁੰਨ ਭਰੀ ਉਦਾਸੀ ਹੈ।

Check Also

ਸ਼ਾਂਤੀ ਤੇ ਸੇਵਾ ਦੇ ਪੁੰਜ-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਉੱਤਰੀ ਭਾਰਤ ਦੇ ਪੰਜਾਬ ਖਿੱਤੇ ਵਿਖੇ, ਰਮਣੀਕ ਸ਼ਿਵਾਲਿਕ …