Breaking News
Home / ਹਫ਼ਤਾਵਾਰੀ ਫੇਰੀ / ਪਾਕਿ ਨੇ ਕੀਤੀ ਚੰਗੀ ਪਹਿਲ : ਕਰਤਾਰਪੁਰ ਸਾਹਿਬਦੇ ਲਾਂਘੇ ਲਈ ਦਿਖਾਈ ਦਰਿਆ ਦਿਲੀ, ਹਵਾਈ ਲਾਂਘਾ ਵੀ ਖੋਲ੍ਹਿਆ

ਪਾਕਿ ਨੇ ਕੀਤੀ ਚੰਗੀ ਪਹਿਲ : ਕਰਤਾਰਪੁਰ ਸਾਹਿਬਦੇ ਲਾਂਘੇ ਲਈ ਦਿਖਾਈ ਦਰਿਆ ਦਿਲੀ, ਹਵਾਈ ਲਾਂਘਾ ਵੀ ਖੋਲ੍ਹਿਆ

ਬਿਨਾ ਵੀਜ਼ਾ ਹਰ ਰੋਜ਼ 5 ਹਜ਼ਾਰ ਸ਼ਰਧਾਲੂ ਕਰ ਸਕਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਵਾਹਗਾ ਸਰਹੱਦ ‘ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਐਤਵਾਰ ਨੂੰ ਹੋਈ ਦੂਜੇ ਗੇੜ ਦੀ ਅਹਿਮ ਬੈਠਕ ਵਿੱਚ 80 ਫੀਸਦੀ ਸ਼ਰਤਾਂ ‘ਤੇ ਸਹਿਮਤੀ ਬਣੀ। ਇਸ ਤਹਿਤ ਪਾਕਿਸਤਾਨ ਅਤੇ ਭਾਰਤ ਇਸ ਗੱਲ ‘ਤੇ ਸਹਿਮਤ ਹੋ ਗਏ ਕਿ ਗੁਰਦੁਆਰਾ ਕਰਤਾਰਪੁਰ ਵਿੱਚ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਜਾ ਸਕਣਗੇ। ਇਸ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਓਸੀਆਈ ਕਾਰਡਧਾਰਕਾਂ ਨੂੰ ਵੀ ਲਾਂਘੇ ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਲਾਂਘੇ ਵਿਚਲੇ ਅੜਿੱਕਿਆਂ ਬਾਰੇ ਪੁੱਛੇ ਜਾਣ ‘ਤੇ ਪਾਕਿਸਤਾਨ ਵਲੋਂ ਕਿਹਾ ਗਿਆ ਕਿ ਵੱਖ-ਵੱਖ ਹਿੱਸਿਆਂ ਵਿੱਚ ਇਹ ਮਸਲੇ ਵੀ ਹੱਲ ਕਰ ਲਏ ਜਾਣਗੇ। ਸੂਤਰਾਂ ਅਨੁਸਾਰ ਅੰਤਿਮ ਸਮਝੌਤੇ ਤੱਕ ਪੁੱਜਣ ਲਈ ਹਾਲੇ ਦੋ ਜਾਂ ਤਿੰਨ ਗੇੜ ਦੀ ਗੱਲਬਾਤ ਹੋਣੀ ਲਾਜ਼ਮੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਪਾਕਿਸਤਾਨ ਇਸ ਤੋਂ ਪਹਿਲਾਂ ਸਿੱਧਾਂਤਕ ਤੌਰ ‘ਤੇ ਪੁਲ ਦੀ ਉਸਾਰੀ ‘ਤੇ ਰਾਜ਼ੀ ਹੋ ਗਿਆ ਹੈ। ਪਾਕਿਸਤਾਨ ਨੇ ਮੀਟਿੰਗ ਵਿੱਚ ਹੋਈ ਗੱਲਬਾਤ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਸਫ਼ਾਰਤੀ ਰਸਾਈ ‘ਤੇ ਜ਼ੋਰ ਦਿੱਤਾ ਤਾਂ ਜੋ ਲੋੜ ਪੈਣ ‘ਤੇ ਸ਼ਰਧਾਲੂਆਂ ਨੂੰ ਸਹਾਇਤਾ ਦਿੱਤੀ ਜਾ ਸਕੇ। ਭਾਰਤ ਵੱਲੋਂ ਕਰਤਾਰਪੁਰ ਲਾਂਘੇ ਕੋਲ ਪੁਲ ਉਸਾਰਿਆ ਜਾ ਰਿਹਾ ਹੈ ਅਤੇ ਵਾਰਤਾ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਉਹ ਸ਼ਰਧਾਲੂਆਂ ਦੀ ਸੁਰੱਖਿਆ ਲਈ ਆਪਣੇ ਹਿੱਸੇ ਵੱਲ ਪੁਲ ਬਣਾਏ ਅਤੇ ਹੜ੍ਹਾਂ ਸਬੰਧੀ ਖ਼ਦਸ਼ਿਆਂ ਨੂੰ ਦੂਰ ਕਰੇ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਪ੍ਰਸਤਾਵਿਤ ਕਾਜ਼ਵੇਅ ਨਾਲ ਲੋਕਾਂ ਲਈ ਦਿੱਕਤਾਂ ਖੜ੍ਹੀਆਂ ਹੋਣਗੀਆਂ ਅਤੇ ਇਸ ਨੂੰ ਆਰਜ਼ੀ ਤੌਰ ‘ਤੇ ਵੀ ਨਹੀਂ ਬਣਾਇਆ ਜਾਣਾ ਚਾਹੀਦਾ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਫ਼ੌਰੀ ਪੁਲ ਉਸਾਰੇ ਜਾਣ ਦੀ ਸਿਧਾਂਤਕ ਤੌਰ ‘ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਰਾਵੀ ਦਰਿਆ ‘ਤੇ ਪੁਲ ਦੀ ਉਸਾਰੀ ਦਾ ਕੰਮ ਨਾ ਹੋਣ ਕਰ ਕੇ ਭਾਰਤ ਨੇ ਨਵੰਬਰ ‘ਚ ਲਾਂਘੇ ਨੂੰ ਖੋਲ੍ਹਣ ਦੇ ਆਰਜ਼ੀ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਹੈ।
ਉੱਚ ਪੱਧਰੀ ਮੀਟਿੰਗ ਵਿੱਚ ਭਾਰਤ ਵੱਲੋਂ ਜੁਆਇੰਟ ਸਕੱਤਰ ਐਸ ਸੀ ਐਲ ਦਾਸ ਜਦਕਿ ਪਾਕਿਸਤਾਨ ਵੱਲੋਂ ਦੱਖਣੀ ਏਸ਼ੀਆ ਅਤੇ ਸਾਰਕ ਦੇ ਡਾਇਰੈਕਟਰ ਜਨਰਲ ਡਾ. ਮੁਹੰਮਦ ਫੈਸਲ ਦੀ ਅਗਵਾਈ ਹੇਠ ਵਫ਼ਦ ਨੇ ਹਿੱਸਾ ਲਿਆ। ਪੰਜਾਬ ਸਰਕਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਹੁਸਨ ਲਾਲ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀਜ਼ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਕਰੀਬ ਤਿੰਨ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਆਪੋ-ਆਪਣੇ ਸੁਝਾਅ ਤੇ ਸ਼ਰਤਾਂ ਪੇਸ਼ ਕੀਤੀਆਂ ਗਈਆਂ। ਸੰਯੁਕਤ ਸਕੱਤਰ ਐਸ ਸੀ ਐਲ ਦਾਸ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਪੂਰਾ ਸਾਲ ਵੀਜ਼ਾ ਮੁਕਤ ਯਾਤਰਾ ਦੀ ਗੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਰੋਜ਼ਾਨਾ 5000 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਸ਼ਰਧਾਲੂ ਇਕੱਲੇ ਜਾਂ ਜਥੇ ਦੇ ਰੂਪ ਵਿੱਚ ਵੀ ਜਾ ਸਕਣਗੇ ਤੇ ਪੈਦਲ ਜਾਣ ਦੀ ਇਜ਼ਾਜ਼ਤ ਵੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਖ਼ਾਸ ਮੌਕਿਆਂ ‘ਤੇ 10 ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਆਗਿਆ ਦੇਣ ਦੀ ਮੰਗ ਵੀ ਕੀਤੀ ਗਈ ਹੈ। ਭਾਰਤ ਨੇ ਪਾਕਿਸਤਾਨ ਨੂੰ ਦੱਸਿਆ ਕਿ ਉਹ ਰੋਜ਼ਾਨਾ 15 ਹਜ਼ਾਰ ਸ਼ਰਧਾਲੂਆਂ ਨੂੰ ਸੰਭਾਲਣ ਦੀ ਤਿਆਰੀ ਕਰ ਰਿਹਾ ਹੈ।
ਭਾਰਤ ਨੇ ਮੰਗ ਕੀਤੀ ਕਿ ਪਾਕਿਸਤਾਨ ਸ਼ਰਧਾਲੂਆਂ ਤੋਂ ਪਰਮਿਟ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਫੀਸ ਨਾ ਵਸੂਲੇ। ਭਾਰਤ ਨੇ ਪਰਮਿਟ ਸਿਸਟਮ ਨਾ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਅਕਤੂਬਰ ਅਤੇ ਨਵੰਬਰ ਵਿੱਚ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਾਣ ਵਾਲੇ ਨਗਰ ਕੀਰਤਨ ਨੂੰ ਇਜਾਜ਼ਤ ਦੇਣ ਦੀ ਮੰਗ ਕੀਤੀ।
ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਜ਼ਰੂਰਤ ਨੂੰ ਹਟਾਉਣ ਲਈ ਪਾਕਿਸਤਾਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਪਾਸਪੋਰਟ ਦੀ ਸ਼ਰਤ ਵੀ ਹਟਾਉਣ ਦੀ ਅਪੀਲ ਕੀਤੀ ਤਾਂ ਜੋ ਪੇਂਡੂ ਇਲਾਕਿਆਂ ਤੋਂ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹੂਲਤ ਮਿਲ ਸਕੇ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਹੋਰ ਮੰਗਾਂ ਨੂੰ ਵੀ ਪ੍ਰਵਾਨ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ‘ਤੇ ਜ਼ੋਰ ਪਾਇਆ ਜਾਵੇਗਾ। ਉਨ੍ਹਾਂ ਪਾਕਿਸਤਾਨ ਵੱਲੋਂ ਓਸੀਆਈ ਅਤੇ ਪੀਆਈਓ ਕਾਰਡ ਹੋਲਡਰਾਂ ਨੂੰ ਇਜਾਜ਼ਤ ਦੇਣ ਤੇ ਰਾਵੀ ਦਰਿਆ ‘ਤੇ ਪੁਲ ਦੀ ਉਸਾਰੀ ਕਰਨ ਲਈ ਭਾਰਤ ਦੀ ਮੰਗ ‘ਤੇ ਸਹਿਮਤੀ ਪ੍ਰਗਟਾਉਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਗਾਂਹਵਧੂ ਕਦਮ ਦੱਸਿਆ।
ਚਹੁੰ-ਮਾਰਗੀ ਰਾਜਮਾਰਗ 30 ਸਤੰਬਰ ਤੱਕ ਹੋਵੇਗਾ ਤਿਆਰ
ਨਵੀਂ ਦਿੱਲੀ: ਗੁਰਦਾਸਪੁਰ-ਅੰਮ੍ਰਿਤਸਰ ਸੜਕ ਨੂੰ ਕੌਮਾਂਤਰੀ ਸਰਹੱਦ ‘ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜਨ ਲਈ ਚਹੁੰ ਮਾਰਗੀ ਰਾਜਮਾਰਗ 30 ਸਤੰਬਰ ਤਕ ਬਣ ਕੇ ਤਿਆਰ ਹੋ ਜਾਵੇਗਾ। ਸਰਕਾਰੀ ਬਿਆਨ ਮੁਤਾਬਕ ਰਾਜਮਾਰਗ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਹੈ ਅਤੇ ਪ੍ਰਾਜੈਕਟ ਦਾ ਅੱਧਾ ਕੰਮ ਸਿਰੇ ਚੜ੍ਹ ਚੁੱਕਿਆ ਹੈ। 4.19 ਕਿਲੋਮੀਟਰ ਲੰਬਾ ਰਾਜਮਾਰਗ 120 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
80 ਫੀਸਦੀ ਗੱਲਾਂ ‘ਤੇ ਦੋਵੇਂ ਦੇਸ਼ ਸਹਿਮਤ
ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਲਾਂਘੇ ਨੂੰ ਸ਼ੁਰੂ ਕਰਨ ਬਾਰੇ ਖਰੜਾ ਸਮਝੌਤੇ ‘ਤੇ ਦੋਹਾਂ ਦੇਸ਼ਾਂ ਵਿਚਕਾਰ 80 ਫੀਸਦੀ ਤੋਂ ਵੀ ਵੱਧ ਗੱਲਾਂ ‘ਤੇ ਸਹਿਮਤੀ ਬਣ ਗਈ ਹੈ। ਪਾਕਿਸਤਾਨੀ ਵਫਦ ਦੀ ਅਗਵਾਈ ਕਰ ਰਹੇ ਮੁਹੰਮਦ ਫੈਸਲ ਨੇ ਕਿਹਾ ਕਿ ਲਾਂਘੇ ਸਬੰਧੀ ਗੱਲਬਾਤ ਵਿਚ ਉਸਾਰੂ ਪ੍ਰਗਤੀ ਹੋਈ ਹੈ। ਦੋਹਾਂ ਦੇਸ਼ਾਂ ਦਰਮਿਆਨ 80 ਫੀਸਦੀ ਤੋਂ ਵੀ ਵੱਧ ਦੀ ਸਹਿਮਤੀ ਬਣੀ ਹੈ।
ਬਾਬਾ ਗੁਰੂ ਨਾਨਕ ਯੂਨੀਵਰਸਿਟੀઠਦਾ ਸ੍ਰੀ ਨਨਕਾਣਾ ਸਾਹਿਬ ‘ਚ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ : ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਰ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਗੈਰ-ਰਸਮੀ ਨੀਂਹ ਪੱਥਰ ਰੱਖਦਿਆਂ ਦੱਸਿਆ ਕਿ 10 ਏਕੜ ਵਿਚ ਉਸਾਰੀ ਜਾਣ ਵਾਲੀ ਉਕਤ ਯੂਨੀਵਰਸਿਟੀ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ। ਇਸ ਮੌਕੇ ਮੰਤਰੀ ਬ੍ਰਿਗੇਡੀਅਰ (ਸੇਵਾ ਮੁਕਤ) ਇਜਾਜ਼ ਸ਼ਾਹ ਅਤੇ ਐਮ.ਪੀ.ਏ. ਅਤੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਵੀ ਹਾਜ਼ਰ ਸਨ। ਮੁੱਖ ਮੰਤਰੀ ਵਲੋਂ ਸ੍ਰੀ ਨਨਕਾਣਾ ਸਾਹਿਬ ਵਿਚ ਲਹਿੰਦੇ ਪੰਜਾਬ ਦੇ ਪਹਿਲੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਮੋਟਲ (ਸਰਾਂ) ਦਾ ਵੀ ਉਦਘਾਟਨ ਕੀਤਾ ਗਿਆ।
ਪਾਕਿ ਨੇ 140 ਦਿਨਾਂ ਬਾਅਦ ਭਾਰਤੀ ਹਵਾਈ ਜਹਾਜ਼ਾਂ ਲਈ ਖੋਲ੍ਹਿਆ ਆਪਣਾ ਲਾਂਘਾ
ਨਵੀਂ ਦਿੱਲੀ : ਪਾਕਿ ਦੇ ਇਸਲਾਮਾਬਾਦ ਨੇ ਆਪਣਾ ਹਵਾਈ ਖੇਤਰ ਸਾਰੀਆਂ ਸਿਵਲ ਉਡਾਣਾਂ ਲਈ ਖੋਲ੍ਹ ਦਿੱਤਾ। ਹਵਾਈ ਲਾਂਘਾ ਖੁੱਲ੍ਹਣ ਨਾਲ ਹੁਣ ਭਾਰਤ ਤੇ ਪਾਕਿਸਤਾਨ ਦਰਮਿਆਨ ਹਵਾਈ ਆਵਾਜਾਈ ਆਮ ਵਾਂਗ ਚੱਲ ਸਕੇਗੀ। ਭਾਰਤੀ ਹਵਾਈ ਫ਼ੌਜ ਵੱਲੋਂ 26 ਫਰਵਰੀ ਨੂੰ ਬਾਲਾਕੋਟ ਵਿੱਚ ਕੀਤੇ ਹਵਾਈ ਹਮਲਿਆਂ ਮਗਰੋਂ ਪਾਕਿਸਤਾਨ ਦਾ ਹਵਾਈ ਖੇਤਰ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਬੰਦ ਪਿਆ ਸੀ। ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਮੰਗਲਵਾਰ ਅੱਧੀ ਰਾਤ ਨੂੰ ਭਾਰਤੀ ਸਮੇਂ ਅਨੁਸਾਰ 12:41 ਵਜੇ ਏਅਰਮੈੱਨ ਨੂੰ ਨੋਟਿਸ ਜਾਰੀ ਕਰਦਿਆਂ ਮੁਲਕ ਦਾ ਹਵਾਈ ਖੇਤਰ ਤੁਰੰਤ ਪ੍ਰਭਾਵ ਤੋਂ ਹਰ ਤਰ੍ਹਾਂ ਦੇ ਸਿਵਲ ਟਰੈਫਿਕ ਲਈ ਖੋਲ੍ਹਣ ਦਾ ਐਲਾਨ ਕਰ ਦਿੱਤਾ। ਗੁਆਂਢੀ ਮੁਲਕ ਦੀ ਇਸ ਪੇਸ਼ਕਦਮੀ ਤੋਂ ਫ਼ੌਰੀ ਮਗਰੋਂ ਭਾਰਤ ਨੇ ਵੀ ‘ਸੋਧਿਆ ਨੋਟਮ’ ਜਾਰੀ ਕੀਤਾ। ਭਾਰਤ ਨੇ ਮਗਰੋਂ ਐਲਾਨ ਕੀਤਾ ਕਿ ਦੋਵਾਂ ਮੁਲਕਾਂ ਵਿਚਾਲੇ ਹਵਾਈ ਆਵਾਜਾਈ ਆਮ ਵਾਂਗ ਬਹਾਲ ਹੋ ਗਈ ਹੈ। ਇਸ ਐਲਾਨ ਤੋਂ ਘੰਟਿਆਂ ਕੁ ਮਗਰੋਂ ਭਾਰਤੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਉਡਾਣਾਂ ਨੇ ਨੇੜਲੇ ਹਵਾਈ ਰੂਟਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਪੇਸ਼ਕਦਮੀ ਨਾਲ ਏਅਰਲਾਈਨਾਂ ਤੇ ਹਵਾਈ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੀ ਹੈ। ਪਾਕਿ ਵਲੋਂ ਆਪਣਾ ਲਾਂਘਾ ਖੋਲ੍ਹ ਦੇਣ ਤੋਂ ਬਾਅਦ ਹੁਣ ਭਾਰਤ ਤੋਂ ਅਮਰੀਕਾ ਜਾਣ ਲਈ ਸਾਢੇ 4 ਘੰਟਿਆਂ ਦੀ ਬੱਚਤ ਹੋਵੇਗੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਹਵਾਈ ਲਾਂਘਾ ਬੰਦ ਰਹਿਣ ਕਰਕੇ ਏਅਰ ਇੰਡੀਆ ਨੂੰ ਲੰਮਾ ਰੂਟ ਲੈਣ ਕਰਕੇ 491 ਕਰੋੜ ਰੁਪਏ ਦਾ ਵੱਡਾ ਵਿੱਤੀ ਘਾਟਾ ਝੱਲਣਾ ਪਿਆ ਹੈ। ਪਾਕਿਸਤਾਨ ਨੇ 26 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਟਿਕਾਣਿਆਂ ‘ਤੇ ਕੀਤੇ ਹਮਲੇ ਮਗਰੋਂ ਆਪਣਾ ਹਵਾਈ ਖੇਤਰ ਸਿਵਲ ਉਡਾਣਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਹਾਲਾਂਕਿ ਪਾਕਿਸਤਾਨ ਨੇ ਇਸ ਦੌਰਾਨ ਆਪਣੇ 11 ਰੂਟਾਂ ਵਿਚੋਂ ਦੋ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ, ਪਰ ਇਹ ਦੋਵੇਂ ਰੂਟ ਮੁਲਕ ਦੇ ਦੱਖਣੀ ਖੇਤਰ ਉਪਰੋਂ ਦੀ ਲੰਘਦੇ ਸੀ।
ਏਅਰ ਇੰਡੀਆ ਦੀ ਦਿੱਲੀ-ਟੋਰਾਂਟੋ ਸਿੱਧੀ ਉਡਾਣ ਸਤੰਬਰ ਤੋਂ : ਦੁਬਈ : ਭਾਰਤ ਦੀ ਕੌਮੀ ਹਵਾਈ ਕੰਪਨੀ ਏਅਰ ਇੰਡੀਆ 27 ਸਤੰਬਰ ਨੂੰ ਵਰਲਡ ਟੂਰਿਜ਼ਮ ਦਿਵਸ ‘ਤੇ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ। ਭਾਵੇਂ ਵਧ ਰਹੇ ਕਰਜ਼ ਕਾਰਨ ਏਅਰ ਇੰਡੀਆ ‘ਤੇ ਨਿੱਜੀਕਰਨ ਦਾ ਖ਼ਤਰਾ ਮੰਡਰਾ ਰਿਹਾ ਹੈ ਫਿਰ ਵੀ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਏਅਰਲਾਈਨ ਵੱਲੋਂ ਨੈਰੋਬੀ, ਕੀਨੀਆ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਅਕਤੂਬਰ ਵਿਚ ਸ਼ੁਰੂ ਹੋ ਸਕਦੀ ਹੈ।
ਏਅਰ ਇੰਡੀਆ ਨੂੰ ਆਏਗਾ ਸਾਹ : ਪਾਕਿਸਤਾਨ ਵੱਲੋਂ ਕਮਰਸ਼ੀਅਲ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਮਗਰੋਂ ਏਅਰ ਇੰਡੀਆ ਨੇ ਕਿਹਾ ਕਿ ਅਮਰੀਕਾ ਤੇ ਯੂਰੋਪ ਜਾਂਦੀਆਂ ਇਕ-ਪਾਸੜ ਉਡਾਣਾਂ ਦੀ ਅਪਰੇਸ਼ਨਲ ਲਾਗਤ ਕ੍ਰਮਵਾਰ 20 ਲੱਖ ਤੇ ਪੰਜ ਲੱਖ ਰੁਪਏ ਤਕ ਘਟੇਗੀ। ਪਾਕਿਸਤਾਨ ਦਾ ਹਵਾਈ ਖੇਤਰ ਬੰਦ ਰਹਿਣ ਕਰਕੇ ਏਅਰ ਇੰਡੀਆ ਨੂੰ ਆਪਣੀਆਂ ਕਈ ਕੌਮਾਂਤਰੀ ਉਡਾਣਾਂ ਦਾ ਰੂਟ ਬਦਲਣਾ ਪਿਆ ਸੀ। ਬਦਲਵੇਂ ਰੂਟਾਂ ਕਰਕੇ ਏਅਰ ਇੰਡੀਆ ਨੂੰ ਲਗਪਗ 491 ਕਰੋੜ ਰੁਪਏ ਦਾ ਘਾਟਾ ਪਿਆ ਸੀ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …