Breaking News
Home / ਪੰਜਾਬ / ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਨਹੀਂ ਕਰੇਗੀ ਸਮਝੌਤਾ

ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਨਹੀਂ ਕਰੇਗੀ ਸਮਝੌਤਾ

‘ਆਪ’ ਤੇ ਕਾਂਗਰਸ ਵਿਚ ਹੋ ਰਹੇ ਸਮਝੌਤੇ ਦੀ ਚਰਚਾ ਨੂੰ ਭਗਵੰਤ ਮਾਨ ਨੇ ਨਕਾਰਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਜਾਂ ਕੌਮੀ ਪੱਧਰ ‘ਤੇ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ। ਪਿਛਲੇ ਸਮੇਂ ਦੌਰਾਨ ਪਾਰਟੀ ਦੀਆਂ ਕੌਮੀ ਕਾਰਜਕਾਰਨੀ ਤੇ ਕੌਮੀ ਕੌਂਸਲ ਦੀਆਂ ਹੋਈਆਂ ਮੀਟਿੰਗਾਂ ਵਿਚ ਅਜਿਹਾ ਕੋਈ ਫ਼ੈਸਲਾ ਨਹੀਂ ਹੋਇਆ ਹੈ। ‘ਆਪ’ ਦੇ ਵਿਧਾਇਕ ਐਡਵੋਕੇਟ ਐੱਚ.ਐੱਸ. ਫੂਲਕਾ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਵੱਲੋਂ ਆਪੋ-ਆਪਣੀਆਂ ਪਾਰਟੀਆਂ ਤੋਂ ਦਿੱਤੇ ਅਸਤੀਫ਼ਿਆਂ ਤੋਂ ਬਾਅਦ ਚਰਚਾ ਚੱਲ ਪਈ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਨੇ ‘ਆਪ’ ਤੇ ਕਾਂਗਰਸ ਵਿਚਕਾਰ ਚੋਣ ਸਮਝੌਤਾ ਹੋਣ ਕਾਰਨ ਰੋਸ ਵਜੋਂ ਅਸਤੀਫ਼ੇ ਦਿੱਤੇ ਹਨ। ਇਸੇ ਤਰ੍ਹਾਂ ਦਿੱਲੀ ਤੋਂ ‘ਆਪ’ ਦੀ ਵਿਧਾਇਕ ਅਲਕਾ ਲਾਂਬਾ ਦੇ ਆਏ ਇਕ ਟਵੀਟ ਤੋਂ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ‘ਆਪ’ ਨੇ ਅੰਦਰਖਾਤੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਹੈ। ‘ਆਪ’ ਦੇ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਨਾ ਤਾਂ ਪੰਜਾਬ ਵਿਚ ਅਤੇ ਨਾ ਹੀ ਕੌਮੀ ਪੱਧਰ ‘ਤੇ ਕਾਂਗਰਸ ਨਾਲ ਗੱਠਜੋੜ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਂ ਪਾਰਟੀ ਵੱਲੋਂ ਕਾਂਗਰਸ ਨਾਲ ਚੋਣ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਸ ਸੂਬੇ ਵਿਚ ਜਿੱਥੇ ਕਾਂਗਰਸ ਹੁਕਮਰਾਨ ਪਾਰਟੀ ਹੈ, ਉਥੇ ਹੀ ‘ਆਪ’ ਮੁੱਖ ਵਿਰੋਧੀ ਪਾਰਟੀ ਹੈ, ਜਿਸ ਕਾਰਨ ਹੁਕਮਰਾਨ ਪਾਰਟੀ ਨਾਲ ਵਿਰੋਧੀ ਧਿਰ ਦਾ ਸਮਝੌਤਾ ਹੋਣਾ ਸੰਭਵ ਹੀ ਨਹੀਂ ਹੈ। ਮਾਨ ਨੇ ਕਿਹਾ ਕਿ ਪਾਰਟੀ ਦਿੱਲੀ, ਹਰਿਆਣਾ, ਗੋਆ ਤੇ ਚੰਡੀਗੜ੍ਹ ਵਿਚ ਵੀ ਕਾਂਗਰਸ ਨਾਲ ਚੋਣ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਪਾਰਟੀ ਵੱਲੋਂ ਚੋਣ ਸਮਝੌਤਾ ਕਰਨ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ ਤੇ ਕੌਮੀ ਪੱਧਰ ‘ਤੇ ਲੀਡਰਸ਼ਿਪ ਨੇ ਅਜਿਹਾ ਕੋਈ ਫ਼ੈਸਲਾ ਨਹੀਂ ਕੀਤਾ। ਮਾਨ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਗੱਲ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਕਾਂਗਰਸ ਨਾਲ ਗੱਠਜੋੜ ਕਰਨ ਦਾ ਕੋਈ ਇਰਾਦਾ ਨਹੀਂ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …