ਪੰਜਾਬ ਕਾਂਗਰਸ ’ਚ ਵਧੀ ਹਲਚਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਬੁੱਧਵਾਰ ਨੂੰ ਸਿਆਸੀ ਧਮਾਕਾ ਕਰਨਗੇ। ਇਸ ਲਈ ਅਮਰਿੰਦਰ ਸਿੰਘ ਪਿਛਲੇ ਕਰੀਬ ਇਕ ਮਹੀਨੇ ਤੋਂ ਕੰਮ ਕਰ ਰਹੇ ਹਨ। ਕੈਪਟਨ ਨੇ ਭਲਕੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਵੀ ਬੁਲਾ ਲਈ ਹੈ ਅਤੇ ਉਹ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਇਸ ਕਰਕੇ ਹੀ ਪੰਜਾਬ ਕਾਂਗਰਸ ਵਿਚ ਹਲਚਲ ਤੇਜ਼ ਹੋ ਗਈ ਹੈ। ਅਮਰਿੰਦਰ ਦੀ ਨਵੀਂ ਸਰਗਰਮੀ ਦਾ ਪਤਾ ਲੱਗਦਿਆਂ ਹੀ ਪੰਜਾਬ ਕਾਂਗਰਸ ਨੇ ਆਪਣੇ ਵਿਧਾਇਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੱਡੇ ਆਗੂਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਅਮਰਿੰਦਰ ਦੇ ਨਾਲ ਕਈ ਦਿੱਗਜ਼ ਆਗੂੁ ਵੀ ਪ੍ਰੈਸ ਕਾਨਫਰੰਸ ਵਿਚ ਨਜ਼ਰ ਆ ਸਕਦੇ ਹਨ। ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੰਤਰੀ ਅਹੁਦੇ ਤੋਂ ਹਟਾਏ ਗਏ ਵਿਧਾਇਕਾਂ ’ਤੇ ਸਾਰਿਆਂ ਦੀ ਨਜ਼ਰ ਹੈ। ਇਨ੍ਹਾਂ ਵਿਚ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂੁ ਅਤੇ ਸੁੰਦਰ ਸ਼ਾਮ ਅਰੋੜਾ ਸ਼ਾਮਲ ਹਨ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਦੇ ਕਰੀਬ 15 ਵਿਧਾਇਕ, ਕੈਪਟਨ ਅਮਰਿੰਦਰ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ।