Breaking News
Home / ਪੰਜਾਬ / ਹੁਣ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਵੀ ਸੜਕਾਂ ‘ਤੇ ਉਤਰਨਗੇ ਕਿਸਾਨ

ਹੁਣ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਵੀ ਸੜਕਾਂ ‘ਤੇ ਉਤਰਨਗੇ ਕਿਸਾਨ

ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ਼ 29 ਜੂਨ ਨੂੰ ਸਮਰਾਲਾ ‘ਚ ਹੋਵੇਗਾ ਵਿਸ਼ਾਲ ਟਰੈਕਟਰ ਰੋਸ ਮਾਰਚ : ਰਾਜੇਵਾਲ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਹੁਰਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਜਿੱਥੇ ਤਾੜਨਾ ਕੀਤੀ, ਉਥੇ ਹੀ ਉਨ੍ਹਾਂ ਐਲਾਨ ਕੀਤਾ ਕਿ 29 ਜੂਨ ਨੂੰ ਸਮਰਾਲਾ ਵਿਚ ਵਿਸ਼ਾਲ ਟਰੈਕਟਰ ਰੋਸ ਮਾਰਚ ਹੋਵੇਗਾ। ਬਲਬੀਰ ਸਿੰਘ ਰਾਜੇਵਾਲ ਹੁਰਾਂ ਨੇ ਦੱਸਿਆ ਕਿ ਇਸ ਮੌਕੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਜਿੱਥੇ ਹਰ ਵਰਗ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ, ਉਥੇ ਹੀ ਡੀਜ਼ਲ ਜਿਸ ਭਾਅ ਵਿਕ ਰਿਹਾ ਹੈ, ਉਸ ਨੇ ਕਿਸਾਨਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਹ ਸਭ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਦੀ ਲੁੱਟ ਦਾ ਨਤੀਜਾ ਹੈ। ਅੱਜ ਕਿਸਾਨ, ਟਰਾਂਸਪੋਰਟਰ, ਇੰਡਸਟਰੀਇਸਟ ਅਤੇ ਆਮ ਵਰਗ ਦੀ ਵਿੱਤੋਂ ਬਾਹਰ ਹੁੰਦਾ ਜਾ ਰਿਹਾ ਹੈ ਕਿ ਉਹ ਪੈਟਰੋਲ-ਡੀਜ਼ਲ ਖਰੀਦਣ ਸਕਣ। ਇਸ ਮੁੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ 29 ਜੂਨ ਨੂੰ ਸਵੇਰੇ 10:30 ਵਜੇ ਸਮਰਾਲਾ ਵਿਚ ਵਿਸ਼ਾਲ ਟਰੈਕਟਰ ਰੋਸ ਮਾਰਚ ਕੱਢਣ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਮਰਾਲਾ ਦੇ ਮਾਲਵਾ ਕਾਲਜ (ਬੌਂਦਲੀ) ਦੇ ਮੂਹਰੇ ਸਵੇਰੇ 10:30 ਟਰੈਕਟਰਾਂ ਸਣੇ ਵੱਡੀ ਇਕੱਤਰਤਾ ਹੋਵੇਗੀ ਅਤੇ ਟਰੈਕਟਰਾਂ ਨੂੰ ਰੱਸੇ ਪਾ ਕੇ ਖਿੱਚ ਕੇ ਐਸ ਡੀਐਮ ਦੇ ਦਫ਼ਤਰ ਤੱਕ ਲਿਜਾਇਆ ਜਾਵੇਗਾ ਅਤੇ ਰੋਸ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਇਨ੍ਹਾਂ ਕੀਮਤਾਂ ਨੂੰ ਘਟਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਐਕਸਾਈਜ਼ ਡਿਊਟੀ ਤੇ ਸੂਬਾ ਸਰਕਾਰ ਆਪਣੇ ਵੈਟ ਘਟਾਵੇ। ਰਾਜੇਵਾਲ ਹੁਰਾਂ ਨੇ ਕਿਹਾ ਕਿ 29 ਜੂਨ ਦਾ ਧਰਨਾ ਸੰਕੇਤਕ ਹੈ, ਜੇ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਨੱਥ ਨਾ ਪਾਈ ਤਾਂ ਆਉਂਦੇ ਦਿਨਾਂ ਵਿਚ ਪੰਜਾਬ ਸਣੇ ਦੇਸ਼ ਭਰ ਵਿਚ ਵਿਸ਼ਾਲ ਰੋਸ ਮੁਜ਼ਾਹਰੇ ਹੋਣਗੇ।
ਜ਼ਿਕਰਯੋਗ ਹੈ ਕਿ ਪੈਟਰੋਲ ‘ਤੇ ਸਰਕਾਰ 58 ਫੀਸਦੀ ਤੋਂ ਜ਼ਿਆਦਾ ਤੇ ਡੀਜ਼ਲ ‘ਤੇ 48 ਫੀਸਦੀ ਦੇ ਕਰੀਬ ਟੈਕਸਾਂ ਦੇ ਰੂਪ ਵਿਚ ਵਸੂਲੀ ਕਰ ਰਹੀ ਹੈ, ਜਿਸ ਨੂੰ ਲੈ ਕੇ ਹੁਣ ਦੇਸ਼ ਭਰ ਵਿਚ ਰੋਸ ਉਠਣ ਲੱਗਾ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …