ਬਰੈਂਪਟਨ/ਡਾ. ਝੰਡ
21 ਅਕਤੂਬਰ ਨੂੰ ਹੋ ਰਹੀਆਂ ਫ਼ੈੱਡਰਲ ਚੋਣਾਂ ਵਿਚ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨਾਲ ਉਨ੍ਹਾਂ ਦੇ ਪਾਰਟੀ ਪਲੇਟਫ਼ਾਰਮ ਬਾਰੇ ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਗਰੁੱਪ ਮੈਂਬਰਾਂ ਵੱਲੋਂ ਦਿਲਚਸਪ ਸੰਵਾਦ ਰਚਾਇਆ ਗਿਆ। ਕਲੱਬ ਦੇ ਮੈਂਬਰਾਂ ਦੇ ਸੱਦੇ ‘ਤੇ ਰੂਬੀ ਸਹੋਤਾ ਲੱਗਭੱਗ ਸਾਢੇ ਗਿਆਰਾਂ ਵਜੇ ਸੀਨੀਅਰਾਂ ਦੀ ਮੀਟਿੰਗ ਦੇ ਸਥਾਨ ‘ਤੇ ਪਹੁੰਚੇ।
ਕਲੱਬ ਦੇ ਮੈਂਬਰ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਰੂਬੀ ਸਹੋਤਾ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਰੂਬੀ ਸਹੋਤਾ ਨੇ ਆਪਣੇ ਦੂਸਰੀ ਵਾਰ ਇਹ ਫ਼ੈੱਡਰਲ ਚੋਣ ਲੜਨ ਦੇ ਉਦੇਸ਼, ਲਿਬਰਲ ਪਾਰਟੀ ਦੇ ਚੋਣ-ਮਨੋਰਥ ਪੱਤਰ ਅਤੇ ਆਪਣੀ ਪਾਰਟੀ ਦੀ ਪਿਛਲੇ ਚਾਰ ਸਾਲਾਂ ਦੀ ਕਾਰਗ਼ੁਜ਼ਾਰੀ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਲੋਕਾਂ ਵੱਲੋਂ ਇਸ ਵਾਰ ਇਕ ਹੋਰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਸਰਕਾਰ ਦੇ ਇਸ ਸਮੇਂ ਚੱਲ ਰਹੇ ਕੰਮਾਂ ਨੂੰ ਪੂਰੇ ਕਰਨਗੇ ਅਤੇ ਕੈਨੇਡਾ ਦੇ ਵਿਕਾਸ ਲਈ ਹੋਰ ਕਈ ਨਵੇਂ ਪ੍ਰੋਗਰਾਮ ਲੈ ਕੇ ਆਉਣਗੇ। ਇਸ ਦੌਰਾਨ ਉਨ੍ਹਾਂ ਫ਼ੈੱਡਰਲ ਸਰਕਾਰ ਦੇ ਪ੍ਰਵਿੰਸਾਂ ਤੇ ਟੈਰੀਟਰੀਆਂ ਦੀਆਂ ਸਰਕਾਰਾਂ ਅਤੇ ਵੱਖ-ਵੱਖ ਸ਼ਹਿਰਾਂ ਦੀਆਂ ਮਿਉਨਿਸਿਪਲਿਟੀਆਂ ਦੀਆਂ ਸਥਾਨਕ ਸਰਕਾਰਾਂ ਦੇ ਆਪਸੀ ਸਬੰਧਾਂ ਬਾਰੇ ਵੀ ਸੰਖੇਪ ਵਿਚ ਜ਼ਿਕਰ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਜਿੱਥੇ ਕੈਨੇਡਾ ਦੀ ਜੀ.ਡੀ.ਪੀ. ਵਿਚ ਵਾਧਾ ਕਰਨ, ਇਕ ਮਿਲੀਅਨ ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਕਰਨ, ਕੈਨੇਡਾ ਚਾਈਲਡ ਬੈਨੀਫ਼ਿਟ ਪ੍ਰੋਗਰਾਮ, ਮੱਧ-ਵਰਗ ਉੱਪਰ ਟੈਕਸ ਘਟਾਉਣ, ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਨੈਸ਼ਨਲ ਫ਼ਾਰਮਾਕੇਅਰ ਪਾਲਿਸੀ ਬਨਾਉਣ, ਆਦਿ ਬਾਰੇ ਦੱਸਿਆ, ਉੱਥੇ ਬਰੈਂਪਟਨ ਸ਼ਹਿਰ ਨਾਲ ਸਬੰਧਿਤ ਮੁੱਦਿਆਂ ਵਿਚ ਇੱਥੇ 7,000 ਤੋਂ ਵਧੇਰੇ ਨਵੀਆਂ ਨੌਕਰੀਆਂ ਪੈਦਾ ਕਰਨ, ਇਨਫ਼ਰਾ-ਸਟਰੱਕਚਰ ਵਿਚ ਵਾਧਾ ਕਰਨ, ਵਾਤਾਵਰਣ ਦੀ ਸੱ ਕਾਇਮ ਰੱਖਣ ਲਈ ਇੱਥੇ 22 ਨਵੀਆਂ ਇਲੈੱਕਟ੍ਰਿਕ ਬੱਸਾਂ ਦੀ ਖ਼ਰੀਦ, ਰਾਇਰਸਨ ਯੂਨੀਵਰਸਿਟੀ ਦਾ ਸਾਈਬਰ ਕਰਾਈਮ ਨਾਲ ਸਬੰਧਿਤ ਵਿਭਾਗ ਖੋਲ੍ਹਣ, ਬਰੈਂਪਟਨ ਵਿਚ ਯੂਨੀਵਰਸਿਟੀ ਬਨਾਉਣ ਲਈ ਫ਼ੈੱਡਰਨ ਸਰਕਾਰ ਵੱਲੋੰਂ ਫੰਡਾਂ ਦਾ ਪ੍ਰਬੰਧ ਕਰਨ ਅਤੇ ਬਰੈਂਪਟਨ-ਵਾਸੀਆਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਥੇ ਇਕ ਹੋਰ ਹਸਪਤਾਲ ਬਨਾਉਣ ਬਾਰੇ ਵੀ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਮੈਂਬਰਾਂ ਦੇ ਆਮ ਸੁਆਲਾਂ ਦੇ ਨਾਲ-ਨਾਲ ਕਈ ਜਤੱਖੇ ਸੁਆਲਾਂ ਦਾ ਵੀ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਠਰ੍ਹੰਮੇਂ ਨਾਲ ਤਸੱਲੀ-ਪੂਰਵਕ ਦਿੱਤੇ ਗਏ। ਮੈਂਬਰਾਂ ਵੱਲੋਂ ਉਨ੍ਹਾਂ ਨੂੰ ਆਪਣੇ ਭਰਪੂਰ ਸਮੱਰਥਨ ਬਾਰੇ ਯਕੀਨ ਦਿਵਾਇਆ ਗਿਆ। ਸੰਵਾਦ ਦਾ ਸੰਚਾਲਨ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …