ਹਮਲਾਵਰ ਬੰਦੂਕਧਾਰੀ ਵੀ ਮਾਰਿਆ ਗਿਆ, ਹਮਲੇ’ਚ 12 ਜ਼ਖਮੀ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਡਾਊਨਟਾਊਨ ਏਰੀਆ (ਡੈਨਫੋਰਥ ਐਵੇਨਿਊ) ਵਿਖੇ ਐਤਵਾਰ ਰਾਤ ਨੂੰ ਦਸ ਕੁ ਵਜੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਹਮਲਾਵਰ ਦੀ ਵੀ ਮੌਤ ਹੋ ਗਈ । ਪਤਾ ਲੱਗਾ ਹੈ ਕਿ ਇਕਦਮ ਘੇਰਾ ਪਾ ਕੇ ਪੁਲਿਸ ਨੇ ਵੀ ਹਮਲਾਵਰ ਦੀਆਂ ਗੋਲੀਆਂ ਦਾ ਜਵਾਬ ਦਿੱਤਾ। ਮਰਨ ਵਾਲਿਆਂ ਵਿਚ ਰਾਹਗੀਰ ਅਤੇ ਰੈਸਤਰਾਂ ਵਿਚ ਖਾਣਾ ਖਾ ਰਹੇ ਲੋਕ ਸ਼ਾਮਿਲ ਹਨ। ਪੁਲਿਸ ਮੁਖੀ ਮਾਰਕ ਸਾਂਡਰਸ ਨੇ ਦੱਸਿਆ ਕਿ ਹਮਲਾਵਰ ਕੋਲ ਪਿਸਤੌਲ ਸੀ ਪਰ ਉਸ ਵਲੋਂ ਘਟਨਾ ਨੂੰ ਅੰਜ਼ਾਮ ਦੇਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ। ਘਟਨਾ ਸਮੇਂ ਇਲਾਕੇ ਵਿਚ ਭਾਜੜ ਪੈ ਗਈ ਅਤੇ ਲੋਕਾਂ ਨੇ ਜਿੱਧਰ ਰਾਹ ਮਿਲਿਆ ਉਧਰ ਨੂੰ ਭੱਜ ਕੇ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਵਿਚ ਚੁਫੇਰੇ ਚੱਲੀਆਂ ਗੋਲੀਆਂ ਦੇ ਖੋਲ ਅਤੇ ਲੋਕਾਂ ਦਾ ਸਾਮਾਨ ਖਿੱਲਰਿਆ ਨਜ਼ਰ ਆਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ, ਟੋਰਾਂਟੋ ਦੇ ਮੇਅਰ ਜੌਹਨ ਟੋਰੀ ਅਤੇ ਹੋਰ ਆਗੂਆਂ ਨੇ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਹਮਲੇ ਪਿੱਛੇ ਆਈਐਸ?
ਹਮਲਾਵਰ ਦੀ ਪਛਾਣ ਟੋਰਾਂਟੋ ਨਿਵਾਸੀ (ਮੂਲ ਨਿਵਾਸੀ ਪਾਕਿਸਤਾਨ) 29 ਸਾਲਾ ਫੈਜਲ ਹੁਸੈਨ ਵਜੋਂ ਹੋਈ ਹੈ। ਚਰਚਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ (ਆਈਐਸ) ਇਸਲਾਮਿਕ ਸਟੇਟ ਨੇ ਲੈ ਲਈ ਹੈ। ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਕੋਈ ਪੁਖਤਾ ਸਬੂਤ ਨਹੀਂ ਮਿਲੇ। ਹੁਸੈਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਰੋਗੀ ਸੀ।
Check Also
ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ 104 ਭਾਰਤੀ ਵਤਨ ਪਰਤੇ
ਅੰਮ੍ਰਿਤਸਰ ਪੁੱਜੇ ਭਾਰਤੀਆਂ ‘ਚ ਹਰਿਆਣਾ ਦੇ 35 ਅਤੇ ਗੁਜਰਾਤ ਦੇ 33 ਵਿਅਕਤੀ ਅੰਮ੍ਰਿਤਸਰ : ਅਮਰੀਕਾ …