14.9 C
Toronto
Friday, June 19, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੀ ਆਬਾਦੀ ਘਟੀ, ਇਮੀਗ੍ਰੇਸ਼ਨ ਨੀਤੀਆਂ ਕਾਰਨ ਪੱਕੇ ਹੋਣ ਵਾਲਿਆਂ ਦੀ ਗਿਣਤੀ...

ਕੈਨੇਡਾ ਦੀ ਆਬਾਦੀ ਘਟੀ, ਇਮੀਗ੍ਰੇਸ਼ਨ ਨੀਤੀਆਂ ਕਾਰਨ ਪੱਕੇ ਹੋਣ ਵਾਲਿਆਂ ਦੀ ਗਿਣਤੀ ‘ਚ ਵੀ ਆਈ ਕਮੀ

ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਆਬਾਦੀ ਘਟੀ ਹੈ ਅਤੇ ਇਮੀਗ੍ਰੇਸ਼ਨ ਨੀਤੀਆਂ ਕਾਰਨ ਪੱਕੇ ਹੋਣ ਵਾਲਿਆਂ ਦੀ ਗਿਣਤੀ ‘ਚ ਵੀ ਕਮੀ ਆਈ ਹੈ। ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ 31 ਮਾਰਚ ਨੂੰ ਖ਼ਤਮ ਹੋਈ ਤਿਮਾਹੀ ਵਿੱਚ ਆਬਾਦੀ ਦਾ ਅੰਕੜਾ 4,14,17,056 ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ 55,025 ਘੱਟ ਹੈ।
ਆਬਾਦੀ ਵਿੱਚ ਘਾਟੇ ਦਾ ਇਹ ਰੁਝਾਨ ਪਿਛਲੇ ਸਾਲ ਜੁਲਾਈ ਤੋਂ ਬਣਿਆ ਹੋਇਆ ਹੈ, ਪਰ ਇਸ ਤਿਮਾਹੀ ਵਿੱਚ ਹੋਈ ਇਹ ਕਮੀ ਪਹਿਲੀਆਂ ਦੋਵਾਂ ਤਿਮਾਹੀਆਂ ਨਾਲੋਂ ਵੱਧ ਹੋਣ ਕਾਰਨ ਇਹ ਮੰਨਿਆ ਜਾਣ ਲੱਗਾ ਹੈ ਕਿ ਆਬਾਦੀ ਹੁਣ ਹੇਠਾਂ ਵੱਲ ਜਾਣ ਲੱਗੀ ਹੈ। ਹਾਲਾਂਕਿ ਇਸ ਤਿਮਾਹੀ ਵਿੱਚ 83,149 ਵਿਅਕਤੀਆਂ ਨੂੰ ਪੱਕੇ ਵਸਨੀਕ ਦਾ ਦਰਜਾ ਦਿੱਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 21,061 ਘੱਟ ਹੈ। ਵਿਭਾਗ ਦਾ ਮੰਨਣਾ ਹੈ ਕਿ ਪੱਕੇ ਹੋਣ ਵਾਲਿਆਂ ਦੀ ਗਿਣਤੀ ਵਿੱਚ ਇਹ ਕਮੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਕਾਰਨ ਆਈ ਹੈ। ਧਿਆਨ ਰਹੇ ਕਿ ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਸ਼ਰਨਾਰਥੀ ਅਰਜ਼ੀਆਂ ਦੀ ਡੂੰਘਾਈ ਨਾਲ ਘੋਖ ਸ਼ੁਰੂ ਕੀਤੀ ਹੈ, ਉਦੋਂ ਤੋਂ ਪ੍ਰਵਾਨਗੀ ਦਰ 82 ਫ਼ੀਸਦ ਤੋਂ ਡਿੱਗ ਕੇ ਇੱਕ ਅਪਰੈਲ ਤੱਕ ਸਾਢੇ ਸੋਲਾਂ ਫ਼ੀਸਦ ਰਹਿ ਗਈ ਸੀ।
ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਉੱਚ ਸਿੱਖਿਆ ਪ੍ਰਾਪਤ ਅਤੇ ਤਕਨੀਕੀ ਮਾਹਿਰਾਂ ਨੂੰ ਦੇਸ਼ ਵਿੱਚ ਵਸਾਉਣ ਦਾ ਇਰਾਦਾ ਰੱਖਦੀ ਹੈ, ਪਰ ਉਹ ਨਾਲ ਹੀ ਕੱਚੇ ਵਸਨੀਕਾਂ (ਅਸਥਾਈ ਲੋਕਾਂ) ਦਾ ਅੰਕੜਾ ਕੁੱਲ ਆਬਾਦੀ ਦੇ ਪੰਜ ਫ਼ੀਸਦ ਤੱਕ ਹੇਠਾਂ ਲਿਆਉਣ ਲਈ ਦ੍ਰਿੜ ਹੈ।
ਇਸ ਸਾਲ 3,85,000 ਅਤੇ ਅਗਲੇ ਦੋ ਸਾਲਾਂ ਦੌਰਾਨ 3,70,000 ਅਸਥਾਈ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣੇ ਹਨ, ਪਰ ਵਿਭਾਗ ਇਸ ਦੇ ਬਦਲੇ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਦੀ ਵਾਪਸੀ ਨੂੰ ਜ਼ਰੂਰੀ ਸਮਝ ਰਿਹਾ ਹੈ।

 

RELATED ARTICLES
POPULAR POSTS