Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ

ਕੈਨੇਡਾ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ

ਪੰਜਾਬ ਤੋਂ ਵੀ ਵੀਜ਼ਾ ਅਰਜ਼ੀਆਂ ‘ਚ 70 ਫੀਸਦੀ ਦੀ ਕਮੀ
ਟੋਰਾਂਟੋ/ਬਿਊਰੋ ਨਿਊਜ਼ : ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਹ ਹੈਰਾਨੀਜਨਕ ਰੁਝਾਨ ਦੇਖਿਆ ਗਿਆ ਹੈ। ਇਸ ਸਾਲ ਦੀ ਦੂਜੀ ਤਿਮਾਹੀ ਵਿਚ 85-90 ਫੀਸਦੀ ਵੀਜ਼ਾ ਅਪਰੂਵਲ ਰੇਟ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦੇਖੀ ਗਈ ਹੈ।
ਇਸ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਗਿਰਾਵਟ ਪੰਜਾਬ ਵਿਚੋਂ ਵੀ ਦੇਖੀ ਜਾ ਰਹੀ ਹੈ। ਕੈਨੇਡਾ ਪਹੁੰਚਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਵਿਚੋਂ 70 ਤੋਂ 75 ਫੀਸਦੀ ਇਕੱਲੇ ਪੰਜਾਬ ਭੇਜਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ ਗਿਰਾਵਟ 70-80 ਫੀਸਦੀ ਹੈ। ਜਦੋਂ ਕਿ ਕੈਨੇਡਾ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਅੰਡਰ ਗਰੈਜੂਏਟ ਕੋਰਸਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਨਾਲ ਜੀਵਨਸਾਥੀ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਅਖਬਾਰ ‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਦੇ ਮੁਤਾਬਕ ਐਜੂਕੇਸ਼ਨ ਕੰਸਲਟੈਂਟਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਇਨੀਂ ਦਿਨੀਂ ਵੀਜ਼ਾ ਅਪਰੂਵਲ ਬਹੁਤ ਜ਼ਿਆਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਬਿਨੇਕਾਰਾਂ ਨੂੰ ਵੀ ਵੀਜ਼ਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਪਹਿਲਾਂ ਕਈ ਵਾਰ ਰਿਜੈਕਟ ਕਰ ਦਿੱਤਾ ਗਿਆ ਸੀ।
40 ਸਾਲ ਤੋਂ ਜ਼ਿਆਦਾ ਵਿਅਕਤੀਆਂ ਨੂੰ ਵੀ ਵੀਜ਼ਾ ਦਿੱਤਾ ਗਿਆ। ਪਿਨੇਕਲ ਇਮੀਗਰੇਸ਼ਨ ਦੇ ਤੀਰਥ ਸਿੰਘ ਨੇ ਕਿਹਾ ਕਿ ਪਿਛਲੇ 34 ਸਾਲਾਂ ਵਿਚ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਪਹੁੰਚੇ, ਜਿਸ ਨਾਲ ਵੀਜ਼ਾ ਬੈਕਲਾਗ ਹੋ ਗਿਆ। ਹਾਲਾਂਕਿ ਨਵੀਆਂ ਪਾਬੰਦੀਆਂ ਅਤੇ ਵਧੀਆਂ ਹੋਈਆਂ ਵਿੱਤੀ ਲੋੜਾਂ ਨੇ ਬਹੁਤ ਸਾਰੇ ਨਵੇਂ ਬਿਨੈਕਾਰਾਂ ਨੂੰ ਨਿਰਾਸ਼ ਕੀਤਾ ਹੈ। ਇਹ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦਾ ਵੱਡਾ ਕਾਰਨ ਹੈ।
ਕੀ ਹੋਏ ਬਦਲਾਅ?
ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਪਹਿਲਾਂ, ਸਪਾਊਸ ਓਪਨ ਵਰਕ ਪਰਮਿਟ ਦੇ ਤਹਿਤ, ਪਤੀ/ ਪਤਨੀ ਰਜਿਸਟਰਡ ਵਿਦਿਆਰਥੀਆਂ ਦੇ ਨਾਲ ਗ੍ਰੈਜੂਏਟ ਪ੍ਰੋਗਰਾਮਾਂ ਲਈ ਜਾ ਸਕਦੇ ਸਨ, ਪਰ ਇਹ ਕਿਸੇ ਹੱਦ ਤੱਕ ਸੀਮਤ ਸੀ। ਹੁਣ ਇਹ ਸਿਰਫ ਕੁਝ ਕੋਰਸਾਂ ਲਈ ਉਪਲਬਧ ਹੈ। ਇਸ ਤੋਂ ਇਲਾਵਾ, ਕੈਨੇਡਾ ਸਰਕਾਰ ਨੇ ਗਾਰੰਟੀਡ ਇਨਵੈਸਟਮੈਂਟ ਪ੍ਰੋਗਰਾਮ (ਜੀਆਈਸੀ) ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ, ਜੋ ਕਿ ਹੁਣ $20,000 ਤੋਂ ਵੱਧ ਹੈ। ਇਸ ਨਾਲ ਬਹੁਤ ਸਾਰੇ ਵਿਅਕਤੀਆਂ ਲਈ ਅਧਿਐਨ ਮਹਿੰਗਾ ਹੋ ਗਿਆ ਹੈ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …