Breaking News
Home / ਪੰਜਾਬ / ਸਾਈਂ ਮੀਆਂਮੀਰ ਫਾਊਂਡੇਸ਼ਨ ਨੇ ਪਾਕਿਸਤਾਨੀਆਂ ਲਈ ਅੰਮ੍ਰਿਤਸਰ ‘ਚ ਬਣਵਾਈ ਸਰਾਂ

ਸਾਈਂ ਮੀਆਂਮੀਰ ਫਾਊਂਡੇਸ਼ਨ ਨੇ ਪਾਕਿਸਤਾਨੀਆਂ ਲਈ ਅੰਮ੍ਰਿਤਸਰ ‘ਚ ਬਣਵਾਈ ਸਰਾਂ

ਦੋਸਤੀ ਅਤੇ ਅਮਨ ਨੂੰ ਉਤਸ਼ਾਹਤ ਕਰਨ ਦੇ ਲਈ ਦੇਸ਼ ‘ਚ ਆਪਣੀ ਕਿਸਮ ਦੀ ਪਹਿਲੀ ਪਹਿਲ
ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੁੜੱਤਣ ਵਾਲੇ ਰਿਸ਼ਤੇ ‘ਚ ਸੁਧਾਰ ਲਿਆਉਣ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੇ ਲਈ ਦੋਵੇਂ ਹੀ ਮੁਲਕਾਂ ‘ਚ ਅਮਨ ਦੇ ਪੈਰੋਕਾਰ ਕੰਮ ਕਰ ਰਹੇ ਹਨ। ਇਸ ਤੋਂ ਵੀ ਚਾਰ ਕਦਮ ਅੱਗੇ ਵਧਦੇ ਹੋਏ ਇਥੋਂ ਦੀ ਸਾਂਈਂ ਮੀਆਂ ਮੀਰ ਫਾਊਂਡੇਸ਼ਨ ਨੇ ਪਾਕਿਸਤਾਨੀਆਂ ਦੀ ਰਿਹਾਇਸ਼ ਦੇ ਲਈ ਸਰਾਂ ਤਿਆਰ ਕਰਵਾਈ ਹੈ। ਇਥੇ ਉਹ ਰਹਿ ਵੀ ਸਕਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਵੀ ਹੋਵੇਗਾ। ਇਸ ਨੂੰ ਰਸਮੀ ਤੌਰ ‘ਤੇ ਐਤਵਾਰ ਨੂੰ ਵਰਲਡ ਹਿਊਮਨ ਰਾਈਟ ਡੇਅ ਮੌਕੇ ਖੋਲ੍ਹ ਦਿੱਤਾ ਗਿਆ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪਵਿੱਤਰ ਸਥਾਨ ਦਾ ਨੀਂਹ ਪੱਥਰ ਲਾਹੌਰ ਦੇ ਮੁਸਲਿਮ ਫਕੀਰ ਹਜਰਤ ਸਾਈਂ ਮੀਆਂ ਦੇ ਹੱਥੋਂ ਰਖਵਾ ਕੇ ਆਪਸੀ ਸਦਭਾਵਨਾ ਦੀ ਮਿਸਾਲ ਪੇਸ਼ ਕੀਤੀ ਸੀ।
ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਦੋਵੇਂ ਮੁਲਕਾਂ ਵਿਚ ਅਮਨ ਅਤੇ ਦੋਸਤੀ ਦੇ ਲਈ ਕੰਮ ਕਰ ਰਹੀ ਉਨ੍ਹਾਂ ਦੇ ਨਾਂ ‘ਤੇ ਬਣੀ ਸਾਈਂ ਮੀਆਂਮੀਰ ਫਾਊਂਡੇਸ਼ਨ ਨੇ ਸੂਰਤਾ ਸਿੰਘ ਰੋਡ ਇਲਾਕੇ ‘ਚ ਉਨ੍ਹਾਂ ਦੇ ਨਾਮ ‘ਤੇ ਸਰਾਂ ਦਾ ਨਿਰਮਾਣ ਕੀਤਾ ਹੈ। ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਕਹਿੰਦੇ ਹਨ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਡੇ ਦਰਮਿਆਨ ਆਪਸੀ ਨਫ਼ਰਤ ਘੱਟ ਹੋਵੇ ਅਤੇ ਦੋਵੇਂ ਮੁਲਕ ਮਿਲ ਕੇ ਰਹਿਣ।
ਘਰ ਵਰਗਾ ਮਿਲੇਗਾ ਮਾਹੌਲ
ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਘਰ ‘ਚ ਹੁਣ ਤੱਕ 1000 ਦੇ ਲਗਭਗ ਵਿਅਕਤੀ ਠਹਿਰ ਚੁੱਕੇ ਹਨ। ਜੋ ਵੀ ਇਥੋਂ ਜਾਂਦਾ ਹੈ ਉਹ ਵਧੀਆ ਸੰਦੇਸ਼ ਲੈ ਕੇ ਜਾਂਦਾ ਹੈ। ਹੁਣ ਤਾਂ ਸਰਾਂ ਬਣ ਜਾਣ ਨਾਲ ਲੋਕ ਇਸ ਨੂੰ ਤਵੱਜੋਂ ਦੇਣਗੇ। ਇਥੇ ਮੈਡੀਕਲ ਸਹੂਲਤ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਥੇ ਸਰਹੱਦ ਤੋਂ ਹਟ ਕੇ ਘਰੇਲੂ ਮਾਹੌਲ ਦਿੱਤਾ ਜਾਵੇ। ਸਰਾਂ ਦਾ ਉਦਘਾਟਨ ਕਰਨ ਪਹੁੰਚੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਹਰਭਜਨ ਸਿੰਘ ਬਰਾੜ ਦਾ ਇਹ ਯਤਨ ਮਨੁੱਖਤਾ ਦੀ ਸੇਵਾ ਅਤੇ ਗੁਰੂ ਪਰੰਪਰਾ ਦੀ ਅਨੋਖੀ ਮਿਸਾਲ ਹੈ। ਉਹ ਕਹਿੰਦੇ ਹਨ ਕਿ ਇਸ ਨਾਲ ਦੋਵੇਂ ਮੁਲਕਾਂ ਦੇ ਰਿਸ਼ਤਿਆਂ ਨੂੰ ਇਕ ਨਵਾਂ ਮੋੜ ਮਿਲੇਗਾ।
ਰਾਤ ਨੂੰ ਰੁਕਣ ਸਮੇਂ ਆਉਂਦੀ ਸੀ ਦਿੱਕਤ : ਬਰਾੜ
ਹਰਭਜਨ ਸਿੰਘ ਬਰਾੜ ਕਹਿੰਦੇ ਹਨ ਕਿ ਵੈਸੇ ਤਾਂ ਦੋਵੇਂ ਪਾਸੇ ਸ਼ਾਂਤੀ ਦੀ ਗੱਲਬਾਤ ਚੱਲ ਰਹੀ ਹੈ ਪ੍ਰੰਤੂ ਜ਼ਿਆਦਾਤਰ ਕੰਮ ਜ਼ੁਬਾਨੀ ਹੁੰਦਾ ਹੈ ਕਿਉਂਕਿ ਘਰ ਬਾਰਡਰ ਦੇ ਰਸਤੇ ‘ਚ ਸੜਕ ਦੇ ਕਿਨਾਰੇ ‘ਤੇ ਪੈਂਦਾ ਹੈ ਅਤੇ ਜਦੋਂ ਵੀ ਸਰਹੱਦ ਪਾਰ ਤੋਂ ਕੋਈ ਆਉਂਦਾ ਹੈ ਜਾਂ ਫਿਰ ਇਧਰੋਂ ਵਾਪਸ ਜਾਂਦਾ ਹੈ ਤਾਂ ਰਾਤ ਹੋ ਜਾਣ ‘ਤੇ ਅਜਿਹੇ ਲੋਕਾਂ ਨੂੰ ਰੁਕਣ ਦੇ ਲਈ ਦਿੱਕਤ ਆਉਂਦੀ ਹੈ। ਲਗਭਗ ਪੰਜ-ਛੇ ਸਾਲਾਂ ਤੋਂ ਅਜਿਹੇ ਵਿਅਕਤੀਆਂ ਨੂੰ ਆਪਣੇ ਘਰ ‘ਚ ਰੱਖਦੇ ਸਨ। ਇਸ ਦੌਰਾਨ ਵਿਚਾਰ ਆਇਆ ਕਿਉਂ ਨਾ ਉਨ੍ਹਾਂ ਦੇ ਲਈ ਇਕ ਛੱਤ ਬਣਾਈ ਜਾਵੇ, ਜਿਸ ‘ਚ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਗੁਆਂਢੀ ਮੁਲਕਾਂ ਦੇ ਵੀ ਰੁਕਣ ਦਾ ਇੰਤਜ਼ਾਮ ਕੀਤਾ ਜਾਵੇ। ਇਸ ਵਿਚਾਰ ਨੂੰ ਲੈ ਕੇ ਉਨ੍ਹਾਂ ਨੇ ਘਰ ਦੇ ਕੋਲ ਖਾਲੀ ਪਈ ਜ਼ਮੀਨ ‘ਤੇ 40 ਕਮਰਿਆਂ ਦੀ ਸਰਾਂ ਦਾ ਨਿਰਮਾਣ ਕਰਵਾਇਆ। ਇਸ ‘ਚ ਠਹਿਰਨ ਦੇ ਲਈ ਸਾਰੀ ਵਿਵਸਥਾ ਹੈ ਅਤੇ ਨਾਲ ਹੀ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …