ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਅਨੁਸਾਰ ਇਸ ਸਮੇਂ 5,21,000 ਦੇ ਕਰੀਬ ਵਿਦੇਸ਼ੀ ਲੋਕਾਂ ਦੀਆਂ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੀਆਂ ਅਰਜੀਆਂ ਵਿਚਾਰ ਅਧੀਨ ਹਨ, ਜਿਸ ‘ਚ ਬੀਤੇ ਮਹੀਨੇ ਦੌਰਾਨ 9000 ਅਰਜੀਆਂ ਦਾ ਵਾਧਾ ਹੋਇਆ ਹੈ। ਕੈਨੇਡਾ ‘ਚ ਪਹੁੰਚ ਕੇ ਪੱਕੇ ਵਾਸੀ ਬਣ ਚੁੱਕੇ ਲਗਭਗ 3 ਲੱਖ ਵਿਅਕਤੀ ਉਥੇ ਦੀ ਨਾਗਰਿਕਤਾ ਅਪਲਾਈ ਕਰਕੇ ਆਪਣੀਆਂ ਅਰਜੀਆਂ ਦਾ ਨਿਪਟਾਰਾ ਹੋਣ ਦੀ ਉਡੀਕ ‘ਚ ਹਨ। ਬੀਤੇ ਨਵੰਬਰ ਅਤੇ ਦਸੰਬਰ ਮਹੀਨੇ ਦੌਰਾਨ 10,000 ਦੇ ਕਰੀਬ ਵਿਅਕਤੀਆਂ ਦੀਆਂ ਨਾਗਰਿਕਤਾ ਅਰਜੀਆਂ ਦਾ ਫੈਸਲਾ ਕੀਤਾ ਜਾ ਚੁੱਕਾ ਹੈ।
ਇਕ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਕੋਲ ਪੱਕੀ ਇਮੀਗ੍ਰੇਸ਼ਨ, ਸਟੱਡੀ ਤੇ ਵਰਕ ਪਰਮਿਟ, ਸੈਲਾਨੀ ਤੇ ਸੁਪਰ ਵੀਜ਼ਾ ਆਦਿਕ ਦੀਆਂ 21 ਲੱਖ ਤੋਂ ਵੱਧ ਅਰਜੀਆਂ ਵਿਚਾਰ ਅਧੀਨ ਹਨ, ਜਿਨ੍ਹਾਂ ਦਾ ਫੈਸਲਾ ਅਗਲੇ ਮਹੀਨਿਆਂ ਦੌਰਾਨ ਕੀਤਾ ਜਾਣਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਵਾਸਤੇ ਅਧਿਕਾਰੀਆਂ ਨੂੰ ਵਿਦੇਸ਼ਾਂ ਤੋਂ ਸੱਭ ਤੋਂ ਵੱਧ ਗਿਣਤੀ ‘ਚ ਅਰਜੀਆਂ ਆਰਜੀ (ਸੈਰ ਤੇ ਸੁਪਰ) ਵੀਜ਼ਾ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਇਸ ਵਰਗ ‘ਚ ਹਾਲ ਦੀ ਘੜੀ 13,29,000 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ। ਬੀਤੇ ਸਾਲ ਜੁਲਾਈ ‘ਚ ਅਰਜੀਆਂ ਦਾ ਅੰਬਾਰ ਲਗਭਗ 27 ਲੱਖ ਹੋ ਗਿਆ ਸੀ, ਜਿਸ ‘ਚੋਂ ਬੀਤੇ ਕੁਝ ਮਹੀਨਿਆਂ ਦੌਰਾਨ ਤਕਰੀਬਨ 5 ਲੱਖ ਅਰਜੀਆਂ ਦਾ ਫੈਸਲਾ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਨਵਾਂ ਸਟਾਫ ਭਰਤੀ ਕਰਨ ਅਤੇ ਅਰਜੀਆਂ ਭਰਨ ਦਾ ਸਿਸਟਮ ਆਨਲਾਈਨ ਕਰਨ ਤੋਂ ਬਾਅਦ ਨਿਪਟਾਰਾ ਕਰਨ ‘ਚ ਤੇਜ਼ੀ ਆਈ ਹੈ।
ਪੰਜ ਲੱਖ ਵਿਦੇਸ਼ੀਆਂ ਨੂੰ ਕੈਨੇਡਾ ਦਾ ਵੀਜ਼ਾ ਮਿਲਣ ਦੀ ਸੰਭਾਵਨਾ
ਟੋਰਾਂਟੋ : ਦੇਸ਼ ਅਤੇ ਵਿਦੇਸ਼ਾਂ ‘ਚ ਕੈਨੇਡਾ ਦਾ ਵੀਜ਼ਾ ਅਤੇ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਕੇ ਫੈਸਲੇ ਦੀ ਉਡੀਕ ਕਰ ਰਹੇ 21 ਲੱਖ ਦੇ ਕਰੀਬ ਵਿਅਕਤੀਆਂ ਨੂੰ ਕੁਝ ਰਾਹਣ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਅਰਜ਼ੀਆਂ ਦਾ ਨਿਪਟਾਰਾ ਤੇਜ਼ ਕਰਨ ਦੀ ਨੀਤੀ ਤਹਿਤ ਬੀਤੇ ਸਮੇਂ ਤੋਂ 31 ਦਸੰਬਰ 2022 ਤੱਕ ਵੱਡੀ ਗਿਣਤੀ ‘ਚ ਪ੍ਰਾਪਤ ਹੋਈਆਂ ਅਰਜ਼ੀਆਂ ਉਪਰ ਬਿਨਾ ਕਿਸੇ ਖਾਸ ਸ਼ਰਤ ਤੋਂ ਫੈਸਲਾ ਲਿਆ ਜਾਵੇਗਾ, ਜਿਸ ਬਾਰੇ ਬਕਾਇਦਾ ਐਲਾਨ ਅਗਲੇ ਦਿਨਾਂ ਦੌਰਾਨ ਹੋਣ ਦੀ ਸੰਭਾਵਨਾ ਹੈ। ਕੈਨੇਡਾ ‘ਚ ਸੈਲਾਨੀ ਜਾਂ ਰਿਸ਼ਤੇਦਾਰ ਪਰਿਵਾਰਾਂ ਨੂੰ ਮਿਲਣ ਜਾਣ ਦੇ ਵੀਜ਼ਾ ਦੀ ਇਸ ਸਮੇਂ ਲਗਭਗ 5 ਲੱਖ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ, ਜਿਨ੍ਹਾਂ ‘ਚੋਂ ਤਕਰੀਬਨ ਦੋ ਲੱਖ ਅਰਜ਼ੀਆਂ ਦਾ (ਥੋਕ ਵਿਚ) ਨਿਬੇੜਾ ਫਰਵਰੀ ਦੌਰਾਨ ਕੀਤੇ ਜਾਣ ਦਾ ਅਨੁਮਾਨ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਨੂੰ ਹੁਣ ਇਹ ਨਹੀਂ ਪੁੱਛਿਆ ਜਾਵੇਗਾ ਕਿ ਉਹ ਕੈਨੇਡਾ ਜਾ ਕੇ ਵਾਪਸ ਕਦੋਂ ਮੁੜਨਗੇ ਅਤੇ ਨਾ ਹੀ ਉਨ੍ਹਾਂ ਇਹ ਸਾਬਿਤ ਕਰਨ ਦੀ ਜ਼ਰੂਰਤ ਹੋਵੇਗੀ ਕਿ ਉਹ ਕੈਨੇਡਾ ‘ਚ ਜਾ ਕੇ ਆਪਣੀ ਠਾਹਰ ਦੌਰਾਨ ਆਪਣੇ ਖਰਚੇ ਕਿਵੇਂ ਚਲਾਉਣਗੇ। ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਵਾਸਤੇ ਅਧਿਕਾਰੀਆਂ ਨੂੰ ਵਿਦੇਸ਼ਾਂ ਤੋਂ ਸੱਭ ਤੋਂ ਵੱਧ ਗਿਣਤੀ ‘ਚ ਅਰਜ਼ੀਆਂ ਆਰਜੀ (ਸੈਰ ਤੇ ਸੁਪਰ) ਵੀਜ਼ਾ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਇਸ ਵਰਗ ‘ਚ ਹਾਲ ਦੀ ਘੜੀ 13 ਲੱਖ ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ।