Breaking News
Home / ਹਫ਼ਤਾਵਾਰੀ ਫੇਰੀ / ਵਾਹਿਗੁਰੂ ਜੀ ਪ੍ਰਸ਼ਾਦਾ : ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ 4 ਕਰੋੜ ਸ਼ਰਧਾਲੂ ਸਲਾਨਾ ਛਕਦੇ ਹਨ ਲੰਗਰ

ਵਾਹਿਗੁਰੂ ਜੀ ਪ੍ਰਸ਼ਾਦਾ : ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ 4 ਕਰੋੜ ਸ਼ਰਧਾਲੂ ਸਲਾਨਾ ਛਕਦੇ ਹਨ ਲੰਗਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਹਰਿਮੰਦਰ ਸਾਹਿਬ ਵਿਖੇ ਲੰਗਰ ਗੁਰੂ ਰਾਮਦਾਸ ਲੰਗਰ ਵਿਖੇ ਸਲਾਨਾ 4 ਕਰੋੜ ਤੋਂ ਵੱਧ ਸੰਗਤਾਂ ਛਕ ਰਹੀਆਂ ਹਨ। ਇਕੱਠੇ ਕੀਤੇ ਗਏ ਅੰਕੜਿਆਂ ਤੋਂ ਤਿਆਰ ਕੀਤੀ ਖਾਸ ਰਿਪੋਰਟ ਅਨੁਸਾਰ 4 ਕਰੋੜ ਤੋਂ ਵੱਧ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਇਸ ਲੰਗਰ ਨੂੰ ਚਲਾਉਣ ਲਈ 55 ਕਰੋੜ ਰੁਪਏ ਤੋਂ ਵੱਧ ਦਾ ਖਰਚ ਹੁੰਦਾ ਹੈ। ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਜਿੱਥੇ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ, ਉਥੇ ਪ੍ਰਸ਼ਾਦ ਵਜੋਂ ਲੰਗਰ ਵਿਚ ਪ੍ਰਸ਼ਾਦਾ ਵੀ ਛਕਣ ਲਈ ਜ਼ਰੂਰ ਪਹੁੰਚਦੀਆਂ ਹਨ।
ਆਸਥਾ ਦੇ ਕੇਂਦਰ ਵਿਚ ਗੁਰੂ ਰਾਮਦਾਸ ਲੰਗਰ ਘਰ ਵਿਖੇ ਚੱਲ ਰਹੇ 24 ਘੰਟੇ ਲੰਗਰ ਵਿਚ ਸਾਲ 2018-19 ਵਿਚ 4 ਕਰੋੜ ਤੋਂ ਵੱਧ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਹੈ, ਜਿਸ ਨੂੰ ਤਿਆਰ ਕਰਨ ਲਈ ਐਸਜੀਪੀਸੀ ਵਲੋਂ 27 ਕਰੋੜ 98 ਲੱਖ, 26 ਹਜ਼ਾਰ, 78 ਰੁਪਏ ਦੀਆਂ ਰਸਦਾਂ ਖਰੀਦੀਆਂ ਗਈਆਂ ਹਨ। ਪ੍ਰਬੰਧਕਾਂ ਅਨੁਸਾਰ ਏਨੀਆਂ ਹੀ ਰਸਦਾਂ ਸੰਗਤਾਂ ਵਲੋਂ ਸ਼ਰਧਾ ਸਹਿਤ ਭੇਟ ਕੀਤੀਆਂ ਜਾਂਦੀਆਂ ਹਨ।
ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ, ਵਧੀਕ ਮੈਨੇਜਰ ਹਰਪ੍ਰੀਤ ਸਿੰਘ ਤੇ ਸੁਪਰਵਾਈਜ਼ਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ। ਸੰਗਤਾਂ ਵਲੋਂ ਸਬਜ਼ੀਆਂ ਦੀ ਸਫਾਈ-ਕਟਾਈ, ਬਰਤਨਾਂ ਦੀ ਧੁਆਈ, ਲੰਗਰ ਨੂੰ ਵਰਤਾਉਣਾ ਆਦਿ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਗਤਾਂ ਸ਼ਰਧਾ ਸਹਿਤ ਲੰਗਰ ਛਕਦੀਆਂ ਹਨ, ਲੰਗਰ 24 ਘੰਟੇ ਨਿਰੰਤਰ ਚੱਲਦਾ ਹੈ। ਲੰਗਰ ਵਿਚ ਪ੍ਰਸ਼ਾਦਾ, ਦਾਲ, ਚੌਲ, ਸਬਜ਼ੀਆਂ, ਖੀਰ, ਕੜਾਹ ਪ੍ਰਸ਼ਾਦ, ਕੜ੍ਹੀ, ਪਕੌੜੇ, ਜਲੇਬੀਆਂ, ਲੱਡੂ, ਸੇਵੀਆਂ ਅਤੇ ਚਾਹ ਆਦਿ ਤਿਆਰ ਕਰਕੇ ਲਗਾਤਾਰ ਵਰਤਾਇਆ ਜਾਂਦਾ ਹੈ। ਸਾਲ ਵਿਚ 30 ਦੇ ਕਰੀਬ ਦਿਨ ਸੰਗਤਾਂ ਵੱਖ-ਵੱਖ ਇਲਾਕਿਆਂ ਤੋਂ ਆਉਂਦੀਆਂ ਹਨ ਅਤੇ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਲੰਗਰ ਲਈ ਸੰਗਤਾਂ ਵਲੋਂ ਆਟਾ, ਚੌਲ, ਦਾਲ, ਰਿਫਾਇੰਡ, ਦੇਸੀ ਘਿਓ, ਮਸਾਲੇ, ਦੁੱਧ, ਸਬਜ਼ੀਆਂ ਆਦਿ ਸ਼ਰਧਾ ਸਹਿਤ ਭੇਟ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਲਈ ਰਸਦਾਂ ਦੀ ਖਰੀਦ ਕੀਤੀ ਜਾਂਦੀ ਹੈ। ਨਿਰੰਤਰ ਲੰਗਰ ਚਲਾਉਣ ਲਈ 500 ਤੋਂ ਵੱਧ ਮੁਲਾਜ਼ਮ ਦੀ ਇਸ ਲੰਗਰ ਘਰ ਵਿਚ ਸੇਵਾ ਨਿਭਾ ਰਹੇ ਹਨ। 24 ਘੰਟੇ ਚੱਲਣ ਵਾਲੇ ਲੰਗਰ ਅਤੇ ਇੱਥੋਂ ਦੇ ਪ੍ਰਬੰਧ ਨੂੰ ਦੇਖ ਕੇ ਦੁਨੀਆ ਦੇ ਕੋਨੇ-ਕੋਨੇ ਤੋਂ ਆਈਆਂ ਸੰਗਤਾਂ ਦੇਖ ਕੇ ਹੈਰਾਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਦੀ ਬਖਸ਼ਿਸ਼ ਲੰਗਰ ਵਿਚ ਬੈਠ ਕੇ ਸੰਗਤਾਂ ਸ਼ਰਧਾ ਸਹਿਤ ਪ੍ਰਸ਼ਾਦਾ ਛਕਦੀਆਂ ਹਨ।
ਖਾਸ ਦਿਨਾਂ ‘ਤੇ ਖਾਸ ਪਕਵਾਨ : ਗੁਰਪੁਰਬ ‘ਤੇ ਵਿਸ਼ੇਸ਼ ਲੰਗਰ ਤਿਆਰ ਕੀਤੇ ਜਾਂਦੇ ਹਨ। ਮਿਸ਼ਠਾਨ ਵਿਚ ਜਲੇਬੀਆਂ, ਖੀਰ, ਕੜਾਹ ਪ੍ਰਸਾਦ, ਲੱਡੂ, ਸੇਵੀਆਂ, ਮਿੱਠੇ ਚੌਲ ਆਦਿ ਤਿਆਰ ਕੀਤੇ ਜਾਂਦੇ ਹਨ। ਮਾਘ ਮਹੀਨੇ ਵਿਚ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਲੰਗਰ ਵੀ ਸੰਗਤਾਂ ਵਲੋਂ ਤਿਆਰ ਕੀਤਾ ਜਾਂਦਾ ਹੈ। ਸਾਉਣ ਮਹੀਨੇ ਵਿਚ ਖੀਰ ਪੂੜੇ ਹੀ ਵੱਖ ਵੱਖ ਦਿਨਾਂ ਵਿਚ ਤਿਆਰ ਕੀਤੇ ਜਾਂਦੇ ਹਨ।
ਸਲਾਨਾ ਰਾਸ਼ਨ ਦੀ ਤਫਸੀਲ : ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਸਾਲ ਭਰ ਵਿਚ 32 ਹਜ਼ਾਰ ਕੁਇੰਟਲ ਆਟਾ, 10 ਹਜ਼ਾਰ ਕੁਇੰਟਲ ਦਾਲਾਂ, 10 ਹਜ਼ਾਰ ਕੁਇੰਟਲ ਸਬਜ਼ੀਆਂ, 12 ਹਜ਼ਾਰ ਕੁਇੰਟਲ ਚੌਲ, 10 ਹਜ਼ਾਰ ਕੁਇੰਟਲ ਸਮੱਗਰੀ ਨਾਲ ਖੀਰ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਕੜਾਹ ਪ੍ਰਸਾਦ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਜਾਂਦੇ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …