10.6 C
Toronto
Saturday, October 18, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ 7 ਜ਼ਿਲ੍ਹਿਆਂ 'ਚ ਹੜ੍ਹ

ਪੰਜਾਬ ਦੇ 7 ਜ਼ਿਲ੍ਹਿਆਂ ‘ਚ ਹੜ੍ਹ

ਫੌਜ ਨੇ ਸੰਭਾਲਿਆ ਮੋਰਚਾ
ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੜ੍ਹਾਂ ਦੀ ਮਾਰ ਹੇਠ * ਮੰਤਰੀਆਂ ਤੇ ਵਿਧਾਇਕਾਂ ਵਲੋਂ ਵੀ ਹੜ੍ਹ ਪੀੜਤ ਖੇਤਰਾਂ ਦਾ ਦੌਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਪਏ ਮੀਂਹ ਅਤੇ ਪਹਾੜੀ ਇਲਾਕਿਆਂ ਵਿਚੋਂ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿਚ ਆਏ ਬੇਹਿਸਾਬੇ ਪਾਣੀ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿਚ ਤਬਾਹੀ ਮਚਾ ਦਿੱਤੀ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸੇ ਦੌਰਾਨ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਸਥਿਤੀ ਨਾਲ ਨਜਿੱਠਣ ਲਈ ਫੌਜ ਨੂੰ ਸੱਦਿਆ ਗਿਆ ਹੈ ਅਤੇ ਫੌਜ ਨੇ ਮੋਰਚਾ ਵੀ ਸੰਭਾਲਿਆ ਹੋਇਆ ਹੈ।
ਹੜ੍ਹਾਂ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਫੌਜ ਵਲੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਹੜ੍ਹਾਂ ਦੇ ਪਾਣੀ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਇਸਦੇ ਚੱਲਦਿਆਂ ਸੂਬੇ ਦੇ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ। ਸੀਐਮ ਮਾਨ ਸਭ ਤੋਂ ਪਹਿਲਾਂ ਕਸਬਾ ਬਹਿਰਾਮਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਰਕਾਰ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇਗੀ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਬਿਨਾ ਰਾਸ਼ਨ ਛੋਟੇ ਬੱਚਿਆਂ ਨਾਲ ਘਰਾਂ ਦੀਆਂ ਛੱਤਾਂ ‘ਤੇ ਬੈਠੇ ਹਨ। ਸੀਐਮ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 92 ਸੀਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ, ਉਹ ਹੈਲੀਕਾਪਟਰ ਲੋਕਾਂ ਨੂੰ ਸੌਂਪ ਰਹੇ ਹਨ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਪਾਣੀ, ਦੁੱਧ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਕਾਰ ‘ਤੇ ਵਾਪਸ ਚਲੇ ਜਾਣਗੇ। ਸੀ.ਐਮ. ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਨਾਲ ਖੜ੍ਹੀ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਇਸੇ ਦੌਰਾਨ ਗੁਰਦਾਸਪੁਰ ਦੇ ਪਿੰਡ ਦਬੂੜੀ ਵਿਚ ਜਵਾਹਰ ਨਵੋਦਿਆ ਵਿਦਿਆਲਾ ਦੀ ਇਮਾਰਤ ਚਾਰੇ ਪਾਸਿਓਂ ਹੜ੍ਹ ਦੇ ਪਾਣੀ ਵਿਚ ਘਿਰ ਗਈ। ਇਸ ਇਮਾਰਤ ਵਿਚ 400 ਵਿਦਿਆਰਥੀਆਂ ਅਤੇ ਸਕੂਲ ਵਿਚ ਮੌਜੂਦ ਸਾਰੇ ਸਟਾਫ ਲਈ ਬਿਪਤਾ ਵਾਲੀ ਸਥਿਤੀ ਬਣ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਕਿਸ਼ਤੀਆਂ ਭੇਜੀਆਂ ਗਈਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਸਕੂਲ ਵਿਚੋਂ ਸੁਰੱਖਿਅਤ ਬਾਹਰ ਕੱਢਿਆ।
ਹੜ੍ਹਾਂ ਨੂੰ ਲੈ ਕੇ ਵੜਿੰਗ ਅਤੇ ਚੰਨੀ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ : ਪੰਜਾਬ ਕਾਂਗਰਸ ਦੇ ਆਗੂਆਂ ਨੇ ਜਲੰਧਰ ਦੇ ਇੱਕ ਨਿੱਜੀ ਰਿਜੋਰਟ ਵਿਚ ਰੈਲੀ ਕੀਤੀ। ਇਸ ਰੈਲੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪਰਗਟ ਸਿੰਘ ਸਣੇ ਬਹੁਤ ਸਾਰੇ ਆਗੂ ਤੇ ਵਰਕਰ ਸ਼ਾਮਲ ਹੋਏ। ਇਸ ਰੈਲੀ ਦੌਰਾਨ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਨਿਸ਼ਾਨੇ ‘ਤੇ ਲਿਆ।
ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ‘ਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਅਸਫਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਗੱਲਾਂ ਕਰਨੀਆਂ ਹੀ ਜਾਣਦੇ ਹਨ। ਸੂਬੇ ਵਿਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਡੈਮਾਂ ਦੀ ਮਜ਼ਬੂਤੀ ਵੱਲ ਧਿਆਨ ਦਿੰਦੀ।
ਪੰਜਾਬ ਦੇ ਹੜ੍ਹ ਪੀੜਤਾਂ ਲਈ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ
ਪੰਜਾਬ ਵਿਚ ਹੜ੍ਹਾਂ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਵੀ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ਉਤੇ ਕਿਹਾ ਹੈ ਕਿ ਕੁਦਰਤ ਦੀ ਮਾਰ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ, ਪਰ ਆਪਾਂ ਰਲ ਮਿਲ ਕੇ ਇਸ ਔਖੀ ਘੜੀ ਵਿਚ ਇਕ ਦੂਜੇ ਦੇ ਨਾਲ ਖੜ੍ਹੀਏ। ਮੈਂ ਅਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਵਿਧਾਇਕ ਆਪਣੀ ਇਕ ਮਹੀਨੇ ਦੀ ਤਨਖਾਹ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਅਤੇ ਰਾਹਤ ਕਾਰਜਾਂ ਲਈ ਦੇ ਰਹੇ ਹਾਂ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਲੋਕਾਂ ਦੇ ਨਾਲ ਖੜ੍ਹੇ ਹਨ।

 

 

RELATED ARTICLES
POPULAR POSTS