‘ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ’
ਡੇਰਾ ਬਾਬਾ ਨਾਨਕ : ਭਾਰਤ ਤੇ ਪਾਕਿ ਸਰਕਾਰ ਵੱਲੋਂ 9 ਨਵੰਬਰ ਨੂੰ ਹੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਦੋਵੇਂ ਪਾਸਿਓਂ ਕੰਮਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉੱਧਰ ਕੋਰੀਡੋਰ ਦੇ ਆਈਸੀਪੀ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਕੁਝ ਉੱਚ ਅਧਿਕਾਰੀਆਂ ਨੇ ਇੱਥੇ ਡੇਰੇ ਲਾਏ ਹੋਏ ਹਨ ਤਾਂ ਜੋ 9 ਨਵੰਬਰ ਦੇ ਰਸਮੀ ਉਦਘਾਟਨ ਦੌਰਾਨ ਕੋਈ ਘਾਟ ਨਾ ਰਹਿ ਜਾਵੇ। ਇਸੇ ਤਰ੍ਹਾਂ ਕੰਡਿਆਲੀ ਤਾਰ ਨੇੜੇ ਹੀ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਲਈ ਸਵਾਗਤੀ ਗੇਟ ਲਗਾਇਆ ਗਿਆ ਹੈ ਤੇ ਇਸ ‘ਤੇ ਪੰਜਾਬੀ ਵਿੱਚ ਸਭ ਤੋਂ ਉੱਪਰ ‘ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ’ ਲਿਖਿਆ ਗਿਆ ਹੈ। ਪਾਕਿਸਤਾਨ ਵੱਲੋਂ ਆਪਣੇ ਬਣਾਏ ਆਈਸੀਪੀ (ਇੰਟਰਗ੍ਰੇਟਿਡ ਚੈੱਕ ਪੋਸਟ) ‘ਤੇ ਆਪਣਾ ਕੌਮੀ ਝੰਡਾ ਲਹਿਰਾਇਆ ਗਿਆ। ਇੱਥੋਂ ਦੀਆਂ ਸਾਹਿਤ ਸਭਾਵਾਂ ਨੇ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਣ ਦੀ ਸ਼ਲਾਘਾ ਵੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਦਿਨ ਪੋਟਿਆਂ ‘ਤੇ ਗਿਣਨ ਜੋਗੇ ਰਹਿ ਗਏ ਹਨ। ਵੱਖ ਵੱਖ ਤਕਨੀਕੀ ਮਾਹਿਰਾਂ ਤੇ ਮਜ਼ਦੂਰਾਂ ਨੇ ਕੰਮ ਨੇਪਰੇ ਚਾੜ੍ਹਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰ ਦੱਸਦੇ ਕਿ ਕੁਝ ਕੰਮ ਲਾਂਘੇ ਦੇ ਰਸਮੀ ਉਦਘਾਟਨ ਤੋਂ ਬਾਅਦ ਵੀ ਚਾਲੂ ਰਹਿਣਗੇ ਪਰ ਸ਼ਰਧਾਲੂਆਂ ਦੇ ਦਸਤਾਵੇਜ਼ ਚੈੱਕ ਕਰਨ ਅਤੇ ਹੋਰ ਲੋੜੀਂਦੇ ਪ੍ਰਬੰਧ ਆਉਂਦੇ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਣਗੇ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਆਪਣੇ ਹਿੱਸੇ ਦਾ ਕੰਮ ਅਕਤੂਬਰ ਦੇ ਪਹਿਲੇ ਹਫ਼ਤੇ ਮੁਕੰਮਲ ਕਰ ਲਿਆ ਸੀ। ਇਹ ਚਹੁੰ-ਮਾਰਗੀ ਲਾਂਘਾ ਪਿੰਡ ਮਾਨ ਤੋਂ ਜ਼ੀਰੋ ਲਾਈਨ ਤੱਕ ਹੈ ਜੋ 200 ਫੁੱਟ ਚੌੜਾ ਅਤੇ ਪੌਣੇ ਤਿੰਨ ਕਿਲੋਮੀਟਰ ਲੰਬਾ ਹੈ। ਸਭ ਤੋਂ ਗੁੰਝਲਦਾਰ ਕੰਮ ਆਈਸੀਪੀ (ਇੰਟਰਗ੍ਰੇਟਿਡ ਚੈੱਕ ਪੋਸਟ) ਦਾ ਹੈ ਜਿੱਥੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਇਲਾਵਾ ਇਮੀਗ੍ਰੇਸ਼ਨ, ਸੁਰੱਖਿਆ, ਸਟਾਫ਼ ਦਫ਼ਤਰ ਤੋਂ ਇਲਾਵਾ ਪਾਰਕਿੰਗ ਆਦਿ ਦਾ ਕੰਮ ਮਈ ਮਹੀਨੇ ਤੋਂ ਚੱਲ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਸਵਾਗਤ ਲਈ ਜ਼ੀਰੋ ਲਾਈਨ ਕੋਲ ਤਾਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਜ਼ੀਰੋ ਲਾਈਨ ਤੋਂ ਆਈਸੀਪੀ ਤੱਕ ਸੜਕ ਨੂੰ ਖ਼ੂਬ ਸੰਵਾਰਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਪਾਕਿਸਤਾਨੀ ਕਾਮਿਆਂ ਨੇ ਆਪਣੇ ਪਾਸੇ ਅਣਚਾਹੇ ਰੁੱਖ਼ਾਂ, ਘਾਹ, ਝਾੜੀਆਂ ਆਦਿ ਨੂੰ ਪੱਧਰਾ ਕਰ ਦਿੱਤਾ ਹੈ। ਭਰੋਸੇਯੋਗ ਸੂਤਰ ਦੱਸਦੇ ਕਿ ਉਥੋਂ ਦੀ ਸਰਕਾਰ ਨੇ ਆਈਸੀਪੀ ‘ਚ ਵੀ ਲੱਗਭੱਗ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਆਪਣੇ ਸਵਾਗਤੀ ਗੇਟਾਂ ‘ਤੇ ਸਭ ਤੋਂ ਉੱਪਰ ਸਥਾਨ ਦੇਣ ‘ਤੇ ਲੇਖਕ ਡਾ. ਅਨੂਪ ਸਿੰਘ, ਜਸਵੰਤ ਹਾਂਸ, ਦੇਵਿੰਦਰ ਦੀਦਾਰ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਬੁਲਾਰੇ ਸੂਬਾ ਸਿੰਘ ਖਹਿਰਾ, ਪੰਜਾਬੀ ਅਧਿਆਪਕ ਦਿਲਬਾਗ ਸਿੰਘ ਪੱਡਾ ਸਮੇਤ ਨੇ ਇਸ ਨੂੰ ਸ਼ਲਾਘਾਯੋਗ ਉਦਮ ਦੱਸਿਆ।
ਕੋਈ ਮੰਚ ਸਾਂਝਾ ਨਹੀਂ ਕਰਨਗੇ ਮੋਦੀ
ਕਰਤਾਰਪੁਰ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਵੱਡੀਆਂ ਸਟੇਜਾਂ ਲਗਾਉਣ ਦੀਆਂ ਅਫ਼ਵਾਹਾਂ ਹਨ ਪਰ ਕਰਤਾਰਪੁਰ ਲਾਂਘੇ ਦੇ ਕੰਮਾਂ ਨੂੰ ਦੇਖ ਰਹੇ ਇੱਕ ਉਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ 9 ਨਵੰਬਰ ਨੂੰ ਮੋਦੀ ਪਹਿਲਾਂ ਸ਼ਿਕਾਰ ਮਾਛੀਆ ਬੀਐੱਸਐੱਫ ਦੇ ਹੈੱਡ-ਕੁਆਰਟਰ ‘ਤੇ ਉਤਰਨਗੇ। ਇੱਥੋਂ ਉਹ ਸਿੱਧੇ ਲਾਂਘੇ ਵਾਲੇ ਸਥਾਨ ‘ਤੇ ਆਉਣਗੇ ਤੇ ਲਾਂਘੇ ਦਾ ਰਸਮੀ ਉਦਘਾਟਨ ਕਰਕੇ ਵਾਪਸ ਚਲੇ ਜਾਣਗੇ। ਮੋਦੀ ਨਾ ਹੀ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਲਗਾਇਆ ਜਾਣ ਵਾਲਾ ਮੰਚ ਸਾਂਝਾ ਕਰਨਗੇ।
80 ਇਮੀਗ੍ਰੇਸ਼ਨ ਕਾਊਂਟਰ ਬਣਾਏ : ਜਿਸ ਗੇਟ ਰਾਹੀਂ ਜਾਣਾ ਹੈ, ਉਸੇ ਰਾਹੀਂ ਵਾਪਸ ਪਰਤਣਾ ਹੋਵੇਗਾ
ਕਰਤਾਰਪੁਰ ਸਾਹਿਬ ਗੁਰੁਦਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ ਪੰਜ ਵਜੇ ਤੱਕ ਵਾਪਸੀ ਕਰਨੀ ਪਵੇਗੀ
ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਰ ਰੋਜ਼ ਆਉਣ ਵਾਲੇ ਪੰਜ ਹਜ਼ਾਰ ਸ਼ਰਧਾਲੂਆਂ ਦੀ ਸਹੂਲਤ ਅਤੇ ਜਲਦੀ ਵਾਪਸੀ ਲਈ ਕਰਤਾਰਪੁਰ ਕੌਰੀਡਰ ਦੇ ਮੁੱਖ ਟਰਮੀਨਲ ਭਵਨ ਵਿਚ 80 ਇਮੀਗ੍ਰੇਸ਼ਨ ਕਾਊਂਡਰ ਸਥਾਪਿਤ ਕੀਤੇ ਹਨ। ਇਨ੍ਹਾਂ ਕਾਊਂਟਰਾਂ ਵਿਚ ਤੈਨਾਤ ਅਧਿਕਾਰੀਆਂ ‘ਤੇ ਸ਼ਰਧਾਲੂਆਂ ਦੇ ਪਾਸਪੋਰਟ ਦੀ ਜਾਂਚ ਦੇ ਨਾਲ-ਨਾਲ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇਕ ਯਾਤਰਾ ਕਾਰਡ ਜਾਰੀ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ। ਪਾਕਿ ਦੀ ਸੰਘੀ ਜਾਂਚ ਏਜੰਸੀ ਇਸੇ ਕਾਊਂਟਰ ਤੋਂ ਭਾਰਤ ਸਰਕਾਰ ਵਲੋਂ ਭੇਜੀ ਗਈ ਸ਼ਰਧਾਲੂਆਂ ਦੀ ਸੂਚੀ ਦੀ ਜਾਂਚ ਕਰੇਗੀ। ਉਥੇ ਐਫ.ਆਈ.ਏ. ਦਸ ਦਿਨ ਪਹਿਲਾਂ ਬੀ.ਐਸ.ਐਫ. ਨੂੰ ਭਾਰਤੀ ਸ਼ਰਧਾਲੂਆਂ ਦੀ ਵਾਪਸੀ ਦੀ ਸੂਚੀ ਭੇਜੇਗੀ। ਪਾਕਿਸਤਾਨ ਨੇ ਮੁੱਖ ਟਰਮੀਨਲ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਤਿੰਨ ਪ੍ਰਵੇਸ਼ ਦੁਆਰ ਬਣਾਏ ਗਏ ਹਨ। ਸ਼ਰਧਾਲੂਆਂ ਕੋਲ ਉਨ੍ਹਾਂ ਦੇ ਆਉਣ ‘ਤੇ ਸਕੈਨ ਕੀਤੇ ਪਾਸਪੋਰਟ ਹੋਣਗੇ। ਸ਼ਰਧਾਲੂਆਂ ਨੂੰ ਸਖਤ ਸੁਰੱਖਿਆ ਵਿਚਕਾਰ ਪਾਕਿਸਤਾਨ ਰੇਂਜਰਜ਼ ਦੇ ਦਸਤੇ ਨਾਲ ਵਿਸ਼ੇਸ਼ ਬੱਸਾਂ ਵਿਚ ਗੁਰਦੁਆਰਾ ਦਰਬਾਰ ਸਾਹਿਬ ਪਹੁੰਚਾਇਆ ਜਾਵੇਗਾ। ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਵਿਚ ਦਾਖਲ ਹੋਣ ਤੋਂ ਪਹਿਲਾਂ ਬਾਇਓਮੀਟ੍ਰਿਕ ਸਕਰੀਨਿੰਗ ਵਿਚੋਂ ਗੁਜ਼ਰਨਗੇ। ਨਾਲ ਹੀ ਯਾਤਰੀ ਉਸੇ ਗੇਟ ਤੋਂ ਬਾਹਰ ਵਾਪਸ ਆਉਣਗੇ ਜਿਸ ਗੇਟ ਰਾਹੀਂ ੳਸਦੇ ਦਸਤਾਵੇਜ਼ ਦੀ ਜਾਂਚ ਕੀਤੀ ਗਈ ਸੀ। ਪਾਕਿਸਤਾਨ ਸਰਕਾਰ ਨੇ ਜਿਸ ਸ਼ਰਧਾਲੂ ਦਾ ਪਾਸਪੋਰਟ ਬਲੈਕ ਲਿਸਟ ਵਿਚ ਰੱਖਿਆ ਹੋਵੇਗਾ, ਉਸ ਨੂੰ ਦਰਸ਼ਨ ਕਰਨ ਦੀ ਆਗਿਆ ਨਹੀਂ ਹੋਵੇਗੀ। ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ 5 ਵਜੇ ਤੱਕ ਵਾਪਸੀ ਕਰਨੀ ਹੋਵੇਗੀ। ਕਿਸੇ ਵੀ ਸ਼ਰਧਾਲੂ ਨੂੰ ਦਰਬਾਰ ਸਾਹਿਬ ਵਿਚ ਰੁਕਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਪਾਕਿਸਤਾਨ ਦੇ ਸਿੱਖਾਂ ਲਈ ਵੱਖਰਾ ਗੇਟ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਪਾਕਿਸਤਾਨੀ ਸਿੱਖਾਂ ਲਈ ਇਕ ਵੱਖਰਾ ਗੇਟ ਵੀ ਬਣਾਇਆ ਗਿਆ ਹੈ। ਪਾਕਿਸਤਾਨੀ ਸਿੱਖ ਵੀ ਸੁਰੱਖਿਆ ਪ੍ਰੋਟੋਕਾਲ ਦੇ ਹਿੱਸੇ ਦੇ ਰੂਪ ਵਿਚ ਬਾਇਓਮੀਟ੍ਰਿਕ ਮਸ਼ੀਨ ਵਿਚੋਂ ਜਾਣਗੇ।ਭਾਰਤ ਅਤੇ ਪਾਕਿਸਤਾਨ ਨੇ ਪਿਛਲੇ ਹਫਤੇ ਕਰਤਾਰਪੁਰ ਕੌਰੀਡੋਰ ਨੂੰ ਲੈ ਕੇ ਇਕ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਇਸਦੇ ਤਹਿਤ ਉਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।
ਸ਼ਰਧਾਲੂਆਂ ਦੀ ਸਹੂਲਤ ਲਈ ਤੈਨਾਤ ਹੋਣਗੇ ਸੀਨੀਅਰ ਅਫਸਰ
ਗਲਿਆਰੇ ‘ਚ ਇਸ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਮੰਤਰਾਲੇ ਨੇ ਦੋ ਸਹਾਇਕ ਨਿਰਦੇਸ਼ਕ ਤੇ ਉਪ ਨਿਰਦੇਸ਼ਕ ਤੋਂ ਇਲਾਵਾ 169 ਜਾਂਚ ਕਰਤਾਵਾਂ ਅਤੇ ਮਹਿਲਾ ਕਾਂਸਟੇਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਜ਼ੀਰੋ ਲਾਈਨ ‘ਤੇ ਪਾਕਿ ਦੇ ਰੇਂਜਰ ਹਰ ਸ਼ਰਧਾਲੂ ਕੋਲੋਂ 20 ਡਾਲਰ ਵਸੂਲਣਗੇ। ਪਾਕਿ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ‘ਤੇ ਆਪਣੇ ਦੇਸ਼ ਵਿਚ ਕਰਤਾਰਪੁਰ ਗਲਿਆਰੇ ਸਮੇਤ ਹੋਰ ਗੁਰਦੁਆਰਿਆਂ ਦੇ ਦਰਸ਼ਨ ਲਈ ਗੈਰ ਭਾਰਤੀ ਸਿੱਖਾਂ ਨੂੰ ਵੀ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ।