ਮਨਪ੍ਰੀਤ ਬਾਦਲ ਨੇ ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ
ਤਲਵੰਡੀ ਸਾਬੋ/ਬਿਊਰੋ ਨਿਊਜ਼
ਖਾਲਸੇ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਪੂਰੀ ਦੁਨੀਆ ਵਿਚ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਿਹਾੜੇ ਮੌਕੇ ਹੋਈ ਕਾਂਗਰਸ ਸਰਕਾਰ ਦੀ ਕਾਨਫ਼ਰੰਸ ਖ਼ੁਸ਼ਕ ਰਹੀ। ਇਸ ਵਿਚ ਨਾ ਕੋਈ ਏਜੰਡਾ, ਨਾ ਕੋਈ ਨਾਅਰਾ, ਨਾ ਕੋਈ ਜੋਸ਼ ਤੇ ਨਾ ਕੋਈ ਉਤਸ਼ਾਹ ਦਿਖਾਈ ਦਿੱਤਾ।
ਅਫ਼ਸਰ ਆਪਣੀ ਡਿਊਟੀ ਵਜਾਉਂਦੇ ਰਹੇ ਤੇ ਲੀਡਰ ਸੁਸਤਾਉਂਦੇ ਰਹੇ। ਹਲਕਿਆਂ ਵਿੱਚੋਂ ਵਰਕਰ ਲਿਆਉਣ ਲਈ ਵੀ ਕੋਈ ਤਾਣ ਨਹੀਂ ਲੱਗਾ। ਕਾਨਫ਼ਰੰਸ ਵਿਚ ਨਾ ਕੋਈ ਨਾਅਰਾ ਗੂੰਜਿਆ ਤੇ ਨਾ ਹੀ ਲੋਕਾਂ ਨੇ ਲੀਡਰਾਂ ਦੇ ਭਾਸ਼ਣਾਂ ਦਾ ਹੁੰਗਾਰਾ ਭਰਿਆ। ਕਾਂਗਰਸ ਹਕੂਮਤ ਬਣਨ ਮਗਰੋਂ ਦੂਜੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸਾਖੀ ਦਿਹਾੜੇ ਉੱਤੇ ਨਾ ਪੁੱਜੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਿਸਾਖੀ ਕਾਨਫ਼ਰੰਸ ਦੇ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਇੱਕ ਵਰ੍ਹੇ ਦੀ ਕਾਰਗੁਜ਼ਾਰੀ ‘ਤੇ ਸਫ਼ਾਈ ਪੇਸ਼ ਕੀਤੀ। ਰਾਜ ਪੱਧਰੀ ਸਮਾਗਮਾਂ ਵਿਚ ਪੰਚਾਇਤੀ ਚੋਣਾਂ ਦੇ ਚਰਚੇ ਹੋਏ ਅਤੇ ਲੰਗਰ ਤੇ ਰਾਜ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਮੁਆਫ਼ ਕੀਤੇ ਜੀਐਸਟੀ ਨੂੰ ਪ੍ਰਾਪਤੀ ਵਜੋਂ ਉਭਾਰਿਆ ਗਿਆ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਭਾਸ਼ਣ ਵਿਚ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦੇ ਹੋਏ ਆਖਿਆ ਕਿ ਕਾਂਗਰਸ ਸਰਕਾਰ ਤਰਫ਼ੋਂ ਸਤੰਬਰ 2018 ਤੱਕ 10 ਲੱਖ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ, ਜਿਸ ਲਈ ਸਰਕਾਰ ਨੇ ਖ਼ੁਦ ਕਰਜ਼ਾ ਚੁੱਕਿਆ ਹੈ।
ਕਰਜ਼ਾ ਮੁਆਫ਼ੀ ਦੇ ਚਾਰ ਪੜਾਅ ਮੁਕੰਮਲ ਹੋ ਗਏ ਹਨ। ਇਸੇ ਤਰ੍ਹਾਂ ਦਲਿਤ ਪਰਿਵਾਰਾਂ ਵੱਲੋਂ ਐੱਸ ਸੀ/ਬੀ ਸੀ ਕਾਰਪੋਰੇਸ਼ਨ ਤੋਂ ਲਿਆ ਗਿਆ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਵੀ ਸੂਬਾ ਸਰਕਾਰ ਵੱਲੋਂ ਮੁਆਫ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਆਖਿਆ ਕਿ ਸਰਕਾਰ ਨੇ ਇੱਕ ਵਰ੍ਹੇ ਵਿੱਚ ਆਪਣੇ ਖ਼ਰਚੇ 102 ਫ਼ੀਸਦੀ ਤੋਂ ਘਟਾ ਕੇ 88 ਫ਼ੀਸਦੀ ਕਰ ਲਏ ਹਨ ਅਤੇ ਜਲਦੀ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਦੋ ਮਹੀਨੇ ਹਕੂਮਤ ਦੇ ਮੰਗਣ ਵਾਲੇ ਸੁਖਬੀਰ ਬਾਦਲ ਦਾ ਢਿੱਡ 10 ਵਰ੍ਹਿਆਂ ਵਿਚ ਭਰਿਆ ਨਹੀਂ ਹੈ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …