Home / ਨਜ਼ਰੀਆ / ਕੈਨੇਡੀਅਨ ਜੀਵਨ ਹੈ ਸਤਿਯੁਗੀ

ਕੈਨੇਡੀਅਨ ਜੀਵਨ ਹੈ ਸਤਿਯੁਗੀ

ਜਦ ਬੰਦਾ ਆਪਣੇ ਦੱਖਣੀ ਏਸ਼ੀਆਈ ਮੁਲਕਾਂ ਵਿਚੋਂ ਆ ਕੇ ਕੈਨੇਡਾ ਵਿਚ ਰਚਦਾ ਹੈ ਤਾਂ ਬੜੀ ਦੇਰ ਤੱਕ ਇਕ ਵਿਸਮਾਦੀ ਲੋਰ ਵਿਚ ਰਹਿੰਦਾ ਹੈ। ਇਕ ਅਨੰਦਤ ਅਹਿਸਾਸ ਵਿਚ ਵਿਚਰਦਾ ਹੈ, ਕਿ  ਕਿਆ ਸਿਸਟਮ ਹੈ ਐਥੋਂ ਦਾ। ਸਭ ਕੁਝ ਉਸਦੇ ਆਪਣੇ ਮੁਲਕ ਤੋਂ ਵੱਖ ਹੈ ਪਰ ਅਤੀ ਸੁੰਦਰ ਹੈ, ਮਨਮੋਹਣਾ ਹੈ ਅਤੇ ਸਤਿਯੁਗੀ ਹੈ। ਜਦੋਂ ਬੰਦੇ ਦੀ ਕਦਰ ਅਤੇ ਉਸਦੀ ਸਮਝੀ ਜਾਂਦੀ ਕੀਮਤ ਵਲ ਧਿਆਨ ਜਾਦਾ ਹੈ ਤਾਂ ਛਾਤੀ ਵਿਚ ਉਭਾਰ ਆ ਜਾਦਾ ਹੈ। ਪੈਦਲ ਤੁਰੇ ਜਾਂਦੇ ਨੂੰ ਵੇਖ ਕਾਰਾਂ ਰੁਕ ਜਾਦੀਆਂ ਹਨ, ਪੁਲਸ ਵਾਲੇ ਆਪ ਆਕੇ ਗਲ ਸੁਣਦੇ ਹਨ, ਦਫਤਰਾਂ ਵਿਚ ਚਪੜਾਸੀ ਕੋਈ ਨਹੀਂ, ਖੁਦ ਅਫਸਰ ਆਕੇ ਲਿਜਾਂਦਾ ਹੈ ਅਤੇ ਕੁਰਸੀ ਦੇਂਦਾ ਹੈ। ਸਭ ਜਗ੍ਹਾ ਕਰਮਚਾਰੀ ਤੁਹਾਡਾ ਕੰਮ ਪੂਰੀ ਰੁਚੀ ਨਾਲ ਕਰਦੇ ਹਨ ਅਤੇ ਕੰਮ ਕਰਨ ਬਾਅਦ ਧੰਨਵਾਦ ਅਤੇ ਫਿਰ ਮਿਲਣ ਦਾ ਵਾਅਦਾ ਦੇਂਦੇ ਹਨ। ਕਿਸੇ ਜਗਾਹ ਵੀ ਕੋਈ ਘਬਰਾਹਟ ਨਹੀਂ, ਬੰਦਾ ਆਪਣੇ ਆਪ ਵਿਚ ਕੋਈ ‘ਵੀ ਆਈ ਪੀ’ ਹੋਣ ਦਾ ਅਹਿਸਾਸ ਮਹਿਸੂਸ ਕਰਦਾ ਹੈ।
ਕੋਈ ਕੰਮ ਛੋਟਾ ਨਹੀਂ ਵੱਡਾ ਨਹੀਂ, ਐਥੋ ਤੱਕ ਕਿ ਤਨਖਾਹ ਦਾ ਵੀ ਬਹੁਤ ਬੜਾ ਅੰਤਰ ਨਹੀਂ। ਸਭ ਅਦਾਰਿਆਂ ਨੂੰ ਘੱਟੋ ਘੱਟ ਸਰਕਾਰੀ ਮਨਜੂਰ ਸ਼ੁਦਾ ਤਨਖਾਹ ਦੇਣ ਦੇ ਹੁਕਮ। ਕਰਮਚਾਰੀਆਂ ਨੂੰ ਦੁਖੀ ਰੱਖਣ ਵਾਲਿਆ ਲਈ ਸਖਤ ਕਨੂੰਨ। ਮੂਲਿਕ ਅਧਿਕਾਰਾਂ ਦੀ ਪਾਲਣਾ ਦੇ ਹੁਕਮ। ਹੁਕਮ ਅਦੂਲੀ ਕਰਨ ਵਾਲਿਆ ਲਈ ਅਦਾਲਤਾਂ ਦੀ ਸੁਵਿਧਾ। ਬੱਚਿਆਂ ਬਜ਼ੁਰਗਾਂ ਲਈ ਸਹੂਲਤਾਂ ਜਿਵੇਂ ਸਭ ਢਿਡੋਂ ਜੰਮੇ ਹੋਣ। ਨੈਸ਼ਨਲ ਦਿਵਸ ਮਨਾਉਣ ਲਈ ਉਤਸ਼ਾਹਤ ਕਰਨ ਖਾਤਰ ਗਰਾਂਟਾਂ। ਵਿਦੇਸ਼ੀਆਂ ਦੇ ਆਪਣੇ ਮੁਲਕਾਂ ਵਿਚ ਰਾਜਨੀਤਕਾਂ ਨੂੰ ਮਿਲਣਾ ਵਡੀ ਸਮਸਿਆ, ਐਥੇ ਰਾਜਨੀਤਕ ਗਣ ਤੁਹਾਡੇ ਘਰ ਨਿਓਂਦੇ ਖਾਣ ਲਈ ਕਾਹਲੇ। ਕਿਹੜਾ ਕੰਮ ਹੈ ਜੋ ਆਪਣੇ ਮੁਲਕਾਂ ਤੋਂ ਵਖ ਅਤੇ ਉਲਟ ਨਹੀਂ ਪਰ ਚੰਗਾ ਕਿੰਨ੍ਹਾਂ ਹੈ। ਇਸੇ ਲਈ ਦੁਨੀਆਂ ਭਰ ਤੋਂ ਲੋਕ ਕੈਨੇਡਾ ਆਉਣ ਲਈ ਰੱਸੇ ਤੁੜਵਾ ਰਹੇ ਹਨ।
ਤੀਸਰੀ ਦੁਨੀਆਂ ਦੇ ਲੋਕਾਂ ਨੇ ਇਸ ਸਤਿਯੁਗੀ ਮੁਲਕ ਦੀਆਂ ਕਮਯੋਰੀਆਂ ਨੂੰ ਜਾਣ ਲਿਆ ਹੈ, ਜਿਵੇਂ ਕਿਸੇ ਸਮੇਂ ਭਾਰਤ ਨੂੰ ਧਾੜਵੀਆਂ ਨੇ ਸੋਨ ਚਿੜੀ ਸਮਝ ਹਮਲੇ ਕਰਨੇ ਸ਼ੁਰੂ ਕਰ ਦਿਤੇ ਸਨ। ਭਾਰਤੀ ਰਾਜਿਆਂ ਕੋਲ ਉਨ੍ਹਾਂ ਨੂੰ ਰੋਕਣ ਲਈ ਬੰਦੋਬਸਤ ਕਾਫੀ ਨਹੀਂ ਸਨ। ਉਵੇਂ ਹੀ ਇਸ ਮੁਲਕ ਦੀਆਂ ਸਤਿਯੁਗੀ ਪ੍ਰੰਪਰਾਵਾਂ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ।ਸਤਿਯੁਗੀ ਮੁਲਕ ਕੋਲ ਅਜਿਹੇ ਮਸਲਿਆਂ ਵਾਸਤੇ ਕਾਨੂੰਨ  ਕਾਫੀ ਨਹੀਂ ਹਨ। ਇਸ ਮੁਲਕ ਵਿਚ ਬੰਦੇ ਦੇ ਕਥਨ ਨੂੰ ਰੱਬੀ ਆਵਾਜ਼ ਦੀ ਤਰ੍ਹਾਂ ਮੰਨਣ ਦੀ ਪ੍ਰੰਪਰਾ ਹੈ। ਕੋਰਟ ਕਚਿਹਰੀਆਂ ਵਿਚ ਆਪਣੀ ਧਾਰਮਿਕ ਕਿਤਾਬ ਉਪਰ ਹੱਥ ਰਖਕੇ ਜੋ ਕਹਿ ਦੇਵੋਗੇ, ਉਹ ਸਚ ਮੰਨ ਲਿਆ ਜਾਵੇਗਾ। ਸਟੋਰਾਂ ਉਪਰ ਸਮਾਨ ਵਾਪਿਸ ਕਰਨ ਵੇਲੇ ਜੋ ਬੋਲ ਦੇਵੋਗੇ, ਉਹ ਮੰਨ ਜਾਣਗੇ ਅਤੇ ਏਅਰ ਟਿਕਟ ਨੂੰ ਜਿਨੀ ਵਾਰ ਮਰਜ਼ੀ ਐ ਡੇਟ ਬਦਲੀ ਲਈ ਕਹੋ, ਕਰ ਦੇਣਗੇ। ਉਹ ਇਸ ਲਈ ਕਿ ਤੁਸੀਂ ਮੁਲਕ ਦੇ ਵਿਸ਼ਵਾਸ ਪਾਤਰ ਹੋ। ਪਰ ਸਾਡੇ ਬਿਦੇਸ਼ੀ ਲੋਕਾਂ ਨੇ ਇਸਦਾ ਨਾਜਾਇਜ਼ ਫਾਇਦਾ ਲਿਆ ਹੈ। ਐਹੋ ਜਹੇ ਸਤਿਕਾਰਯੋਗ ਰਿਵਾਜਾਂ ਵਿਚ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਹਵਾਈ ਟਿਕਟ ਵਿਚ ਅਦਲਾ ਬਦਲੀ ਕਰਨੀ ਮੁਸ਼ਕਿਲ ਕਰ ਦਿੱਤੀ ਗਈ ਹੈ। ਸਾਡੇ ਘਰਾਂ ਵਿਚ ਤਾਂ ਉਹ ਹਾਲ ਹੈ ਕਿ ਮੰਜਾ ਸਹੀ ਜਗ੍ਹਾ ਡਾਹੁਣ ਲਈ ਸਹਿਮਤੀ ਨਹੀਂ ਬਣਦੀ, ਸਫਰ ਕਰਨ ਲਈ ਕਿਸੇ ਇਕ ਖਾਸ ਦਿਨ ਲਈ ਸਹਿਮਤ ਕਿਵੇਂ ਹੋ ਸਕਦੇ ਹਨ। ਲੋਕ ਸਾਲ ਸਾਲ ਬਾਅਦ ਚੀਜ਼ਾਂ ਸਟੋਰਾਂ ਨੂੰ ਮੋੜ ਦੇਂਦੇ ਹਨ। ਕੋਰਟ ਕਚਹਿਰੀਆਂ ਵਿਚ ਜੰਮ ਕੇ ਝੂਠ ਬੋਲਦੇ ਹਨ।
ਇਕ ਕਹਾਵਤ ਹੈ ਕਿ ਜੈਸਾ ਦੇਸ਼ ਵੈਸਾ ਭੇਸ ਜਾਂ ‘ਡੂ ਇਨ ਰੋਮ, ਐਜ਼ ਰੋਮਿਨਜ਼ ਡੂ’ ਇਨ੍ਹਾਂ ਕਹਾਵਤਾਂ ਦਾ ਜੋ ਸਾਰ ਹੈ ਉਹ ਹੈ ਕਿ ਜਿਸ ਮੁਲਕ ਵਿਚ ਰਹੋ, ਉਸ ਵਰਗੇ ਹੋ ਜਾਵੋ, ਉਥੋਂ ਦੀ ਚੰਗੀ ਕਲਚਰ ਵਿਚ ਰਚ ਮਿਚ ਜਾਵੋ। ਪਰ ਅਸੀਂ ਇਸਦਾ ਇਹ ਮਤਲਬ ਲਿਆ ਹੈ ਕਿ ਲਿਬਾਸ ਵਜੋਂ ਉਸ ਮੁਲਕ ਵਰਗੇ ਹੋ ਜਾਵੋ ਪਰ ਨੀਅਤ ਆਪਣੀ ਬਿਲਕੁਲ ਨਾ ਬਦਲੋ। ਨੀਅਤ ਪਖੋਂ ਮੁਨਾਫਾ ਖੋਰ, ਮੁਫਤ ਖੋਰ ਅਤੇ ਚੁਗਲਖੋਰ ਬਣੇ ਰਹੋ। ਸਤਿਯੁਗੀ ਪ੍ਰੰਪਰਾ ਹੈ ਕਿ ਆਪਣੇ ਬਚਨ ਪੂਰੇ ਕਰੋ (ਜਾਨ ਜਾਏ ਪਰ ਬਚਨ ਨਾ ਜਾਏ)। ਪਰ ਆਪਣੇ ਲੋਕ ਵਾਅਦਾ ਖਿਲਾਫੀ ਨੂੰ ਆਪਣਾ ਆਰਟ ਗਿਣਦੇ ਹਨ, ਉਪਰੋ ਹੋਰ ਵਿਚੋਂ ਹੋਰ ਹੋਣਾ ਇਕ ਕਲਾ ਅਤੇ ਦੁਸਰਿਆਂ ਨੂੰ ਠਿੱਬੀ ਲਗਾਉਣਾ ਆਪਣਾ ਮੌਲਿਕ ਅਧਿਕਾਰ ਗਿਣਦੇ ਹਨ। ਹੇ ਬਾਬਾ ਨਾਨਕ, ਹੇ ਸੀਤਾ ਰਾਮ, ਹੇ ਅਲ੍ਹਾ ਕੁਝ ਰਹਿਮ ਕਰ ਆਪਣੀ ਬਣਾਈ ਦੁਨੀਆਂ ਉਪਰ! ਲੋਕਾਂ ਨੂੰ ਇਸ ਮੁਲਕ ਦੀ ਮੱਤ ਦੇਹਿ। ਲੋਕ ਕਨੇਡੀਅਨ ਬਣਕੇ ਰਹਿਣ। ਇਸਨੂੰ ਪੰਜਾਬ, ਤਿਲੰਗਾਨਾ ਜਾਂ ਤਾਮਿਲਨਾਡੂ ਨਾ ਬਣਾ ਦੇਣ।

Check Also

ਕਿਸਾਨ-ਸੰਘਰਸ਼ ਬਨਾਮ ਸਮਾਜਿਕ ਚੇਤਨਾ ਲਹਿਰ

ਗੁਰਚਰਨ ਕੌਰ ਥਿੰਦ(1-403-402-9635) ਕਿਸਾਨ-ਸੰਘਰਸ਼ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਚਲਦੇ ਇਕ ਸਾਲ ਹੋ ਗਿਆ ਹੈ …