Breaking News
Home / ਹਫ਼ਤਾਵਾਰੀ ਫੇਰੀ / ਪਰਵਾਸੀ ਰੇਡੀਓ ‘ਤੇ ਖਾਸ ਗੱਲਬਾਤ

ਪਰਵਾਸੀ ਰੇਡੀਓ ‘ਤੇ ਖਾਸ ਗੱਲਬਾਤ

johan-copy-copyਆਪਣੇ ਪਹਿਲੇ ਭਾਰਤੀ ਦੌਰੇ ਲਈ ਬਹੁਤ ਖੁਸ਼ ਹਾਂ : ਜਾਨ ਮਕੱਲਮ
ਇੰਮੀਗ੍ਰੇਸ਼ਨ ਮੰਤਰੀ 3 ਨਵੰਬਰ ਤੋਂ 11 ਨਵੰਬਰ ਤੱਕ ਭਾਰਤ ਦਾ ਦੌਰਾ ਕਰਨਗੇ
ਟੋਰਾਂਟੋ/ਪਰਵਾਸੀ ਬਿਊਰੋ
ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜਾਨ ਮਕੱਲਮ 3 ਨਵੰਬਰ ਨੂੰ ਭਾਰਤ ਲਈ ਰਵਾਨਾ ਹੋਣਗੇ ਅਤੇ 11 ਨਵੰਬਰ ਤੱਕ ਭਾਰਤ ਵਿੱਚ ਰਹਿ ਕੇ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਕੇ ਭਾਰਤ ਨਾਲ ਕੈਨੇਡਾ ਦੇ ਹੋਰ ਵੀ ਚੰਗੇਰੇ ਸਬੰਧ ਬਣਾਉਣ ਅਤੇ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਵਿਚਾਰ-ਵਟਾਂਦਰਾ ਕਰਨਗੇ।
ਵੀਰਵਾਰ ਨੂੰ ਰੇਡੀਓ ਪਰਵਾਸੀ ‘ਤੇ ਰਜਿੰਦਰ ਸੈਣੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਆਪਣੀ ਪਹਿਲੀ ਭਾਰਤ ਫੇਰੀ ਨੂੰ ਲੈ ਕੇ ਕਾਫੀ ਉਤਸੁਕ ਹਨ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਤਿੰਨ ਪ੍ਰਮੁੱਖ ਮੁਲਕਾਂ ‘ਚੋਂ ਹੈ, ਜਿੱਥੋਂ ਸਭ ਤੋਂ ਵੱਧ ਇਮੀਗ੍ਰੈਂਟ ਕੈਨੇਡਾ ਆਉਂਦੇ ਹਨ। ਇਸ ਕਾਰਨ ਕੈਨੇਡਾ ਲਈ ਇਸ ਰਿਸ਼ਤੇ ਦੀ ਖਾਸ ਮਹੱਤਤਾ ਹੈ।
ਮੰਤਰੀ ਮਕੱਲਮ ਨੇ ਦੱਸਿਆ ਕਿ ਦਿੱਲੀ ਅਤੇ ਮੁੰਬਈ ਤੋਂ ਇਲਾਵਾ ਉਹ ਚੰਡੀਗੜ੍ਹ ਦੇ ਕੈਨੇਡੀਅਨ ਕੌਂਸਲੇਟ ਦਫਤਰ ਵੀ ਵਿਸ਼ੇਸ਼ ਤੌਰ ‘ਤੇ ਜਾਣਗੇ। ਉਨ੍ਹਾਂ ਮੰਨਿਆ ਕਿ ਚੰਡੀਗੜ੍ਹ ਦੇ ਦਫਤਰ ਸਬੰਧੀ ਬਹੁਤ ਸ਼ਿਕਾਇਤਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਉੱਥੋਂ ਦੇ ਸਬੰਧਤ ਅਧਿਕਾਰੀਆਂ ਨਾਲ ਉਹ ਜ਼ਰੂਰ ਸਾਂਝੀਆਂ ਕਰਨਗੇ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਦਫਤਰ ਵਿੱਚ ਅਕਸਰ ਜਾਅਲੀ ਦਸਤਾਵੇਜ਼ ਅਤੇ ਹੇਰਾਫੇਰੀ ਨਾਲ ਵੀਜ਼ਾ ਹਾਸਲ ਕਰਨ ਦੀਆਂ ਖ਼ਬਰਾਂ ਵੀ ਮਿਲਦੀਆਂ ਹਨ, ਜੋ ਜਾਇਜ਼ ਕੇਸਾਂ ਲਈ ਵੀ ਰੁਕਾਵਟ ਦਾ ਕਾਰਣ ਬਣਦੀਆਂ ਹਨ।
ਮੰਤਰੀ ਮਕੱਲਮ ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਜਾ ਕੇ ਵੀ ਮੱਥਾ ਟੇਕਣਗੇ। ਉਨ੍ਹਾਂ ਦੱਸਿਆ ਕਿ ਉਹ ਸਿੱਖਾਂ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦੇ ਕਾਫੀ ਸਮੇਂ ਤੋਂ ਚਾਹਵਾਨ ਸਨ। ਜੋ ਹੁਣ ਇਸ ਦੌਰੇ ਸਮੇਂ ਸੰਭਵ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੀ ਦੀਵਾਲੀ ਵਿਸ਼ਵ ਪ੍ਰਸਿੱਧ ਹੈ ਅਤੇ ਚੰਗਾ ਹੁੰਦਾ ਜੇਕਰ ਮੈਂ ਦਿਵਾਲੀ ਮੌਕੇ ਉੱਥੇ ਹੁੰਦਾ।
ਆਪਣੀ ਭਾਰਤ ਫੇਰੀ ਦਾ ਮਕਸਦ ਦੱਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਸੁਨੇਹਾ ਦੇਣਾ ਚਾਹਾਂਗੇ ਕਿ ਜਿਹੜੇ ਵਿਦਿਆਰਥੀ ਕੈਨੇਡਾ ਆ ਕੇ ਪੜ੍ਹਾਈ ਕਰਨਗੇ, ਉਨ੍ਹਾਂ ਨੂੰ ਕੈਨੇਡਾ ਵਿੱਚ ਕੀਤੀ ਪੜ੍ਹਾਈ ਅਤੇ ਕੰਮ ਕਰਕੇ ਹਾਸਲ ਕੀਤੇ ਤਜ਼ਰਬੇ ਦਾ ਖਾਸ ਲਾਭ ਦਿੱਤਾ ਜਾਵੇਗਾ, ਜੋ ਉਨ੍ਹਾਂ ਨੂੰ ਇੱਥੇ ਪੱਕਿਆਂ ਕਰਨ ਵਿੱਚ ਬਹੁਤ ਕਾਫੀ ਸਹਾਈ ਹੋਵੇਗਾ। ਪਰੰਤੂ ਉਨ੍ਹਾਂ ਨਾਲ ਹੀ ਯਾਦ ਕਰਵਾਇਆ ਕਿ ਕੈਨੇਡਾ ਦਾ ਸਟੂਡੈਂਟ ਵੀਜ਼ਾ ਮਿਲਣ ਦਾ ਮਤਲਬ ਇਹ ਨਾ ਕੱਢਿਆ ਜਾਵੇ ਕਿ ਇਹ ਇੱਥੇ ਪੱਕੇ ਹੋਣ ਦੀ ਗਾਰੰਟੀ ਵੀ ਹੈ।
ਰਜਿੰਦਰ ਸੈਣੀ ਹੋਰਾਂ ਦੇ ਵਿਆਹ ਸੰਬੰਧੀ ਕੇਸਾਂ ਵਿੱਚ ਲੱਗ ਰਹੇ ਲੰਮੇਂ ਸਮੇਂ ਦੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆ ਕਿ ਇਹ ਸਰਾਸਰ ਗਲਤ ਹੈ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਜੀਵਨ ਸਾਥੀ ਨੂੰ ਇੱਥੇ ਮੰਗਵਾਊਣ ਲਈ ਇੰਨਾ ਸਮਾਂ ਲੱਗੇ। ਉਨ੍ਹਾਂ ਨਾਲ ਹੀ ਮੰਨਿਆ ਕਿਅਜਿਹੇ ਕੇਸਾਂ ਦੇ ਰਿਜੈਕਟ ਹੋਣ ਜਾਣ ਤੇ ਅਪੀਲ ਲਈ 2 ਤੋਂ ਤਿੰਨ ਸਾਲ ਦੋ ਸਮਾਂ ਲੱਗ ਜਾਂਦਾ ਹੈ, ਜੋ ਕਿ ਬਹੁਤ ਗਲਤ ਹੈ। ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਸਿਟੀਜ਼ਨਸ਼ਿਪ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆ ਕਿ 26 ਵਿਚੋਂ 13 ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਣ ਲੋਕਾਂ ਨੂੰ ਸਿਟੀਜ਼ਨਸ਼ਿਪ ਹਾਸਲ ਕਰਨ ਵਿੱਚ ਲੰਮਾਂ ਸਮਾਂ ਲੱਗ ਰਿਹਾ ਹੈ, ਜਿਸ ਨੂੰ ਘਟਾਉਣ ਲਈ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਈ ਲੋਕ ਕੈਨੇਡਾ ਵਿੱਚ ਬਿਨ੍ਹਾਂ ਰਿਹਾਂ ਫਰਾਡ ਕਰਕੇ ਸਿਟੀਜ਼ਨਸ਼ਿਪ ਲੈਂਦੇ ਸਨ, ਜਿਸ ਨੂੰ ਰੋਕਣ ਲਈ ਪਿਛਲੀ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਸੀ, ਜਿਸ ਕਾਰਨ ਬਾਕੀ ਲੋਕਾਂ ਨੂੰ ਵੀ ਹੁਣ ਪ੍ਰੇਸ਼ਾਨੀ ਹੋ ਰਹੀ ਹੈ, ਜਿਸ ਨੂੰ ਜਲਦ ਹੀ ਠੀਕ ਕੀਤਾ ਜਾਵੇਗਾ।
ਅੰਤ ਵਿੱਚ ਉਨ੍ਹਾਂ ਵਾਅਦਾ ਕੀਤਾ ਕਿ ਭਾਰਤ ਤੋਂ ਵਾਪਸ ਆ ਕੇ ਉਹ ਰੇਡਿਓ ‘ਪਰਵਾਸੀ’ ਤੇ ਵਿਸਥਾਰ ਵਿੱਚ ਗੱਲਬਾਤ ਕਰਨਗੇ ਅਤੇ ਇਸ ਦੌਰੇ ਦੀ ਪੂਰੀ ਜਾਣਕਾਰੀ ਸਾਂਝੀ ਕਰਨਗੇ।
ਦੀਵਾਲੀ ਉਹ ਜੋ ਦਿਲਾਂ ਦੇ ਹਨ੍ਹੇਰੇ ਮਿਟਾਵੇ
ਸਭਨਾਂ ਨਾਲ ਮਿਲ ਕੇ, ਪਿਆਰ ਵੰਡ ਕੇ, ਮਿਠਾਸ ਵੰਡ ਕੇ, ਰੋਸ਼ਨੀਆਂ ਵੰਡ ਕੇ ਜੋ ਤਿਉਹਾਰ ਮਨਾਇਆ ਜਾਵੇ ਉਹੀ ਦੀਵਾਲੀ ਹੈ। ਦੀਵਾਲੀ ਉਹ ਜੋ ਦਿਲਾਂ ਦੇ ਹਨ੍ਹੇਰੇ ਮਿਟਾਵੇ ਤੇ ਹਰ ਵਿਹੜੇ ਵਿਚ ਚਾਨਣ ਫੈਲਾਵੇ। ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੀ ਪ੍ਰਤੀਕ ਦੀਵਾਲੀ ਅਤੇ ਬੰਦੀ  ਛੋੜ  ਦਿਵਸ  ਦੇ ਸ਼ੁਭ ਮੌਕੇ ‘ਤੇ ’ਪਰਵਾਸੀ ਅਖ਼ਬਾਰ’ ਅਤੇ ‘ਪਰਵਾਸੀ ਰੇਡੀਓ’ ਦੇ ਸਮੂਹ ਪਾਠਕਾਂ-ਸਰੋਤਿਆਂ, ਸਹਿਯੋਗ ਦੇਣ ਵਾਲੇ ਸਮੂਹ ਇਸ਼ਤਿਹਾਰਦਾਤਾ, ਦੋਸਤਾਂ, ਮਿੱਤਰਾਂ ਤੇ ਸ਼ੁਭਚਿੰਤਕਾਂ ਨੂੰ ਮੁਬਾਰਕਾਂ ਦਿੰਦਿਆਂ ਆਪ ਦਾ ਧੰਨਵਾਦ ਵੀ ਕਰਦੇ ਹਾਂ ਕਿ ਆਪ ਹਰ ਮੌਕੇ ‘ਪਰਵਾਸੀ ਅਦਾਰੇ’ ਦਾ ਸਾਥ ਦਿੰਦੇ ਹੋ। ਅਸੀਂ ਆਪ ਨੂੰ, ਆਪ ਦੇ ਸਮੂਹ ਪਰਿਵਾਰ ਨੂੰ ਦਿਲੋਂ ਦੀਵਾਲੀ ਦੀਆਂ ਰੋਸ਼ਨ ਮੁਬਾਰਕਾਂ ਭੇਜਦੇ ਹਾਂ।
-ਰਜਿੰਦਰ ਸੈਣੀ
ਮੁੱਖ ਸੰਪਾਦਕ

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …