ਮੇਰੀਆਂ ਯਾਦਾਂ ਦੀ ਡਾਇਰੀ
ਮੈਨੂੰ ਜਾਪਿਆ ਨੁਸਰਤ ਭੂਤ ਬਣ ਚਿੰਬੜ ਗਿਆ
ਨਿੰਦਰ ਘੁਗਿਆਣਵੀ
ਦੇਰ ਦੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਬਾਲ ਵਿਸ਼ਵ ਕੋਸ਼’ (ਚਾਰ ਜਿਲਦਾਂ) ਵਿਚ ਲਿਖਣ ਲਈ ਮੈਨੂੰ 4 ਇੰਦਰਾਜ (ਐਂਟਰੀਜ਼) ਅਲਾਟ ਕੀਤੀਆਂ ਗਈਆਂ। ਆਪਣੀ ਅਮਰ ਆਵਾਜ਼ ਦਾ ਜਾਦੂ ਬਖੇਰ ਕੇ ਤੇ ਨਿਆਣੀ ਉਮਰੇ ਸੰਸਾਰ ਛੱਡ ਗਏ ਗਏ ਮਾਸਟਰ ਮਦਨ ਬਾਰੇ ਬੜਾ ਔਖਾ ਹੋ ਕੇ ਮਸਾਲਾ ਲੱਭਿਆ ਤੇ ਐਂਟਰੀ ਲਿਖੀ। ਮਦਨ ਤੋਂ ਇਲਾਵਾ ਤਿੰਨ ਹੋਰ ਮਹਾਨ ਹਸਤੀਆਂ ਸਨ, ਲਤਾ ਮੰਗੇਸ਼ਕਰ, ਸ਼ਹਿਨਾਈ ਦੇ ਬਾਬਾ ਬੋਹੜ ਉਸਤਾਦ ਬਿਸਮਿੱਲਾ ਖਾਂ ਤੇ ਨੁਸਰਤ ਫਤਹਿ ਅਲੀ ਖਾਂ ਸਾਹਬ। ਬਿਸਮਿੱਲਾ ਖਾਂ ਤੇ ਲਤਾ ਜੀ ਵਾਲਾ ਕੰਮ ਨਿਪਟਾਉਣ ਬਾਅਦ ਨੁਸਰਤ ਸਾਹਿਬ ਵਾਲਾ ਕੰਮ ਅੱਗੇ-ਅੱਗੇ ਪਾਈ ਜਾ ਰਿਹਾ ਸਾਂ, ਪਤਾ ਨਹੀਂ ਕਿਉਂ? ਯੂਨੀਵਰਸਿਟੀ ਵੱਲੋਂ ਵਾਰ-ਵਾਰ ਰੀਮਾਈਂਡਰ ਆ ਰਹੇ ਸਨ ਕਿ ਦੇਰੀ ਕਿਉਂ? ਮੈਂ ਜਦ ਵੀ ਉਨ੍ਹਾਂ ਬਾਬਤ ਲਿਖਣ ਬੈਠਦਾ ਤਾਂ ਕਲਮ ਅੱਗੇ ਤੁਰਦੀ ਹੀ ਨਾ। ਸ਼ਬਦ ਦੌੜ ਜਾਂਦੇ। ਜਿਵੇਂ ਸ਼ਬਦ ਰੁੱਸ ਕੇ ਮੂੰਹ ਮੋਟਾ ਕਰ ਗਏ ਹੋਣ! ਗੱਲ ਬਹੁੜਨੋਂ ਹਟਣ ਵਾਲੀ ਗੱਲ ਹੋਈ ਪਈ ਸੀ। ਪਤਾ ਨਹੀਂ ਕੀ ਹੋਇਆ ਸੀ! ਆਖ਼ਿਰ ਨੁਸਰਤ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਤੇ ਸੁਣਦਾ ਹੀ ਰਹਿਣ ਲੱਗਿਆ।
ਇਕ ਸਮਾਂ ਅਜਿਹਾ ਸੀ (1997-98-99 ਦੇ ਸਾਲ) ਜਦੋਂ ਸੂਫ਼ੀ ਕਲਾਮ ਦੇ ਮਹਾਨ ਗਵੱਈਏ ਉਸਤਾਦ ਪੂਰਨ ਸ਼ਾਹਕੋਟੀ ਤੇ ਉਸਦੇ ਪੁੱਤਰ ਸਲੀਮ ਦੇ ਬਹੁਤ ਕਰੀਬ ਹੋ ਚੁੱਕਾ ਹੋਇਆ ਸਾਂ। ਸਬੱਸ ਹੀ ਸੀ ਪੂਰਨ ਸ਼ਾਹਕੋਟੀ ਦੇ ਜੀਵਨ ਤੇ ਕਲਾ ਬਾਰੇ ਕਿਤਾਬ ‘ਕੁੱਲੀ ਵਾਲਾ ਫ਼ਕੀਰ’ ਲਿਖਣ ਦਾ। ਉਦੋਂ ਹੰਸ ਰਾਜ ਹੰਸ ਨਾਲ ਵੀ ਮੇਲ-ਮੁਲਾਕਾਤਾਂ ਰੋਜ਼ਾਨਾ ਵਾਂਗ ਹੁੰਦੀਆਂ ਸਨ ਤੇ ਇਨ੍ਹਾਂ ਦੋਵਾਂ ਪਰਿਵਾਰਾਂ ਵਿੱਚ ਸਾਰਾ ਦਿਨ ‘ਨੁਸਰਤ ਸਾਹਬ-ਨੁਸਰਤ ਸਾਹਬ’ ਹੁੰਦੀ ਰਹਿੰਦੀ ਸੀ। ਨੁਸਰਤ ਸਾਹਬ ਦੀ ਆਵਾਜ਼ ਬੇਰੋਕ ਗੂੰਜਦੀ ਰਹਿੰਦੀ, ਇਨਾ੍ਹਂ ਦੇ ਘਰਾਂ ਵਿੱਚ ਵੀ ਤੇ ਇਨ੍ਹਾਂ ਦੀਆਂ ਗੱਡੀਆਂ ਵਿੱਚ ਵੀ। ਇਹ ਲੋਕ ਰੋਟੀ ਖਾਂਦੇ, ਤੁਰਦੇ ਫਿਰਦੇ, ਨਹਾਉਂਦੇ-ਧੋਂਦੇ ਵੀ ‘ਨੁਸਰਤ-ਨੁਸਰਤ’ ਕਰੀ ਜਾਂਦੇ। ਮੈਨੂੰ ਜਾਪਿਆ ਕਿ ਜਿਵੇਂ ਨੁਸਰਤ ਇਹਨਾਂ ਨੂੰ ਭੂਤ ਬਣ ਕੇ ਚੁੰਬੜ ਗਿਆ ਹੈ। ਪਰ ਇਹ ਉਸਦੇ ਸੰਗੀਤ ਦਾ ਜਾਦੂ ਹੀ ਸੀ, ਜੋ ਇਹਨਾਂ ਸਭਨਾਂ ਉਤੇ ਹਾਵੀ ਹੋਇਆ ਪਿਆ ਸੀ। ਇਹ ਪਤਾ ਲਗਿਆ ਕਿ ਜਦ ਨੁਸਰਤ ਸਾਹਬ ਫੌਤ ਹੋਏ ਤਾਂ ਇਹਨਾਂ ਦੇ ਘਰਾਂ ਵਿੱਚ ਡਾਹਢਾ ਸੋਗ ਪੈ ਗਿਆ। ਇਹ ਸਾਰੇ ਕਈ ਦਿਨ ਨੁਸਰਤ ਸਾਹਬ ਨੂੰ ਸੁਣ-ਸੁਣ ਰੋਂਦੇ ਰਹੇ ਸਨ।
ੲੲੲ
ਪਟਿਆਲੇ ਸਾਂ, ਯੂਨੀਵਰਸਿਟੀ ਦੇ ਵਾਰਿਸ ਸ਼ਾਹ ਭਵਨ। ਪੱਕੀ ਧਾਰ ਰੱਖੀ ਸੀ ਕਿ ਨੁਸਰਤ ਸਾਹਬ ਵਾਲੀ ਐਂਟਰੀ ਲਿਖ ਕੇ ਫਿਰ ਹੀ ਕਮਰਾ ਛੱਡਣਾ ਹੈ। ਆਪਣੇ ਲੈਪ-ਟਾਪ ਵਿਚੋਂ ਇੱਕ ਵੀਡੀਓ ਹੱਥ ਲੱਗੀ ਉਸਤਾਦ ਨੁਸਰਤ ਫਤਹਿ ਅਲੀ ਖਾਂ ਸਾਹਿਬ ਦੀ। ਇਹ ਵੀਡੀਓ ਕੁੱਲ ਪੌਣੇਂ ਛੇ ਮਿੰਟ ਦੀ ਹੈ, ਜਿਹਦੇ ਵਿੱਚੋਂ ਢਾਈ ਮਿੰਟ ਦੀ ਵੀਡੀਓ ਇਸ ਤਰਾ੍ਹਂ ਹੈ ਕਿ (ਨੁਸਰਤ ਸਾਹਿਬ ਆਪਣੇ ਘਰ ਬੈਠੇ ਹੋਏ ਹਨ। ਉਹਨਾਂ ਦੇ ਆਸ-ਪਾਸ ਕੁਝ ਵਿਅਕਤੀ ਤੇ ਸਾਜਿੰਦੇ ਵੀ ਬੈਠੇ ਹਨ। ਉਹਨਾਂ ਦੇ ਗੋਦ ਵਿੱਚ ਇੱਕ ਬਾਲੜੀ ਹੈ। ਨੁਸਰਤ ਸਾਹਿਬ ਕਿਸੇ ਨਾਲ ਗੱਲ ਕਰ ਰਹੇ ਹਨ ਲੈਂਡ-ਲਾਈਨ ਫ਼ੋਨ ਉਤੇ। ਏਨੀ ਕੁ ਸਮਝ ਆਉਂਦੀ ਹੈ,ਉਹ ਬੋਲਦੇ ਹਨ-”ਏਸ ਵਾਰਾਂ ਮੁਲਾਕਾਤ ਨਹੀਂ ਹੋ ਸਕੀ…।” ਉਹ ਕੁਝ ਹੋਰ ਗੱਲ ਕਰਦੇ ਹਨ ਸੰਖੇਪ ਵਿੱਚ, (ਜੋ ਸਮਝ ਨਹੀਂ ਆਉਂਦੀ) ਤੇ ਫੇਰ ਕੋਈ ਉਹਨਾਂ ਤੋਂ ਫ਼ੋਨ ਦਾ ਚੋਗਾ ਫੜ੍ਹ ਕੇ ਹੇਠਾਂ ਰੱਖਣ ਵਿੱਚ ਉਨਾਂ ਦੀ ਸਹਾਇਤਾ ਕਰਦਾ ਹੈ। ਲਾਲ ਕਪੜਿਆਂ ਵਾਲੀ ਬੱਚੀ ਨੂੰ ਕੁੱਛੜ ਚੁੱਕੀ ਨੁਸਰਤ ਸਾਹਿਬ ਨਿਹਾਰਦੇ ਹਨ ਤੇ ਉਹਦੇ ਨਾਲ ਲਾਡ ਵਿੱਚ ਗੱਲ ਕਰਦੇ ਹਨ-”ਹੈਂ…ਜਾਣਾ ਨਹੀਂ ਹੈ ਤੂੰ…ਹੈਂ? ਨਹੀਂ ਜਾਣਾ ਤੂੰ?” ਫਿਰ ਸਾਜ਼ ਵੱਜਣ ਲੱਗੇ ਹਨ। ਤਬਲਾ, ਢੋਲਕ ਤੇ ਵਾਜਾ। ਨੁਸਰਤ ਸਾਹਿਬ ਦੇ ਨਾਲ ਉਹਨਾਂ ਦਾ ਭਰਾ ਤੇ ਭਤੀਜਾ ਰਾਹਤ ਫ਼ਤਹਿ ਅਲੀ ਖ਼ਾਨ ਵੀ ਬੈਠ ਹੋਏ ਹਨ। ਭਤੀਜੇ ਦੇ ਹੱਥਾਂ ਵਿੱਚ ਸੁਰ-ਮੰਡਲ ਹੈ। ਸਭ ਜਣੇ ਮਿਲ ਕੇ ਰਿਆਜ਼ ਕਰਨ ਲੱਗੇ ਹਨ। ਏਨੇ ਨੂੰ ਕੋਈ ਜਣਾ, ਦੋ ਕੁ ਸਾਲਾਂ ਦੇ ਇੱਕ ਬਾਲਕ ਨੂੰ ਲਿਆਣ ਕੇ ਨੁਸਰਤ ਸਾਹਿਬ ਦੇ ਭਰਾ ਦੀ ਗੋਦ ਵਿੱਚ ਬਹਾ ਦਿੰਦਾ ਹੈ। ਭਾਈ ਸਾਹਿਬ ਬਾਲ ਦੇ ਮੂੰਹ ਵਿੱਚੋਂ ਬੁੱਬ੍ਹੀ (ਦੁੱਧ ਚੁੰਗਣ ਵਾਲੀ ਨਿੱਪਲ) ਕੱਢਦੇ ਹਨ।ਉਸਤਾਦ ਜੀ ਅਤੇ ਉਹਨਾਂ ਦੇ ਸਾਥੀ ਤਾਨਾਂ ਮਾਰ ਰਹੇ ਹਨ,ਅਲਾਪ ਲੈ ਰਹੇ ਹਨ,ਉਹ ਦੋ ਢਾਈ ਸਾਲਾ ਬਾਲਕ ਵੀ ਅਲਾਪ ਲੈਣ ਲੱਗਿਆ ਹੈ। ਉਸਤਾਦ ਜੀ ਦੇ ਭਰਾ ਦੀ ਗੋਦੀ ਵਿੱਚ ਬੈਠਾ ਬਾਲਕ ਮੁਸਕ੍ਰਾਂਦਾ ਹੈ,ਆਪਣੇ ਵਡੇਰਿਆਂ ਵੱਲ ਦੇਖ-ਦੇਖ ਕੇ ਅਲਾਪ ਲੈ ਰਿਹੈ। ਉਸਤਾਦ ਜੀ ਦਾ ਭਰਾ ਵੀ ਹੱਥ ਦੇ ਇਸ਼ਾਰੇ ਨਾਲ ਬਾਲ ਨੂੰ ਫੀਲਿੰਗ ਦੇ ਰਿਹਾ ਹੈ ਅਲਾਪ ਲੈਣ ਲਈ,ਅਲਾਪ ਲੈਂਦਾ ਬਾਲ ਪੂਰਾ ਮਸਤ ਗਿਆ ਹੈ। ਫਿਰ ਉਸ ਬਾਲ ਨੂੰ ਉਸਤਾਦ ਨੁਸਰਤ ਸਾਹਿਬ ਚੁੱਕ ਲੈਂਦੇ ਨੇ, ਆਪ ਅਲਾਪ ਲਾਉਂਦੇ ਹਨ ਤੇ ਉਸਨੂੰ ਅਲਾਪ ਲਾਉਣ ਲਈ ਹੱਥ ਹਿਲਾ-ਹਿਲਾ ਕੇ ਆਪਣੀ ਫੀਲਿੰਗ ਦਿੰਦੇ ਹਨ,ਬਾਲ ਅਲਾਪ ਲੈਂਦਾ ਹੈ,ਕਿਲਕਾਰੀ ਮਾਰਦਾ ਹੈ,ਅਜਬ ਸੰਗੀਤਕ ਨਜ਼ਾਰਾ ਤੇ ਬੜਾ ਪਿਆਰਾ ਦੇਖਦਾ-ਦੇਖਦਾ ਮੈਂ ਦੇਰ ਰਾਤ ਸੁੱਤਾ ਸਾਂ। ੲੲੲ
ਚੁੱਪ ਦਾ ਸਖਤ ਪਹਿਰਾ ਸੀ। ਰਾਤ ਅਧੀਓਂ ਵੱਧ ਮੁੱਕਣ ‘ਤੇ ਆਈ। ਮੇਰਾ ਹੱਥ ਮੇਜ਼ ਉਤੇ ਪਏ ਛੋਟੇ ਟੇਪ-ਰਿਕਾਰਡਰ ਵੱਲ ਵਧਿਆ। ਸੁਰਾਂ ਛਿੜੀਆਂ। ਬੈੱਡ ਉੱਤੇ ਉਠ ਬੈਠਾ ਤੇ ਧਿਆਨ ਲਗਾਉਣ ਲੱਗਿਆ।ਕਿੰਨਾਂ ਚਿਰ ਸੁਰਾਂ ਆਪਸ-ਵਿੱਚ ਖੇਡਦੀਆਂ ਰਹੀਆਂ। ਸੁਣ-ਸੁਣ ਕੇ ਕਾਗਜ਼ ਦੀ ਹਿੱਕ ਉੱਤੇ ਨੁਸਰਤ ਸਾਹਬ ਬਾਰੇ ਪਹਿਲਾ ਪੈਰਾ ਉਤਰ ਆਇਆ, ਜੋ ਇਉਂ ਸੀ, ”ਸੱਚਮੁਚ, ਜਿਵੇਂ ਕੋਈ ਸੁਆਣੀ, ਚੁਰ ਉਤੇ ਰੋਟੀਆਂ ਲਾਹੁੰਣ ਲਈ ਚੁਰ ਹੇਠਾ ਅੱਗ ਡਾਹੁੰਦੀ ਹੈ, ਤਵੀ ਤਪਣ ਦਾ ਉਡੀਕ ਕਰਦੀ ਹੈ, ਬਾਲਣ ਉੱਤੇ ਕੱਖ-ਕਾਨਾ ਸੁੱਟਦੀ ਹੈ। ਆਟਾ ਗੁੱਧਾ ਹੋਇਆ (ਤੌਣ) ਸਾਹਮਣੇ ਪਈ ਹੈ ਪਰਾਤ ਵਿੱਚ। ਪੇੜਾ ਕਰਦੀ ਹੈ। ਚਕਲਾ-ਵੇਲਣਾ ਲਾਗੇ-ਲਾਗੇ ਪਏ ਹਨ। ਰੋਟੀ ਵੇਲਦੀ ਹੈ ਤੇ ਤਵੀ ਉੱਤੇ ਸੁੱਟ ਦਿੰਦੀ ਹੈ, ਫਿਰ ਬਾਲਣ ਦਾ ਝੁਲਕਾ ਡਾਹੁੰਦੀ ਹੈ। ਰੋਟੀ ਪੱਕਣ ਲੱਗਦੀ ਹੈ…! ਉਸਦੀ ਮਨ-ਮੋਹਣੀ ਖੁਸ਼ਬੂ ਮਨੁੱਖੀ ਮਨ ਨੂੰ ਸੁਆਦ-ਸੁਆਦ ਕਰ ਦੇਂਦੀ ਹੈ ਤੇ ਬਿਲਕੁਲ ਉਵੇਂ ਦਾ ਅਹਿਸਾਸ ਹੀ ਹੈ ਨੁਸਰਤ ਫਤਹਿ ਅਲੀ ਖਾਂ ਦੀ ਕਿਸੇ ਕੱਵਾਲੀ ਦਾ ਜਦੋਂ ਆਰੰਭ ਹੁੰਦਾ ਹੈ। ਉਹ ਸੱਚਮੁਚ ਹੀ ਕਿਸੇ ਨਿੱਘੇ ਸੁਭਾਅ ਦੀ ਸੁੱਘਣ ਸੁਆਣੀ ਵਰਗਾ ਸੱਚਾ-ਮੁੱਚ ਹੀ ‘ਕਾਮਾ’ ਸੰਗੀਤਕਾਰ ਸੀ। ਉਹ ਆਪਣੇ ਸਾਜ਼ਾਂ ਦੀ ਭੱਠੀ ਹੇਠਾਂ ਕੋਲੇ ਮਘਾਉਣ ਲਈ ਸੁਰਾਂ ਦੀਆਂ ਫੂਕਾ ਮਾਰਦਾ। ਲੰਬੀ ਜਿਹੀ ਤੇ ਤੜਪਣੀ ਲੈ ਰਹੀ ਕੋਈ ਹੂਕ ਉੱਠਦੀ। ਅਚਾਨਕ ਹੀ ਉਹ ਜਿਵੇਂ ਕੋਈ ਕੂਕ ਮਾਰਨ ਅਲਾਪ ਲੈਂਦਾ… ਜਿਵੇਂ ਦੂਰ ਜੰਗਲ ਵਿੱਚ ਕਿਸੇ ਰਿਸ਼ੀ ਨੇ ਸੰਖ ਵਜਾਇਆ ਹੋਵੇ ਤੇ ਉਸ ਸੰਖ ਦੀ ਸੁਰ ਨੇ ਦਰੱਖਤਾਂ ਦੇ ਪੱਤੇ ਵੀ ਛੇੜ ਦਿੱਤੇ ਹੋਣ! ਜਾਪਦਾ ਕਿ ਜਿਵੇਂ ਸੁਰਾਂ ਆਪੋ ਵਿੱਚ ਛੇੜਖਾਨੀਆਂ ਕਰਨ ਲੱਗੀਆ ਨੇਂ। ਅਵੱਲੜੀ ਸੁਰੀਲੀ ਭੱਠੀ ਮਘ ਉਠਦੀ। ਉਹ ਸ੍ਰੋਤਿਆਂ ਦੀ ਉਂਗਲੀ ਪਕੜ ਕੇ ਕਿਸੇ ਵਿਲੱਖਣ ਸੰਗੀਤ ਸੰਸਾਰ ਵੱਲ ਲੈ ਤੁਰਦਾ। ਵਿਛੜੇ ਸੱਜਣਾਂ ਦੀਆਂ ਯਾਦਾਂ ਹਾਵੀ ਹੋ ਉਠਦੀਆਂ:-
ਯਾਦਾਂ ਵਿਛੜੇ ਸੱਜਣ ਦੀਆਂ ਆਈਆਂ
ਤੇ ਅੱਖੀਆਂ ‘ਚੋਂ ਮੀਂਹ ਵੱਸਦਾ…
ਵਾਰਿਸ ਸ਼ਾਹ ਭਵਨ ਦੇ ਬਾਹਰ ਹਰੇ-ਭਰੇ ਰੁੱਖਾਂ ਵਿੱਚੋਂ ਚਿੜੀਆਂ ਤੇ ਹੋਰ ਪੰਛੀਆਂ ਨੇ ਚਹਿਕਾ-ਚਹਿਕੀ ਸ਼ੁਰੂ ਕਰ ਦਿੱਤੀ ਸੀ, ਜਦ ਨੂੰ ਬਾਬੇ ਨੁਸਰਤ ਬਾਰੇ ਲੇਖ ਮੁਕੰਮਲ ਹੋ ਗਿਆ ਤੇ ਮੈਂ ਠੰਡੀ ਸਵੇਰ ਦੀ ਮੌਜ ਮਾਨਣ ਲਈ ਕਮਰੇ ਵਿੱਚੋਂ ਬਾਹਰ ਨਿਕਲ ਆਇਆ।
(ਮਹੀਨਾ ਨਵੰਬਰ, 2007)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …