Breaking News
Home / ਮੁੱਖ ਲੇਖ / ਫ਼ਸਲੀ ਚੱਕਰ ਵਧਾ ਰਿਹਾ ਜਲ ਸੰਕਟ

ਫ਼ਸਲੀ ਚੱਕਰ ਵਧਾ ਰਿਹਾ ਜਲ ਸੰਕਟ

ਮੁਖ਼ਤਾਰ ਗਿੱਲ
ਜਲ ਜੀਵਨ ਹੈ। ਨਿਰਸੰਦੇਹ ਪਾਣੀ ਸਾਡੀ ਜੀਵਨ ਰੇਖਾ ਹੈ ਜੋ ਕੁਦਰਤ ਦਾ ਨਾਯਾਬ ਤੋਹਫ਼ਾ ਹੀ ਨਹੀਂ ਸਗੋਂ ਇਕ ਅਦਭੁਤ ਵਰਦਾਨ ਵੀ ਹੈ। ਕਾਦਰ ਦੀ ਮਨੁੱਖਤਾ ਨੂੰ ਅਨਮੋਲ ਦਾਤ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਣੀ ਜੀਵਨ ਦੀ ਅਹਿਮ ਲੋੜ ਹੈ। ਇੱਥੋਂ ਤੱਕ ਕਿ ਸਾਡੀਆਂ ਸਾਰੀਆਂ ਸੱਭਿਆਤਾਵਾਂ ਨਦੀਆਂ ਦੇ ਕਿਨਾਰਿਆਂ ‘ਤੇ ਹੀ ਵਿਕਸਤ ਹੋਈਆਂ ਹਨ। ਸਾਡੇ ਬਹੁਤੇ ਸ਼ਹਿਰ ਨਦੀਆਂ ਦੇ ਕੰਢੇ ਹੀ ਵਸੇ ਅਤੇ ਵਧੇ-ਫੁੱਲੇ ਹਨ।
ਸਾਡੇ ਗੁਰੂਆਂ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਪਰ ਅਸਾਂ ਇਸ ਕੁਦਰਤ ਦੀ ਦਾਤ ਦੀ ਕੋਈ ਕਦਰ ਨਹੀਂ ਕੀਤੀ। ਪਾਣੀ ਦੀ ਬਰਬਾਦੀ ਜਾਰੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਜਲ ਸਰੋਤ ਜਿਵੇਂ ਕਿ ਨਦੀਆਂ, ਨਹਿਰਾਂ, ਝੀਲਾਂ, ਤਾਲਾਬ ਆਦਿ ਸੁੱਕ ਚੁੱਕੇ ਹਨ। ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਸਤਲੁਜ ਵਿਚ ਪਾ ਕੇ ਉਸ ਦੇ ਪਾਣੀ ਨੂੰ ਕਾਲਾ ਜ਼ਹਿਰੀਲਾ ਬਣਾਇਆ ਜਾ ਰਿਹਾ ਹੈ ਅਤੇ ਸ਼ਰਾਬ ਫੈਕਟਰੀਆਂ ਤੇ ਸਨਅਤਾਂ ਦਾ ਗੰਦਾ ਪਾਣੀ ਬਿਆਸ ਨੂੰ ਦੂਸ਼ਿਤ ਕਰ ਰਿਹਾ ਹੈ।
ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਹਰ ਦੂਸਰਾ ਵਿਅਕਤੀ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਭਾਰਤ ਦੀ ਆਬਾਦੀ ਦੁਨੀਆ ਦੀ ਆਬਾਦੀ ਦਾ ਤਕਰੀਬਨ 18 ਫ਼ੀਸਦੀ ਬਣਦੀ ਹੈ। ਅੱਜ ਦੁਨੀਆ ਦੀ ਇਕ-ਤਿਹਾਈ ਆਬਾਦੀ ਕੋਲ ਪੀਣ ਲਈ ਸਾਫ਼ ਪਾਣੀ ਉਪਲਬਧ ਨਹੀਂ ਹੈ। ਭਾਰਤ ਦੀ 60 ਕਰੋੜ ਆਬਾਦੀ ਭਿਆਨਕ ਜਲ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇੱਥੋਂ ਦੇ 8 ਕਰੋੜ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਨਹੀਂ ਹੈ। ਜਲ ਸੰਕਟ ਨਾ ਸਿਰਫ਼ ਵਾਤਾਵਰਨ ਪੱਖੋਂ ਚਿੰਤਾ ਦਾ ਵਿਸ਼ਾ ਹੈ ਬਲਕਿ ਇਹ ਦੇਸ਼ ਦੇ ਆਰਥਿਕ ਵਿਕਾਸ ‘ਚ ਵੀ ਰੁਕਾਵਟ ਹੈ। ਘਟਦੇ ਜਲ ਸਰੋਤਾਂ ਅਤੇ ਵਧ ਰਹੀ ਪਾਣੀ ਦੀ ਮੰਗ ਕਾਰਨ ਮਨੁੱਖੀ ਜੀਵਨ ਅਤੇ ਪਸ਼ੂ-ਪੰਛੀਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।
ਜਲ ਦੋਹਨ ਸਿੰਚਾਈ ਦਾ ਪ੍ਰਮੁੱਖ ਸਾਧਨ ਹੋਣ ਕਰ ਕੇ ਨਾ ਸਿਰਫ਼ ਪਾਣੀ ਦਾ ਪੱਧਰ ਹੇਠਾਂ ਹੀ ਹੇਠਾਂ ਜਾ ਰਿਹਾ ਹੈ ਸਗੋਂ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਦਰ ਵਿਚ ਦਸ ਗੁਣਾ ਵਾਧਾ ਹੋਇਆ ਹੈ। ਭਾਰਤ ਦੇ 17 ਰਾਜਾਂ ਦੇ 250 ਦੇ ਕਰੀਬ ਜ਼ਿਲ੍ਹੇ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚੋਂ 17 ਜ਼ਿਲ੍ਹੇ ਪੰਜਾਬ ਦੇ ਹਨ। ਕੇਂਦਰੀ ਜ਼ਮੀਨੀ ਜਲ ਮੁਲਾਂਕਣ ਬੋਰਡ ਨੇ ਆਪਣੀ ਰਿਪੋਰਟ ਵਿਚ ਪੰਜਾਬ ਦੇ ਜਿਨ੍ਹਾਂ 150 ਬਲਾਕਾਂ ਦੀ ਨਿਸ਼ਾਨਦੇਹੀ ਕੀਤੀ ਸੀ ਉਨ੍ਹਾਂ ਵਿੱਚੋਂ 114 (76.47 ਫ਼ੀਸਦੀ) ਨੂੰ ਪਾਣੀ ਦੀ ਲੋੜੋਂ ਵੱਧ ਬਰਬਾਦੀ, ਤਿੰਨ (1.96%) ਨੂੰ ਨਾਜ਼ੁਕ ਅਤੇ 20 ਬਲਾਕਾਂ (13.07 ਫ਼ੀਸਦੀ) ਨੂੰ ਸੁਰੱਖਿਅਤ ਸ਼੍ਰੇਣੀ ਵਿਚ ਰੱਖਿਆ ਹੈ। ਮੀਂਹ ਪਾਣੀ ਦਾ ਮੁੱਢਲਾ ਸੋਮਾ ਹੈ। ਜੇ ਪਾਣੀ ਤੇ ਮਿੱਟੀ ਹੈ, ਤਦ ਹੀ ਬਨਸਪਤੀ (ਜੰਗਲ) ਸੰਭਵ ਹੈ।
ਪੰਜਾਬ ‘ਚ ਹੜ੍ਹਾਂ ਤੇ ਜਲ ਸੰਕਟ ਦਾ ਇਤਿਹਾਸ ਉਦੋਂ ਸ਼ੁਰੂ ਹੋਇਆ ਜਦ ਅਸਾਂ ਛੱਪੜਾਂ, ਤਾਲਾਬਾਂ, ਢਾਬਾਂ, ਛੰਭਾਂ ਅਤੇ ਕੁਦਰਤੀ ਜਲ ਵਹਿਣ ਤਬਾਹ ਕਰ ਦਿੱਤੇ। ‘ਵਰਲਡ ਰਿਸੋਰਸਿਜ਼ ਇੰਸਟੀਚਿਊਟ’ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਦੇ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਵੀ ਸ਼ਾਮਲ ਹੈ। ਭਾਰਤ ਦੇ ਕਈ ਵੱਡੇ ਸ਼ਹਿਰ ਜਲ ਸੰਕਟ ਦੀ ਲਪੇਟ ਵਿਚ ਹਨ।
ਨਦੀਆਂ ਸੁੱਕ ਰਹੀਆਂ ਹਨ। ਯੂਨੀਸੈੱਫ ਵੱਲੋਂ 18 ਮਾਰਚ 2021 ਨੂੰ ਜਾਰੀ ਕੀਤੀ ਇਕ ਰਿਪੋਰਟ ਮੁਤਾਬਕ ਭਾਰਤ ਵਿਚ 9.14 ਕਰੋੜ ਬੱਚੇ ਗੰਭੀਰ ਜਲ ਸੰਕਟ ਦਾ ਸਾਹਮਣਾ ਕਰ ਰਹੇ ਹਨ। ਜਲ ਸੰਕਟ ਲਈ ਅਤਿ ਸੰਵੇਦਨਸ਼ੀਲ ਮੰਨੇ ਜਾ ਰਹੇ 37 ਦੇਸ਼ਾਂ ਵਿਚ ਭਾਰਤ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਦੀ ਵਰਲਡ ਵਾਟਰ ਡਿਵੈਲਪਮੈਂਟ ਦੀ ਇਕ ਰਿਪੋਰਟ ਅਨੁਸਾਰ ਏਸ਼ੀਆ ਦੀਆਂ ਨਦੀਆਂ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਪ੍ਰਦੂਸ਼ਿਤ ਹਨ। ਪਾਣੀ ਦੇ ਭੰਡਾਰਨ ਦਾ ਇੰਤਜ਼ਾਮ ਨਾ ਹੋਣ ਕਾਰਨ 80 ਫ਼ੀਸਦ ਅਣ-ਵਰਤਿਆ ਪਾਣੀ ਨਦੀਆਂ-ਨਾਲਿਆਂ ਰਾਹੀਂ ਸਮੁੰਦਰ ਵਿਚ ਚਲਾ ਜਾਂਦਾ ਹੈ। ਵਿਸ਼ਵ ਭਰ ਵਿਚ ਮੌਜੂਦ ਮਿੱਠੇ ਪਾਣੀ ਦਾ 70 ਫ਼ੀਸਦ ਹਿੱਸਾ ਸਿੰਚਾਈ ਲਈ ਖ਼ਰਚ ਹੁੰਦਾ ਹੈ। ਯੂਨੀਸੈੱਫ ਦੀ ਇਕ ਰਿਪੋਰਟ ਅਨੁਸਾਰ ਭਾਰਤ ਦੁਨੀਆ ਭਰ ਵਿੱਚੋਂ ਧਰਤੀ ਹੇਠਲੇ ਪਾਣੀ ਨੂੰ ਵਰਤੋਂ ਵਿਚ ਲਿਆਉਣ ਵਾਲਾ ਦੇਸ਼ ਵੱਡਾ ਮੁਲਕ ਹੈ।
ਦੇਸ਼ ਦੇ ਕੇਂਦਰੀ ਜਲ ਬੋਰਡ ਦੀ ਰਿਪੋਰਟ ਮੁਤਾਬਕ ਅਗਲੇ 16 ਸਾਲਾਂ ਵਿਚ ਧਰਤੀ ਹੇਠਲਾ ਪਾਣੀ 1000 ਫੁੱਟ ਹੇਠਾਂ ਚਲਾ ਜਾਵੇਗਾ ਜੋ ਸਾਡੇ ਲਈ ਖ਼ਤਰੇ ਦੀ ਘੰਟੀ ਹੈ। ਦੇਸ਼ ਵਿਚ ਪਾਣੀ ਦੀ ਥੁੜ੍ਹ ਕਾਰਨ ਹਰ ਸਾਲ 2 ਲੱਖ ਲੋਕ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਆਂਧਰਾ ਪ੍ਰਦੇਸ਼, ਕਰਨਾਟਕ ਤੇ ਤਾਮਿਲਨਾਡੂ ਵਿਚ ਪਾਣੀ ਦੀ ਕਿੱਲਤ ਬਹੁਤ ਨਾਜ਼ੁਕ ਹੋ ਗਈ ਹੈ।
ਪੰਜਾਬ ਵਿਚ ਵੀ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। ਇਹ ਸਭਨਾਂ ਲਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ। ਭਾਰਤ ਵਿਚ ਇਸ ਮਾਮਲੇ ਵਿਚ ਸਥਿਤੀ ਹੋਰ ਵੀ ਚਿੰਤਾਜਨਕ ਹੈ ਜਦਕਿ ਜਲ ਸਾਧਨ ਸੀਮਤ ਹਨ। ਪੰਜਾਬ ਵਿਚ ਫ਼ਸਲੀ ਚੱਕਰ ਬਦਲਣ ਦੀ ਲੋੜ ਹੈ। ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਵਾਲੀਆਂ ਫ਼ਸਲਾਂ ਦੇ ਵਰਗ ‘ਚ 23 ਫ਼ਸਲਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪਹਿਲਾਂ ਇਸ ‘ਚ ਗੰਨਾ, ਕਣਕ ਤੇ ਚੌਲ ਆਦਿ ਫ਼ਸਲਾਂ ਹੀ ਸਨ। ਇਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਇਹੋ ਫ਼ਸਲਾਂ ਹਨ ਜਿਹੜੀਆਂ ਜਲ ਸੰਕਟ ਨੂੰ ਡੂੰਘਾ ਕਰਨ ਦਾ ਮੁੱਖ ਕਾਰਨ ਹਨ। ਮਾਹਿਰਾਂ ਅਨੁਸਾਰ ਇਕ ਕਿੱਲੋ ਝੋਨਾ ਪਾਲਣ ਵਾਸਤੇ 2000-3500 ਲੀਟਰ ਪਾਣੀ, ਇਕ ਕਿੱਲੋ ਕਣਕ ਪਾਲਣ ਲਈ 1654 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਸੱਠ ਫ਼ੀਸਦੀ ਜ਼ਮੀਨ ਧਰਤੀ ਹੇਠਲੇ ਪਾਣੀ ਨਾਲ ਸਿੰਜੀ ਜਾਂਦੀ ਹੈ।
ਸਰ੍ਹੋਂ, ਮੱਕੀ ਅਤੇ ਬਾਜਰਾ ਵਰਗੀਆਂ ਘੱਟ ਪਾਣੀ ਨਾਲ ਪਲਣ ਵਾਲੀਆਂ ਫ਼ਸਲਾਂ ਦੀ ਬਿਜਾਈ ਨੂੰ ਹੱਲਾਸ਼ੇਰੀ ਦਿੱਤੀ ਜਾਵੇ। ਜਲ ਸੰਕਟ ਨਾਲ ਜੂਝ ਰਹੇ ਖਿੱਤਿਆਂ ਵਿਚ ਚੌਲ, ਕਣਕ ਅਤੇ ਗੰਨੇ ਵਰਗੀਆਂ ਫ਼ਸਲਾਂ ‘ਤੇ ਰੋਕ ਲਾਉਣੀ ਚਾਹੀਦੀ ਹੈ। ਪਰ ਇਨ੍ਹਾਂ ਬਦਲਵੀਆਂ ਫ਼ਸਲਾਂ ਲਈ ਮੰਡੀਕਰਨ ਅਤੇ ਕੀਮਤਾਂ ਤੈਅ ਕਰਨ ਦੀ ਠੋਸ ਨੀਤੀ ਦੀ ਲੋੜ ਹੈ। ਕੇਂਦਰੀ ਕੈਬਨਿਟ ਨੇ ਸਾਉਣੀ ਦੀਆਂ ਫ਼ਸਲਾਂ ਲਈ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਪ੍ਰਤੀ ਕੁਇੰਟਲ ਨੂੰ ਪ੍ਰਵਾਨਗੀ ਦਿੱਤੀ ਹੈ।
ਝੋਨਾ 2300, ਮੱਕੀ 2225, ਮੂੰਗੀ 8682, ਕਪਾਹ (ਲੰਮਾ ਰੇਸ਼ਾ) 7521 ਰੁਪਏ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਫ਼ਸਲੀ ਚੱਕਰ ਨੂੰ ਉਤਸ਼ਾਹ ਮਿਲੇਗਾ। ਘਟ ਰਹੇ ਪਾਣੀ ਦੇ ਪੱਧਰ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਤਾਂ ਕਿ ਪਾਣੀ ਦੀ ਵਰਤੋਂ ਕਿਫ਼ਾਇਤ ਨਾਲ ਹੋ ਸਕੇ। ਖੇਤੀ ਲਈ ਉਹ ਨਵੇਂ ਬੀਜ ਈਜਾਦ ਕੀਤੇ ਜਾਣ ਜਿਨ੍ਹਾਂ ਸਦਕਾ ਘੱਟ ਪਾਣੀ ਵਰਤ ਕੇ ਵੱਧ ਪੈਦਾਵਾਰ ਲਈ ਜਾ ਸਕੇ। ਖੇਤਾਂ ‘ਚ ਰਿਚਾਰਜ ਖੂਹਾਂ ਦਾ ਨਿਰਮਾਣ ਕੀਤਾ ਜਾਵੇ। ਜਦੋਂ ਬਰਸਾਤਾਂ ਦੇ ਦਿਨਾਂ ਵਿਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਤਾਂ ਪਾਣੀ ਵਿਅਰਥ ਨਾ ਜਾਵੇ। ਕਾਗਜ਼, ਕੋਲਡ ਡਰਿੰਕ ਤੇ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਨਅਤਾਂ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਦੀਆਂ ਹਨ।
ਗੱਡੀਆਂ ਧੋਣ ਲਈ ਸਾਫ ਤੇ ਪੀਣ ਵਾਲੇ ਪਾਣੀ ਨੂੰ ਵਰਤਿਆ ਜਾ ਰਿਹਾ ਹੈ। ਕੁਦਰਤ ਮਾਨਵਤਾ ਨੂੰ ਜਲ ਨਹੀਂ ਅੰਮ੍ਰਿਤ ਦਿੰਦੀ ਹੈ ਪਰ ਅਸੀਂ ਕੁਦਰਤੀ ਦਾਤਾਂ ਦੀ ਕਦਰ ਨਹੀਂ ਕੀਤੀ ਸਗੋਂ ਉਸ ਨਾਲ ਜ਼ਿਆਦਤੀ ਕੀਤੀ ਹੈ। ਸਾਫ਼ ਤੇ ਸਵੱਛ ਪਾਣੀ ਦੀ ਲੋੜ ਪੂਰੀ ਕਰਨ ਲਈ ਸਾਨੂੰ ਜਲ ਸਰੋਤਾਂ ਨੂੰ ਸੁਰੱਖਿਅਤ ਰੱਖਣਾ ਹੋਵੇਗਾ ਅਤੇ ਨਦੀਆਂ ਦੀ ਦੇਖਭਾਲ ਵੀ ਕਰਨੀ ਹੋਵੇਗੀ ਕਿਉਂਕਿ ਨਦੀਆਂ ਸ਼ੁੱਧ ਜਲ ਦਾ ਸਭ ਤੋਂ ਵਧੀਆ ਸਰੋਤ ਹਨ।
ਫ਼ਸਲੀ ਚੱਕਰ ਟੁੱਟਣ ਨਾਲ ਪਾਣੀ ਦੀ ਬੇਲੋੜੀ ਬਰਬਾਦੀ ਰੁਕੇਗੀ। ਮਾਹਿਰਾਂ ਅਨੁਸਾਰ ਜੇ 30 ਫ਼ੀਸਦੀ ਜ਼ਮੀਨਦੋਜ਼ ਪਾਣੀ ਵਰਤੀਏ ਤਦ 70 ਫ਼ੀਸਦੀ ਰਿਚਾਰਜ ਕਰਨ ਦੀ ਲੋੜ ਹੋਵੇਗੀ। ਅੱਜ ਸ਼ਾਇਦ ਕੋਈ ਹੀ ਅਜਿਹੀ ਨਦੀ ਹੋਵੇ ਜਿਸ ਦਾ ਪਾਣੀ ਪੀਣਯੋਗ ਬਚਿਆ ਹੋਵੇ। ਅਸੀਂ ਨਦੀਆਂ ਵਿਚ ਘਰਾਂ ਦਾ ਕੂੜਾ-ਕਰਕਟ, ਸੀਵਰੇਜ ਦਾ ਪਾਣੀ, ਪਲਾਸਟਿਕ ਕਚਰਾ ਸੁੱਟ ਕੇ ਉਨ੍ਹਾਂ ਨੂੰ ਗੰਧਲਾ ਕਰ ਰਹੇ ਹਾਂ।
ਪਾਣੀ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਸਾਨੂੰ ਫਿਕਰਮੰਦ ਹੋਣਾ ਪਵੇਗਾ ਕਿਉਂਕਿ ਗੰਭੀਰ ਜਲ ਸੰਕਟ ਕੌਮੀ ਸਮੱਸਿਆ ਹੈ। ਇਹ ਸਮਾਂ ਸਾਡੇ ਸਾਰਿਆਂ ਦੇ ਸੁਚੇਤ ਹੋਣ ਦਾ ਹੈ, ਨਹੀਂ ਤਾਂ ਅਗਲੀ ਪੀੜ੍ਹੀ ਨੂੰ ਸਾਫ਼ ਤੇ ਪੀਣਯੋਗ ਪਾਣੀ ਦੀ ਹਰ ਬੂੰਦ ਲਈ ਤਰਸਣਾ ਹੋਵੇਗਾ। ਸੋ, ਜਲ ਸੰਕਟ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ਅਤੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਨੂੰ ਤਿਲਾਂਜਲੀ ਦੇਣੀ ਹੋਵੇਗੀ। ਆਮ ਲੋਕਾਂ ਨੂੰ ਵੀ ਪਾਣੀ ਦੀ ਅਹਿਮੀਅਤ ਸਮਝਣ ਦੀ ਜ਼ਰੂਰਤ ਹੈ। ਕੁਦਰਤ ਦੀ ਇਸ ਅਨਮੋਲ ਦਾਤ ਨੂੰ ਹਰਗਿਜ਼ ਬਰਬਾਦ ਨਾ ਕੀਤਾ ਜਾਵੇ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਤੀਜੀ ਆਲਮੀ ਜੰਗ ਪਾਣੀ ਲਈ ਹੀ ਲੱਗੇਗੀ। ਜੇ ਅਸੀਂ ਹੁਣ ਵੀ ਪਾਣੀ ਦੀ ਮਹੱਤਤਾ ਨਾ ਸਮਝੀ ਤਾਂ ਬਹੁਤ ਪਛਤਾਵਾਂਗੇ।

 

Check Also

ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਤਲਵਿੰਦਰ ਸਿੰਘ ਬੁੱਟਰ ਮੀਰੀ ਅਤੇ ਪੀਰੀ, ਦੋਵੇਂ ਸ਼ਬਦ ਅਰਬੀ-ਫਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸਬੰਧ …