Home / ਪੰਜਾਬ / ਦਫਤਰ ਖਾਲੀ ਕਰ ਗਏ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫਾ!

ਦਫਤਰ ਖਾਲੀ ਕਰ ਗਏ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫਾ!

ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਸੀਬੀਆਈ ਤੋਂ ਕੇਸ ਵਾਪਸ ਲੈਣ ਜਾਂ ਨਾ ਲੈਣ ਦੇ ਚੱਕਰ ਵਿਚ ਘਿਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਕ ਹੋਰ ਵੱਡੇ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਦਫਤਰ ਵਿਚ ਬੁੱਧਵਾਰ ਨੂੰ ਹੋਏ ਘਟਨਾਕ੍ਰਮ ਨੂੰ ਲੈ ਕੇ ਇਹ ਸਵਾਲ ਉਠ ਰਹੇ ਹਨ ਕਿ ਕੀ ਉਨ੍ਹਾਂ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਫਿਰ ਤੋਂ ਅਸਤੀਫਾ ਦੇ ਦਿੱਤਾ ਹੈ? ਇਹ ਸਵਾਲ ਇਸ ਲਈ ਉਠ ਰਿਹਾ ਹੈ ਕਿਉਂਕਿ ਬੁੱਧਵਾਰ ਨੂੰ ਉਨ੍ਹਾਂ ਕੋਲ ਆਈਆਂ ਵੱਖ-ਵੱਖ ਵਿਭਾਗਾਂ ਦੀਆਂ ਫਾਈਲਾਂ ਉਨ੍ਹਾਂ ਨੇ ਸੀਐਮਓ ਦੇ ਹੋਰ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਅਤੇ ਉਨ੍ਹਾਂ ਦੇ ਨਾਲ ਲੰਬੀ ਬੈਠਕ ਕਰਕੇ ਲਟਕਦੇ ਮਾਮਲਿਆਂ ਨੂੰ ਨਿਪਟਾ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਹਾਲੇ ਦਿੱਲੀ ਵਿਚ ਹਨ ਇਸ ਲਈ ਗੱਲ ਕਰਕੇ ਹੀ ਇਸ ਫੈਸਲੇ ‘ਤੇ ਪਹੁੰਚਣਾ ਚਾਹੁੰਦੇ ਹਨ। ਦੋ ਦਿਨ ਦਿੱਲੀ ਵਿਚ ਮੁੱਖ ਮੰਤਰੀ ਨਾਲ ਵੱਖ-ਵੱਖ ਬੈਠਕਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਉਹ ਦਫਤਰ ਆਏ ਤਾਂ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੀਆਂ ਉਨ੍ਹਾਂ ਕੋਲ ਆਈਆਂ ਫਾਈਲਾਂ ਨੂੰ ਸੀਐਮਓ ਦੇ ਹੋਰ ਅਧਿਕਾਰੀਆਂ ‘ਚ ਵੰਡ ਦਿੱਤਾ। ਸੀਐਮ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਸਪੈਸ਼ਲ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨਾਲ ਵੀ ਉਨ੍ਹਾਂ ਨੇ ਲੰਬੀ ਬੈਠਕ ਕੀਤੀ ਅਤੇ ਲਟਕਦੇ ਸਾਰੇ ਕੰਮਕਾਰ ਨਿਪਟਾਉਣ ਤੋਂ ਬਾਅਦ ਉਹ ਸਵਾ ਦੋ ਵਜੇ ਸੀਐਮ ਨਿਵਾਸ ‘ਤੇ ਚਲੇ ਗਏ। ਪੱਤਰਕਾਰਾਂ ਨੇ ਉਨ੍ਹਾਂ ਨੂੰ ਰੁਟੀਨ ਵਾਂਗ ਮਿਲਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਪਰ ਆਪਣੇ ਸੁਭਾਅ ਦੇ ਉਲਟ ਉਨ੍ਹਾਂ ਨੇ ਬੁੱਧਵਾਰ ਨੂੰ ਕਿਸੇ ਨਾਲ ਵੀ ਮੁਲਾਕਾਤ ਨਾ ਕੀਤੀ।
ਸੁਰੇਸ਼ ਕੁਮਾਰ ਦੇ ਅਸਤੀਫੇ ਦੀ ਕਿਸੇ ਨੇ ਵੀ ਰਸਮੀ ਪੁਸ਼ਟੀ ਨਹੀਂ ਕੀਤੀ, ਪਰ ਉਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਤਿਆਰ ਕਰ ਲਿਆ ਹੈ, ਪਰ ਇਸ ਨੂੰ ਹਾਲੇ ਮੁੱਖ ਮੰਤਰੀ ਨੂੰ ਨਹੀਂ ਸੌਂਪਿਆ। ਇਹ ਵੀ ਚਰਚਾ ਹੈ ਕਿ ਸੰਸਦ ਮੈਂਬਰ ਪਰਨੀਤ ਕੌਰ ਵੀ ਉਨ੍ਹਾਂ ਨੂੰ ਮਨਾਉਣ ਲਈ ਲੱਗੇ ਹੋਏ ਹਨ।
ਇਸ ਲਈ ਹਨ ਨਰਾਜ਼
ਸੁਰੇਸ਼ ਕੁਮਾਰ ਆਪਣੇ ਕੇਸ ਨੂੰ ਲੈ ਕੇ ਨਰਾਜ਼ ਸਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੇਸ ਦੀ ਤਲਵਾਰ ਉਨ੍ਹਾਂ ‘ਤੇ ਜਾਣ ਬੁਝ ਕੇ ਲਟਕਾਈ ਹੋਈ ਹੈ। ਉੱਥੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੀਬੀਆਈ ਦੇ ਮਾਮਲੇ ਵਿਚ ਕੁਝ ਮੰਤਰੀ ਸਿੱਧੇ ਤੌਰ ‘ਤੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਰੱਖ ਰਹੇ ਹਨ। ਉਹ ਮੁੱਖ ਮੰਤਰੀ ‘ਤੇ ਇਹ ਦਬਾਅ ਪਾ ਰਹੇ ਹਨ ਕਿ ਇਸ ਕੇਸ ਵਿਚ ਬਾਦਲ ਪਰਿਵਾਰ ਖਿਲਾਫ ਕਾਰਵਾਈ ਕੀਤੀ ਜਾਵੇ। ਮੰਤਰੀਆਂ ਨੇ ਵੀ ਇਸ ਮਾਮਲੇ ‘ਤੇ ਚੁੱਪ ਰੱਖੀ ਹੈ। ਉਹ ਕਹਿ ਰਹੇ ਹਨ ਕਿ ਇਸ ਮਾਮਲੇ ਵਿਚ ਦੋ ਦਿਨ ਬਾਅਦ ਹੀ ਆਪਣਾ ਪੱਖ ਰੱਖ ਸਕਣਗੇ।

Check Also

ਪੇਂਡੂ ਵਿਕਾਸ ਫੰਡ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ

ਹਰਪਾਲ ਚੀਮਾ ਬੋਲੇ – ਪੰਜਾਬ ਸਰਕਾਰ ਨੇ ਇਸ ਫੰਡ ਦੀ ਗਲਤ ਵਰਤੋਂ ਕੀਤੀ ਚੰਡੀਗੜ੍ਹ/ਬਿਊਰੋ ਨਿਊਜ਼ …