-3.7 C
Toronto
Thursday, January 22, 2026
spot_img
Homeਪੰਜਾਬਜੈਤੋ ਦੇ ਗੁਰਦੁਆਰਾ ਗੰਗਸਰ ਦੇ ਚਾਰ ਮੁਲਾਜ਼ਮ ਬਰਖਾਸਤ

ਜੈਤੋ ਦੇ ਗੁਰਦੁਆਰਾ ਗੰਗਸਰ ਦੇ ਚਾਰ ਮੁਲਾਜ਼ਮ ਬਰਖਾਸਤ

ਗੁਰਦੁਆਰਾ ਸਾਹਿਬ ਦੇ ਇਤਿਹਾਸਕ ਖੂਹ ‘ਚੋਂ ਮਿਲੀ ਸੀ ਇਤਰਾਜ਼ਯੋਗ ਸਮੱਗਰੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਫ਼ਰੀਦਕੋਟ ਜ਼ਿਲ੍ਹੇ ‘ਚ ਪੈਂਦੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਚ ਵਾਪਰੀਆਂ ਅਨੈਤਿਕ ਕਾਰਵਾਈਆਂ ਲਈ ਜ਼ਿੰਮੇਵਾਰ ਮੈਨੇਜਰ ਸਮੇਤ ਚਾਰ ਮੁਲਾਜ਼ਮਾਂ ਨੂੰ ਸੇਵਾ ਨਿਯਮਾਂ ਦੀ ਉਲੰਘਣਾ ਅਤੇ ਗੁਰੂਘਰ ਦੇ ਪ੍ਰਬੰਧ ਦੀ ਬਦਨਾਮੀ ਕਰਵਾਉਣ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਫੌਰੀ ਬਰਖ਼ਾਸਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗੁਰਦੁਆਰੇ ਦੇ ਬਾਕੀ ਸਟਾਫ਼ ਨੂੰ ਵੀ ਤਬਦੀਲ ਕਰਨ ਦਾ ਸਖ਼ਤ ਫੈਸਲਾ ਲਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਰਖ਼ਾਸਤ ਕੀਤੇ ਗਏ ਮੁਲਾਜ਼ਮਾਂ ਵਿਚ ਕੁਲਵਿੰਦਰ ਸਿੰਘ ਮੈਨੇਜਰ, ਸੁਖਮੰਦਰ ਸਿੰਘ ਕਲਰਕ, ਗੁਰਬਾਜ਼ ਸਿੰਘ ਤੇ ਲਖਵੀਰ ਸਿੰਘ (ਦੋਵੇਂ ਸੇਵਾਦਾਰ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਸੰਗਤ ਦੀ ਸ਼ਿਕਾਇਤ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਅੰਤ੍ਰਿੰਗ ਮੈਂਬਰ ਨਵਤੇਜ ਸਿੰਘ ਕਾਉਣੀ ਅਤੇ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਦੀ ਰਿਪੋਰਟ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਮੁਲਾਜ਼ਮਾਂ ਖਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਥਾਣਾ ਜੈਤੋ ਵਿੱਚ ਕੇਸ ਵੀ ਦਰਜ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਬਾਕੀ ਰਹਿੰਦੇ ਸਟਾਫ਼ ਵਿੱਚੋਂ ਵੀ ਬਹੁਤੇ ਮੁਲਾਜ਼ਮ ਤਬਦੀਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫਲਾਇੰਗ ਸਟਾਫ ਦੀ ਟੀਮ ਨੂੰ ਮੁੜ ਉਥੇ ਭੇਜ ਕੇ ਪੁਲਿਸ ਕੇਸ ਨੂੰ ਹੋਰ ਮਜ਼ਬੂਤ ਕਰਵਾਉਣ ਲਈ ਆਖਿਆ ਹੈ। ਉਨ੍ਹਾਂ ਇਸ ਘਟਨਾ ਨੂੰ ਦੁਖਦਾਈ ਦੱਸਦਿਆਂ ਇਸ ਲਈ ਸੰਗਤ ਕੋਲੋਂ ਖਿਮਾ ਯਾਚਨਾ ਵੀ ਕੀਤੀ ਅਤੇ ਕਿਹਾ ਕਿ ਇਸ ਨਾਲ ਸੰਗਤ ਸਮੇਤ ਖੁਦ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਾਂ ਵਿਚ ਕਿਸੇ ਕਿਸਮ ਦੀ ਕੁਤਾਹੀ ਅਤੇ ਮੁਲਾਜ਼ਮਾਂ ਦੀ ਆਚਰਣਹੀਣਤਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਮੁਲਾਜ਼ਮਾਂ ਨੇ ਧਾਰਮਿਕ ਮਰਯਾਦਾ ਦੀ ਉਲੰਘਣਾ ਕਰ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਬਦਨਾਮੀ ਕਰਵਾਈ ਹੈ, ਉਨ੍ਹਾਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰੇ ਦੇ ਇਤਿਹਾਸਕ ਖੂਹ ਵਿਚੋਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਇਤਰਾਜ਼ਯੋਗ ਸਮੱਗਰੀ ਮਿਲੀ ਸੀ।

RELATED ARTICLES
POPULAR POSTS