16.6 C
Toronto
Sunday, September 28, 2025
spot_img
Homeਭਾਰਤਪੰਜਾਬ ਨੈਸ਼ਨਲ ਬੈਂਕ 'ਚ ਹੋਇਆ ਦੇਸ਼ ਦਾ ਸਭ ਤੋਂ ਵੱਡਾ ਘਪਲਾ

ਪੰਜਾਬ ਨੈਸ਼ਨਲ ਬੈਂਕ ‘ਚ ਹੋਇਆ ਦੇਸ਼ ਦਾ ਸਭ ਤੋਂ ਵੱਡਾ ਘਪਲਾ

11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੋਇਆ ਘਾਲਾ-ਮਾਲਾ, ਹੋਰ ਬੈਂਕਾਂ ‘ਤੇ ਵੀ ਪੈ ਸਕਦਾ ਹੈ ਅਸਰ
ਮੁੰਬਈ/ਬਿਊਰੋ ਨਿਊਜ਼
ਭਾਰਤ ਦੇ ਦੂਜੇ ਸੱਭ ਤੋਂ ਵੱਡੇ ਕੌਮੀਕ੍ਰਿਤ ਬੈਂਕ ਪੰਜਾਬ ਨੈਸ਼ਨਲ ਬੈਂਕ ਦਾ ਕਹਿਣਾ ਹੈ ਕਿ ਇਸ ਦੀ ਮੁੰਬਈ ਵਾਲੀ ਸ਼ਾਖ਼ਾ ਵਿਚ 11,500 ਕਰੋੜ ਰੁਪਏ ਦੇ ਘਪਲੇ ਦਾ ਪਤਾ ਲੱਗਾ ਹੈ। ਇਸ ਘਪਲੇ ਦਾ ਅਸਰ ਕੁੱਝ ਹੋਰ ਬੈਂਕਾਂ ‘ਤੇ ਵੀ ਪੈ ਸਕਦਾ ਹੈ। ਸੇਬੀ ਨੂੰ ਦਿੱਤੀ ਗਈ ਜਾਣਕਾਰੀ ਵਿਚ ਬੈਂਕ ਨੇ ਕਿਹਾ, ‘ਪੰਜਾਬ ਨੈਸ਼ਨਲ ਬੈਂਕ ਨੇ ਕੁੱਝ ਸ਼ੱਕੀ ਲੈਣ-ਦੇਣ ਮੁੰਬਈ ਵਾਲੀ ਪੀਐਨਬੀ ਬ੍ਰਾਂਚ ਵਿਚ ਫੜਿਆ ਹੈ ਜਿਹੜਾ ‘ਕੁੱਝ ਚੋਣਵੇਂ’ ਖਾਤਾਧਾਰਕਾਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ। ਬੈਂਕ ਨੇ ਕਿਹਾ ਕਿ ਉਹ ਇਸ ਗੱਲ ਦਾ ਪਤਾ ਬਾਅਦ ਵਿਚ ਲਾਏਗਾ ਕਿ ਇਸ ਲੈਣ-ਦੇਣ ਕਾਰਨ ਉਸ ਦੀ ਕੋਈ ਦੇਣਦਾਰੀ ਬਣਦੀ ਹੈ ਜਾਂ ਨਹੀਂ। ਬੈਂਕ ਨੇ ਉਨ੍ਹਾਂ ਬੈਂਕਾਂ ਦਾ ਨਾਮ ਨਹੀਂ ਦੱਸਿਆ ਜਿਨ੍ਹਾਂ ਉਤੇ ਇਸ ਲੈਣ-ਦੇਣ ਦਾ ਅਸਰ ਪੈ ਸਕਦਾ ਹੈ। ਧੋਖੇ ਨਾਲ ਕੀਤਾ ਗਿਆ ਇਹ ਲੈਣ-ਦੇਣ ਬੈਂਕ ਦੀ ਸਾਲ 2017 ਦੀ ਸ਼ੁਧ ਆਮਦਨ ਯਾਨੀ 13.2 ਅਰਬ ਰੁਪਏ ਦੀ ਅੱਠ ਗੁਣਾਂ ਰਕਮ ਦਾ ਹੈ। ਮੁੰਬਈ ਵਿਚ ਇਸ ਖ਼ਬਰ ਦੇ ਸਾਹਮਣੇ ਆਉਣ ਮਗਰੋਂ ਪੀਐਨਬੀ ਦਾ ਸ਼ੇਅਰ 7.2 ਫ਼ੀ ਸਦੀ ਤੱਕ ਡਿੱਗ ਗਿਆ ਅਤੇ ਕਾਰੋਬਾਰ ਬੰਦ ਹੋਣ ਤੱਕ 10 ਫ਼ੀਸਦੀ ਤਕ ਡਿੱਗ ਪਿਆ। ਬੈਂਕ ਅਕਤੂਬਰ 2017 ਮਗਰੋਂ ਸੱਭ ਤੋਂ ਘੱਟ ਕੀਮਤ ‘ਤੇ ਕਾਰੋਬਾਰ ਕਰ ਰਿਹਾ ਸੀ। ਪੀਐਨਬੀ ਨੇ 10 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਵਿੱਤ ਮੰਤਰਾਲੇ ਨੇ ਸਾਰੇ ਬੈਂਕਾਂ ਨੂੰ ਇਸ ਮਾਮਲੇ ਨਾਲ ਜੁੜੀਆਂ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਬੰਧੀ ਇਸ ਹਫ਼ਤੇ ਦੇ ਅੰਤ ਤੱਕ ਰਿਪੋਰਟ ਦੇਣ ਲਈ ਕਿਹਾ ਹੈ। ਪੀਐਨਬੀ ਬੈਂਕ ਨੇ ਕਿਹਾ ਕਿ ਧੋਖਾਧੜੀ ਵਾਲੇ ਲੈਣ-ਦੇਣ ਦੇ ਆਧਾਰ ‘ਤੇ ਕੁੱਝ ਹੋਰ ਬੈਂਕਾਂ ਨੇ ਵੀ ਵਿਦੇਸ਼ਾਂ ਵਿਚ ਇਨ੍ਹਾਂ ਗਾਹਕਾਂ ਨੂੰ ਕਰਜ਼ੇ ਦਿੱਤੇ ਹਨ। ਸੂਤਰਾਂ ਮੁਤਾਬਕ ਮਾਮਲੇ ਵਿਚ ਇਕ ਤੋਂ ਵੱਧ ਬੈਂਕ ਸ਼ਾਮਲ ਹਨ। ਬ੍ਰਾਂਚ ਨੇ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਕੰਪਨੀ ਨੂੰ ਗਾਰੰਟੀ ਪੱਤਰ ਦਿਤਾ। ਇਹ ਸੱਭ ਕੁੱਝ 2011 ਵਿਚ ਉਪ ਮਹਾਂਪ੍ਰਬੰਧਕ ਦੇ ਪੱਧਰ ਦੇ ਅਧਿਕਾਰੀਆਂ ਨਾਲ ਗੰਢਤੁੱਪ ਕਰ ਕੇ ਕੀਤਾ ਗਿਆ। ਸੰਯੁਕਤ ਸਕੱਤਰ ਨੇ ਕਿਹਾ-ਚਿੰਤਾ ਦੀ ਗੱਲ ਨਹੀਂ: ਵਿੱਤ ਮੰਤਰਾਲੇ ਨੇ ਪੰਜਾਬ ਨੈਸ਼ਨਲ ਬੈਂਕ ਦੇ 11500 ਕਰੋੜ ਰੁਪਏ ਦੇ ਘੁਟਾਲੇ ਦੇ ਸੰਦਰਭ ਵਿਚ ਹੋਰ ਘਪਲਿਆਂ ਬਾਰੇ ਪ੍ਰਗਟ ਕੀਤੇ ਜਾ ਰਹੇ ਖ਼ਦਸ਼ਿਆਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਇਹ ਮਾਮਲਾ ਕੰਟਰੋਲ ਤੋਂ ਬਾਹਰ ਨਹੀਂ ਅਤੇ ਇਸ ਬਾਰੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸੰਯੁਕਤ ਸਕੱਤਰ ਲੋਕ ਰੰਜਨ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਇਹ ਕੰਟਰੋਲ ਤੋਂ ਬਾਹਰ ਹੈ ਜਾਂ ਇਸ ਸਮੇਂ ਵੱਡੀ ਚਿੰਤਾ ਦੀ ਗੱਲ ਹੈ।’

RELATED ARTICLES
POPULAR POSTS