ਗੰਭੀਰ ਹਾਲਤ ਦੇ ਚਲਦਿਆਂ ਹਸਪਤਾਲ ’ਚ ਕਰਵਾਇਆ ਗਿਆ ਭਰਤੀ
ਜਲੰਧਰ/ਬਿਊਰੋ ਨਿਊਜ਼ : ਕੈਨੇਡਾ ’ਚ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਮਲਜੀਤ ਕੰਗ ਉਰਫ ਨੀਟੂ ’ਤੇ ਸਰੀ ਵਿੱਚ ਹਮਲਾਵਰਾਂ ਨੇ ਫਾਈਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋਏ ਕੰਗ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਪ੍ਰੰਤੂ ਉਸ ਸਮੇਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਕਮਲਜੀਤ ਕੰਗ ’ਤੇ ਹਮਲਾ ਕਰਨ ਵਾਲੇ ਕਿੰਨੇ ਵਿਅਕਤੀ ਸਨ ਇਸ ਸਬੰਧੀ ਫਿਲਹਾਲ ਪਤਾ ਨਹੀਂ ਚੱਲ ਸਕਿਆ। ਕੈਨੇਡਾ ਪੁਲਿਸ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰਕੇ ਹਮਲਾਵਰਾਂ ਸਬੰਧੀ ਪਤਾ ਲਗਾਉਣ ਵਿਚ ਜੁਟ ਗਈ ਹੈ। ਕਮਲਜੀਤ ਕੰਗ ’ਤੇ ਹਮਲਾ ਉਸ ਦੀ ਰਿਹਾਇਸ਼ ਦੇ ਬਾਹਰ ਹੀ ਕੀਤਾ ਗਿਆ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਹਮਲਾਵਰ ਉਸ ਦੀ ਰਿਹਾਇਸ ਦੇ ਬਾਹਰ ਪਹਿਲਾਂ ਹੀ ਇੰਤਜਾਰ ਕਰ ਰਹੇ ਸਨ ਅਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਉਸ ਉਤੇ ਕਈ ਰਾਊਂਡ ਗੋਲੀਆਂ ਚਲਾਈਆਂ ਹਨ। ਸੂਤਰਾਂ ਮੁਤਾਬਕ ਉਸ ਦੇ ਦੋ ਗੋਲੀਆਂ ਲੱਗੀਆਂ ਹਨ। ਕੰਗ ਉੱਤਰੀ ਭਾਰਤ ਸਰਕਲ ਸਟਾਈਲ ਕਬੱਡੀ ਫੈਡਰੇਸਨ ਦਾ ਵੱਡਾ ਆਗੂ ਹੈ ਅਤੇ ਵਿਸਵ ਦੇ ਸਭ ਤੋਂ ਮਸਹੂਰ ਕਬੱਡੀ ਪ੍ਰਮੋਟਰਾਂ ਵਿੱਚੋਂ ਇੱਕ ਹੈ। ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਉਗੀ ਪਿੰਡ ਦਾ ਰਹਿਣ ਵਾਲਾ ਹੈ।