Breaking News
Home / ਪੰਜਾਬ / ਪਹਿਲੀ ਵਾਰ ਵੋਟ ਪਾਈ ਤਾਂ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ : ਸੋਨੂੰ ਸੂਦ

ਪਹਿਲੀ ਵਾਰ ਵੋਟ ਪਾਈ ਤਾਂ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ : ਸੋਨੂੰ ਸੂਦ

ਪੰਜਾਬੀਆਂ ਨੂੰ ਵੋਟਾਂ ‘ਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ
ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੂਬੇ ਦੇ ਬਣਾਏ ਆਈਕਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ। ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਰੱਖੀ ਆਨਲਾਈਨ ਪ੍ਰੈੱਸ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਉਨ੍ਹਾਂ ਮੋਗਾ ਵਿਚ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਤਾਂ ਆਪਣੇ ਪਿਤਾ ਨਾਲ ਸਕੂਟਰ ‘ਤੇ ਗਏ ਸਨ। ਉਸ ਵੇਲੇ ਜੋ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ, ਉਹੀ ਅਹਿਸਾਸ ਹੁਣ ਹੋ ਰਿਹਾ ਹੈ, ਜਦੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੀ ਸੇਵਾ ਮਿਲੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ. ਕਰੁਣਾ ਰਾਜੂ ਦੀ ਹਾਜ਼ਰੀ ਵਿਚ ਹੋਈ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਬਾਲੀਵੁੱਡ ਅਦਾਕਾਰ ਨੇ ਪੰਜਾਬ ਵਾਸੀਆਂ ਨੂੰ ਵੋਟਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਬਣਾਉਣ ਅਤੇ ਬਿਨਾ ਕਿਸੇ ਡਰ ਤੇ ਲਾਲਚ ਦੇ ਇਸ ਅਧਿਕਾਰ ਦੀ ਵਰਤੋਂ ਕਰਨ। ਮੀਡੀਆ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਲਾਕਡਾਊਨ ਦੌਰਾਨ ਲੋਕਾਂ ਨੂੰ ਘਰ-ਘਰ ਭੇਜਣ ਲਈ ਕੀਤੀ ਸੇਵਾ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਸੀ। ਸਗੋਂ ਇਸ ਸੇਵਾ ਦਾ ਮੰਤਵ ਸਿਰਫ਼ ਤੇ ਸਿਰਫ਼ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੀ ਸੇਵਾ ਕਰਨਾ ਸੀ। ਉਨ੍ਹਾਂ ਠੇਠ ਪੰਜਾਬੀ ਵਿਚ ਬੋਲਦਿਆਂ ਪੰਜਾਬੀਆਂ ਦੇ ਸਿਆਸੀ ਤੌਰ ‘ਤੇ ਵਧੇਰੇ ਜਾਗਰੂਕ ਹੋਣ ਦਾ ਜ਼ਿਕਰ ਕੀਤਾ। ਪੰਜਾਬ ਭਵਨ ਵਿਚ ਹਾਜ਼ਰ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ ਨੇ ਸੋਨੂੰ ਸੂਦ ਨੂੰ ਇਸ ਮੁਹਿੰਮ ਨਾਲ ਜੋੜਨ ਪਿੱਛੇ ਦੀ ਪੂਰੀ ਕਹਾਣੀ ਦੱਸੀ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …