Breaking News
Home / ਪੰਜਾਬ / ਮੀ ਟੂ ਮਾਮਲੇ ‘ਚ ਘਿਰੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਨੇ ਦਿੱਤੀ ਸਫਾਈ

ਮੀ ਟੂ ਮਾਮਲੇ ‘ਚ ਘਿਰੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਨੇ ਦਿੱਤੀ ਸਫਾਈ

ਗਲਤੀ ਨਾਲ ਹੋ ਗਿਆ ਸੀ ਮਹਿਲਾ ਅਫਸਰ ਨੂੰ ਮੈਸੇਜ਼ : ਚੰਨੀ
ਚੰਡੀਗੜ੍ਹ : ਮੀ ਟੂ ਮਾਮਲੇ ਵਿਚ ਘਿਰੇ ਕਾਂਗਰਸ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਸਫਾਈ ਦੇਣ ਲਈ ਮੀਡੀਆ ਦੇ ਸਾਹਮਣੇ ਆਏ। ਚਮਕੌਰ ਸਾਹਿਬ ਵਿੱਚ ਪੁੱਜੇ ਚੰਨੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਕੋਲੋਂ ਗ਼ਲਤੀ ਨਾਲ ਮਹਿਲਾ ਅਫ਼ਸਰ ਨੂੰ ਮੈਸੇਜ ਚਲਾ ਗਿਆ ਸੀ, ਪਰ ਇਸ ਮਾਮਲੇ ਸਬੰਧੀ ਉਨ੍ਹਾਂ ਮਹਿਲਾ ਅਫ਼ਸਰ ਕੋਲੋਂ ਮੁਆਫੀ ਵੀ ਮੰਗ ਲਈ ਸੀ। ਇਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਹੈ ਜੋ ਪਹਿਲਾਂ ਹੀ ਇਸ ਬਾਰੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਮੈਸੇਜ ਆਪ ਨਹੀਂ ਲਿਖਿਆ ਸੀ, ਬਲਕਿ ਉਨ੍ਹਾਂ ਕੋਲੋਂ ਫਾਰਵਰਡ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਮੈਸੇਜ ਗਲਤ ਜਾਂ ਅਸ਼ਲੀਲ ਵੀ ਨਹੀਂ ਸੀ। ਚੰਨੀ ਨੇ ਕਿਹਾ ਕਿ ਜਦੋਂ ਮਹਿਲਾ ਅਫਸਰ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਬਣਦੀ। ਉਨ੍ਹਾਂ ਅਕਾਲੀ ਦਲ ‘ਤੇ ਮਾਮਲੇ ਨੂੰ ਤੂਲ ਦੇਣ ਦੇ ਦੋਸ਼ ਵੀ ਲਗਾਏ।
ਚੰਨੀ ਨੂੰ ਨਾ ਮਿਲੇ ਰਾਹੁਲ, ਖੁੱਸ ਸਕਦਾ ਹੈ ਮੰਤਰੀ ਦਾ ਅਹੁਦਾ
ਚੰਡੀਗੜ੍ਹ : ਮਹਿਲਾ ਆਈਏਐਸ ਅਧਿਕਾਰੀ ਨੂੰ ਇਤਰਾਜ਼ਯੋਗ ਮੈਸੇਜ ਭੇਜ ਕੇ ਚੁਫੇਰਿਓਂ ਘਿਰੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕੀ ਕੁਝ ਦਿਨ ਹੀ ਵਿਦੇਸ਼ ਤੋਂ ਪਰਤ ਆਏ ਸਨ? ਕਾਂਗਰਸ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਤੋਂ ਮਿਲਣ ਦਾ ਸਮਾਂ ਮੰਗਿਆ ਸੀ, ਪਰ ਮੁਲਾਕਾਤ ਨਹੀਂ ਹੋ ਸਕੀ। ਇਸ ਤੋਂ ਬਾਅਦ ਚੰਨੀ ਪੰਜਾਬ ਆ ਗਏ ਅਤੇ ਮੰਗਲਵਾਰ ਨੂੰ ਮੀਡੀਆ ਦੇ ਸਾਹਮਣੇ ਕਿਹਾ ਕਿ ਅਕਾਲੀ ਦਲ ਨੇ ਇਤਰਾਜ਼ਯੋਗ ਮੈਸੇਜ ਮਾਮਲੇ ਨੂੰ ਤੂਲ ਦਿੱਤਾ ਹੈ। ਦੂਜੇ ਪਾਸੇ ਦਿੱਲੀ ‘ਚ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਨੀ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਕਿਸੇ ਵੀ ਸਮੇਂ ਦਿਖਾਇਆ ਜਾ ਸਕਦਾ ਹੈ। ਇਸਦੇ ਕਈ ਕਾਰਨ ਹਨ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਆਦਿ ਸੂਬਿਆਂ ਵਿਚ ਕਾਂਗਰਸ ਚੋਣਾਂ ਵਿਚ ਉਤਰੀ ਹੋਈ ਹੈ। ਉਥੇ ਭਾਜਪਾ ਨੇ ਚੰਨੀ ਦੇ ਮਾਮਲੇ ਵਿਚ ਰਾਹੁਲ ਦੀ ਚੁੱਪ ਨੂੰ ਲੈ ਕੇ ਪੋਸਟਰ ਵੀ ਬਣਾ ਦਿੱਤੇ ਹਨ। ਇਹੀ ਨਹੀਂ ਇੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਰਾਹੁਲ ਦੀ ਚੁੱਪ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੋਇਆ ਹੈ, ਜਿਸ ਨਾਲ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ। ਚੰਨੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਕਿਸੇ ਦਲਿਤ ਆਗੂ ਨੂੰ ਹੀ ਮੰਤਰੀ ਬਣਾਇਆ ਜਾਵੇਗਾ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …