ਪਾਸਪੋਰਟ ਸੇਵਾ ਕੇਂਦਰ ‘ਚ ਜਬਰਨ ਦਾਖਲ ਹੋਣ ਦਾ ਲੱਗਾ ਆਰੋਪ
ਲੁਧਿਆਣਾ : ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਪਾਸਪੋਰਟ ਸੇਵਾ ਕੇਂਦਰ ਵਿੱਚ ਹਥਿਆਰਬੰਦ ਗਾਰਡਾਂ ਸਮੇਤ ਜ਼ਬਰਨ ਦਾਖ਼ਲ ਹੋਣ ਅਤੇ ਅੰਦਰ ਵੀਡੀਓਗ੍ਰਾਫੀ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਹੋ ਗਿਆ ਹੈ। ਬੈਂਸ ਵਿਰੁੱਧ 456, 383, 186 ਤੇ 511 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਧਾਰਾਵਾਂ ਤਹਿਤ ਜ਼ਮਾਨਤ ਨਹੀਂ ਮਿਲ ਸਕਦੀ। ਲੁਧਿਆਣਾ ਪਾਸਪੋਰਟ ਸੇਵਾ ਕੇਂਦਰ ਦੇ ਸੀਨੀਅਰ ਏਪੀਓ ਯਸ਼ਪਾਲ ਸਿੰਘ ਨੇ ਮਾਡਲ ਟਾਊਨ ਥਾਣੇ ਵਿੱਚ ਬੈਂਸ ਵਿਰੁੱਧ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਾਸਪੋਰਟ ਸੇਵਾ ਕੇਂਦਰ ਵਿੱਚ ਬਗ਼ੈਰ ਆਗਿਆ ਲਏ ਤੋਂ ਕੋਈ ਵੀ ਦਾਖਲ ਨਹੀਂ ਹੋ ਸਕਦਾ। ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਬੈਂਸ ਦੇ ਸੁਰੱਖਿਆ ਗਾਰਡਾਂ ਕੋਲ ਹਥਿਆਰ ਵੀ ਸਨ ਤੇ ਉਨ੍ਹਾਂ ਦੇ ਸਮਰਥਕ ਵੀਡੀਓਗ੍ਰਾਫੀ ਵੀ ਕਰ ਰਹੇ ਸਨ। ਲੁਧਿਆਣਾ ਦੇ ਡੀਸੀਪੀ ਅਸ਼ਵਨੀ ਕੁਮਾਰ ਨੇ ਵਿਧਾਇਕ ਬੈਂਸ ਸਬੰਧੀ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।
ਉਧਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਬੁੱਧਵਾਰ ਸਵੇਰੇ ਆਸਟਰੇਲੀਆ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਆਸਟਰੇਲਆ ਤੋਂ ਪਰਤਣ ਮਗਰੋਂ ਹੀ ਪੁਲਿਸ ਵੱਲੋਂ ਅੱਗੇ ਕੋਈ ਕਾਰਵਾਈ ਕੀਤੀ ਜਾ ਸਕੇਗੀ। ਇਸ ਦੌਰਾਨ ਸਿਮਰਜੀਤ ਸਿੰਘ ਬੈਂਸ ਦੇ ઠਵਿਧਾਇਕ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ਼ ਪਾਰਟੀ ਦੇ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ।
ਪਾਸਪੋਰਟ ਦਫ਼ਤਰ ਵੱਲੋਂ ਬੈਂਸ ਨੂੰ ਕਾਰਨ ਦੱਸੋ ਨੋਟਿਸ : ਲੋਕ ਇਨਸਾਫ਼ ਪਾਰਟੀ ਦੇ ਸੁਪਰੀਮੋ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਪਾਸਪੋਰਟ ਦਫ਼ਤਰ ਨੇ ਜਾਣਕਾਰੀ ਛੁਪਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਰਿਜਨਲ ਪਾਸਪੋਰਟ ਅਧਿਕਾਰੀ (ਆਰਪੀਓ) ਸਿਬਿਆਸ਼ ਕਬੀਰਾਜ਼ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਇੱਕ ਹਫ਼ਤੇ ਪਹਿਲਾਂ ਅਦਾਲਤ ਵੱਲੋਂ ਸ਼ਾਰਟ ਵੈਲੀਡਿਟੀ ਵਾਲਾ ਪਾਸਪੋਰਟ ਨਵਿਆਏ ਜਾਣ ਸਮੇਂ ਬੈਂਸ ਨੇ ਆਪਣੇ ਕੇਸਾਂ ਸਬੰਧੀ ਪੂਰੀ ਜਾਣਕਾਰੀ ਨਹੀਂ ਦਿੱਤੀ ਸੀ। ਇਸ ਕਰਕੇ ਉਨ੍ਹਾਂ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ।
ਜੂਨੀਅਰ ਨੂੰ ਸੀਨੀਅਰ ਤੋਂ ਪਹਿਲਾਂ ਚੁਕਾਈ ਸਹੁੰ
ਪੰਜਾਬ ਮੰਤਰੀ ਮੰਡਲ ‘ਚ ਵਾਧੇ ਦੇ ਚਲਦੇ ਨਵੇਂ ਬਣੇ 9 ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦੇ ਦੌਰਾਨ ਜੂਨੀਅਰ ਅਤੇ ਸੀਨੀਅਰ ਆਗੂਆਂ ਨੂੰ ਲੈ ਕੇ ਵਿਵਾਦ ਹੋਇਆ। ਹਾਲਾਂਕਿ ਇਸ ਨੂੰ ਉਸੇ ਸਮੇਂ ਹੀ ਸੰਭਾਲ ਲਿਆ ਗਿਆ, ਜਿਸ ਕਰਕੇ ਮਾਮਲੇ ਨੇ ਤੂਲ ਨਹੀਂ ਫੜਿਆ। ਅਸਲ ‘ਚ ਸੀਨੀਅਰ ਆਗੂਆਂ ਦੀ ਸੂਚੀ ਦੇ ਅਨੁਸਾਰ ਸੁਖਵਿੰਦਰ ਸਿੰਘ ਸਰਕਾਰੀਆ ਦੇ ਸਹੁੰ ਚੁੱਕਣ ਦੀ ਵਾਰੀ ਸੀ ਪ੍ਰੰਤੂ ਮੁੱਖ ਸਕੱਤਰ ਨੇ ਉਨ੍ਹਾਂ ਤੋਂ ਪਹਿਲਾਂ ਜੂਨੀਅਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਵਾਜ਼ ਦੇ ਦਿੱਤੀ। ਇਸ ‘ਤੇ ਕਾਂਗੜ ਨੇ ਸਟੇਜ ‘ਤੇ ਪਹੁੰਚ ਕੇ ਸਰਕਾਰੀਆ ਤੋਂ ਪਹਿਲਾਂ ਸਹੁੰ ਚੁੱਕ ਲਈ। ਇਸ ‘ਤੇ ਮਾਮਲਾ ਕੁਝ ਉਠਿਆ ਪ੍ਰੰਤੂ ਅਫ਼ਸਰਾਂ ਨੇ ਤੁਰੰਤ ਸੰਭਾਲ ਲਿਆ। ਮੁੱਖ ਸਕੱਤਰ ਨੂੰ ਵੀ ਆਪਣੀ ਇਸ ਗਲਤ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ ‘ਚ ਮੁੱਖ ਮੰਤਰੀ ਨੂੰ ਕੰਨ ‘ਚ ਕੁਝ ਕਿਹਾ। ਕਾਂਗੜ ਦੇ ਸਹੁੰ ਚੁੱਕਣ ਤੋਂ ਬਾਅਦ ਸਰਕਾਰੀਆ ਨੂੰ ਸਹੁੰ ਚੁੱਕਣ ਲਈ ਬੁਲਾਇਆ ਗਿਆ।
ਨਵੇਂ ਦਫ਼ਤਰ ਦੀ ਸੈਟਿੰਗ
ਮੰਤਰੀ ਮੰਡਲ ‘ਚ ਵਾਧੇ ਤੋਂ ਬਾਅਦ 9 ਮੰਤਰੀਆਂ ਨੂੰ ਪੰਜਾਬ ਸਕੱਤਰੇਤ ‘ਚ ਨਵੇਂ ਦਫ਼ਤਰ ਅਲਾਟ ਕੀਤੇ ਗਏ ਹਨ। ਇਨ੍ਹਾਂ ‘ਚੋਂ ਕਿਸੇ ਨੂੰ ਤੀਜੀ, ਕਿਸੇ ਨੂੰ ਪੰਜਵੀਂ, ਕਿਸੇ ਨੂੰ ਛੇਵੀਂ ਅਤੇ ਕਿਸੇ ਨੂੰ ਸੱਤਵੀਂ ਮੰਜ਼ਿਲ ‘ਤੇ ਦਫ਼ਤਰ ਅਲਾਟ ਹੋਏ। ਦਫ਼ਤਰ ਅਲਾਟ ਹੁੰਦੇ ਹੀ ਕਈ ਮੰਤਰੀਆਂ ਨੇ ਉਨ੍ਹਾਂ ‘ਚ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਫਰਨੀਚਰ ਆਦਿ ਦੀ ਸੈਟਿੰਗ ਕਰਵਾ ਰਹੇ ਹਨ ਤਾਂ ਕਿ ਉਨ੍ਹਾਂ ਦੇ ਕੰਮ ‘ਚ ਕੋਈ ਸੰਕਟ ਨਾ ਆਵੇ। ਇਸ ਦੇ ਲਈ ਵਾਸਤੂ ਸ਼ਾਸਤਰੀਆਂ ਨਾਲ ਸਲਾਹ ਕਰਕੇ ਕੰਮ ਕੀਤਾ ਜਾ ਰਿਹਾ ਹੈ। ਕਿਸੇ ਮੰਤਰੀ ਨੇ ਬੈਠਣ ਦੇ ਲਈ ਟੇਬਲ ਅਤੇ ਕੁਰਸੀ ਦੀ ਦਿਸ਼ਾ ਬਦਲਣ ਦਾ ਕੰਮ ਸ਼ੁਰੂ ਕਰ ਕਰਵਾ ਦਿੱਤਾ ਤੇ ਕਿਸੇ ਨੇ ਵਾਸਤੂ ਸ਼ਾਸਤਰ ਦੇ ਅਨੁਸਾਰ ਖਿੜਕੀ, ਪੱਖਾ ਅਤੇ ਹੋਰ ਸਜਾਵਟ ਦੇ ਸਮਾਨ ਨੂੰ ਲੈ ਕੇ ਉਪਾਅ ਕਰ ਰਹੇ ਹਨ।
ਮੈਂ ਬਾਬਾ ਜੀ ਦੀ ਕਿਰਪਾ ਨਾਲ ਇਥੇ ਪਹੁੰਚਿਆ ਹਾਂ
ਹਾਲ ਹੀ ‘ਚ ਇਕ ਹੋਟਲ ‘ਚ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਜਲੰਧਰ ਦੇ ਸੀਨੀਅਰ ਅਕਾਲੀ ਆਗੂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਕਿ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਇਕ ਆਗੂ ਨੇ ਆਪਣੇ ਇਕ ਸਾਥੀ ਨੂੰ ਬਾਬਾ ਬਣਨ ਦੀ ਸਲਾਹ ਦੇ ਦਿੱਤੀ। ਰਾਜਨੀਤੀ ‘ਤੇ ਚਰਚਾ ਕਰਦੇ-ਕਰਦੇ ਇਸ ਆਗੂ ਨੇ ਸਾਹਮਣੇ ਬੈਠੇ ਸਾਥੀ ਆਗੂ ਨੂੰ ਕਿਹਾ ਕਿ ਕੀ ਖੱਟਿਆ ਰਾਜਨੀਤੀ ਵਿਚ, ਦੇਖਣ ਵਿਚ ਤਾਂ ਬਾਬਾ ਲਗਦਾ ਈ ਏ, ਕੰਮ ਬਹੁਤ ਚੱਲੂ, ਜਦੋਂ ਤੱਕ ਫੜਿਆ ਨਾ ਗਿਆ, ਇੰਨੇ ‘ਚ ਨਾਲ ਬੈਠੇ ਇਕ ਸੀਨੀਅਰ ਅਗੂ ਨੇ ਤਾਲ ਨਾਲ ਤਾਲ ਮਿਲਾਉਂਦੇ ਹੋਏ ਕਿਹਾ, ਠੀਕ ਹੈ ਪਹਿਲਾ ਚੇਲਾ ਮੈਂ ਬਣੂੰਗਾ। ਬਸ ਤੁਸੀਂ ਮੱਥਾ ਟੇਕ ਕੇ ਕਹਿ ਦਿਓ ਕਿ ਮੈਂ ਬਾਬਾ ਜੀ ਦੀ ਕਿਰਪਾ ਨਾਲ ਹੀ ਇਥੇ ਪਹੁੰਚਿਆ ਹਾਂ।
ਪਰਗਟ ਸਿੰਘ ਗੋਲ ਨਹੀਂ ਕਰ ਸਕੇ
ਵਿਧਾਇਕ ਪਰਗਟ ਸਿੰਘ ਅਲੋਪ ਹਨ। ਮੰਤਰੀ ਬਣਨ ਦੀ ਇੱਛਾ ਸੀ, ਜ਼ੋਰ ਬਹੁਤ ਲਗਾਇਆ, ਸਿਫਾਰਿਸ਼ ਵੀ ਉਥੋਂ ਜਿਸਦਾ ਕੋਈ ਤੋੜ ਨਾ ਹੋ ਸਕੇ ਪ੍ਰੰਤੂ ਮਹਾਰਾਜ ਤਾਂ ਮਹਾਰਾਜ ਹਨ, ਉਨ੍ਹਾਂ ‘ਤੇ ਕਿਸੇ ਦਾ ਹੁਕਮ ਨਹੀਂ ਚਲਦਾ। ਪੱਤਾ ਕਟ ਗਿਆ, ਉਦੋਂ ਤੋਂ ਨਾ ਤਾਂ ਕਿਸੇ ਦਾ ਫੋਨ ਚੁੱਕ ਰਹੇ ਨੇ ਅਤੇ ਨਾ ਹੀ ਕਿਸੇ ਨੂੰ ਮਿਲ ਰਹੇ ਹਨ। ਦਿੱਲੀ ਤੋਂ ਜਲੰਧਰ ਵਾਪਸ ਆ ਗਏ ਹਨ ਪ੍ਰੰਤੂ ਵਿਧਾਇਕ ਪਰਗਟ ਸਿੰਘ ਅਜੇ ਵੀ ਅਲੋਪ ਹਨ। ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ ‘ਚ ਆਏ ਸਨ, ਹੁਣ ਸਮਝ ਨਹੀਂ ਪਾ ਰਹੇ ਕਿ ਇਹੀ ਗਲਤੀ ਸੀ। ਸਿੱਧੂ ਨੇ ਛੱਕਾ ਲਗਾ ਦਿੱਤਾ ਪ੍ਰੰਤੂ ਖੁਦ ਪਰਗਟ ਸਿੰਘ ਗੋਲ ਨਹੀਂ ਕਰ ਸਕੇ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …