Breaking News
Home / ਪੰਜਾਬ / ਅਲਕਾ ਲਾਂਬਾ ਰੋਪੜ ਪੁਲਿਸ ਥਾਣੇ ‘ਚ ਪੇਸ਼

ਅਲਕਾ ਲਾਂਬਾ ਰੋਪੜ ਪੁਲਿਸ ਥਾਣੇ ‘ਚ ਪੇਸ਼

ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਸਣੇ ਹੋਰ ਕਾਂਗਰਸੀ ਆਗੂਆਂ ਵੱਲੋਂ ਐੱਸਐੱਸਪੀ ਦਫਤਰ ਸਾਹਮਣੇ ਧਰਨਾ
ਰੂਪਨਗਰ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਕਥਿਤ ਤੌਰ ‘ਤੇ ਭੜਕਾਊ ਬਿਆਨ ਦੇਣ ਦੇ ਕੇਸ ‘ਚ ਤਲਬ ਕਾਂਗਰਸ ਆਗੂ ਅਲਕਾ ਲਾਂਬਾ ਬੁੱਧਵਾਰ ਨੂੰ ਥਾਣਾ ਸਦਰ ਰੂਪਨਗਰ ਵਿੱਚ ਪੇਸ਼ ਹੋਈ। ਇਸ ਦੌਰਾਨ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਐੱਸਐੱਸਪੀ ਦਫਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਨੇ ਸਦਰ ਥਾਣੇ ਵਿੱਚ ਕਾਂਗਰਸੀ ਆਗੂ ਦੀ ਹਾਜ਼ਰੀ ਲਗਾ ਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਕਿਉਂਕਿ ਇਸ ਸਬੰਧੀ ਕੇਸ ਦੀ ਫਾਈਲ ਪੰਜਾਬ ਹਰਿਆਣਾ ਹਾਈਕੋਰਟ ‘ਚ ਹੈ ਜੋ ‘ਆਪ’ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ ਜਿਨ੍ਹਾਂ ਖਿਲਾਫ ਰੂਪਨਗਰ ਦੇ ਸਦਰ ਪੁਲਿਸ ਥਾਣੇ ‘ਚ 12 ਅਪਰੈਲ ਨੂੰ ਕੇਸ ਕੀਤਾ ਗਿਆ ਹੈ।
ਪੁਲਿਸ ਨੇ ਅਲਕਾ ਲਾਂਬਾ ਨੂੰ ਕਿਹਾ ਕਿ ਉਸ ਨੇ ਕਿਸੇ ਹੋਰ ਤਰੀਕ ‘ਤੇ ਤਲਬ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ‘ਤੇ ਵੱਖਵਾਦੀਆਂ ਦੀ ਹਮਾਇਤ ਕਰਨ ਦੇ ਆਰੋਪ ਲਾਇਆ ਸੀ ਜਿਸ ਦੀ ਲਾਂਬਾ ਨੇ ਹਮਾਇਤ ਕੀਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਵਰਕਰਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ‘ਆਪ’ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਰੰਧਾਵਾ, ਰਾਜ ਕੁਮਾਰ ਚੱਬੇਵਾਲ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਾਜਿੰਦਰ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਬਲਬੀਰ ਸਿੱਧੂ, ਗੁਰਕੀਰਤ ਕੋਟਲੀ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ। ਵੜਿੰਗ ਨੇ ਸੂਬਾ ਸਰਕਾਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਹਿ ‘ਤੇ ਸਿਆਸੀ ਬਦਲਾਖੋਰੀ ਦਾ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ, ”ਸਾਡੀ ਭੈਣ (ਲਾਂਬਾ) ਖਿਲਾਫ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”
ਨਵਜੋਤ ਸਿੱਧੂ ਬਿਨਾ ਕਿਸੇ ਨੂੰ ਮਿਲੇ ਵਾਪਸ ਮੁੜੇ
ਅਲਕਾ ਲਾਂਬਾ ਨਾਲ ਇੱਕਜੁੱਟਤਾ ਪ੍ਰਗਟਾਉਣ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਨਾਲੋਂ ਫੇਰ ਵੱਖਰੀ ਡੱਫਲੀ ਵਜਾਈ। ਉਹ ਧਰਨਾ ਸਥਾਨ ਦੀ ਸਟੇਜ ਤੋਂ 4 ਗਜ਼ ਪਿੱਛੇ ਮੀਡੀਆ ਨੂੰ ਸੰਬੋਧਨ ਕਰਕੇ ਬਿਨਾਂ ਕਿਸੇ ਕਾਂਗਰਸ ਆਗੂ ਨਾਲ ਅੱਖ ਤੇ ਹੱਥ ਮਿਲਾਇਆਂ ਵਾਪਸ ਮੁੜ ਗਏ। ਜਦੋਂ ਉਹ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ, ਉਸੇ ਵੇਲੇ ਰਾਜਾ ਵੜਿੰਗ ਨਾਲ ਖੜ੍ਹੇ ਪ੍ਰਤਾਪ ਸਿੰਘ ਬਾਜਵਾ ਸਟੇਜ ਤੋਂ ਸੰਬੋਧਨ ਕਰ ਰਹੇ ਸਨ। ਸਿੱਧੂ ਨੇ ਪੰਜਾਬ ‘ਚ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਸੰਬੰਧੀ ਕਿਹਾ ਕਿ ਜਦੋਂ ਉਸ ਨੂੰ ਬਿਜਲੀ ਮੰਤਰੀ ਬਣਾ ਰਹੇ ਸਨ ਤਾਂ ਪਾਵਰਕਾਮ ਦੇ ਇੱਕ ਬੋਰਡ ਕੋਲ ਹੀ ਸਾਰੇ ਅਧਿਕਾਰ ਸਨ ਹੁਣ ਨਵੀਂ ਸਰਕਾਰ ਦੇਖੇ ਕਿ ਇਨ੍ਹਾਂ ਨੇ ਕੀ ਕਰਨਾ ਹੈ। ਇਸ ਮੌਕੇ ਉਨ੍ਹਾਂ ਆਪਣੇ ਅੰਦਾਜ਼ ‘ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਸਿਆਸੀ ਚੌਕੇ ਛੱਕੇ ਜੜੇ ਤੇ ਕਿਹਾ ਕਿ ਭਗਵੰਤ ਸਿਆਂ ਤੇਰਾ ਨਾਮ ਐਲਾਨਵੰਤ ਰੱਖ ਤਾ ਅੱਜ। ਇਸ ਪ੍ਰਦਰਸ਼ਨ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੈਰ ਹਾਜ਼ਰ ਰਹੇ।
ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਲੀ ਤੋਂ ਮਿਲੇ: ਅਲਕਾ ਲਾਂਬਾ
ਕਾਂਗਰਸ ਆਗੂ ਅਲਕਾ ਲਾਂਬਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਲੀ ਤੋਂ ਆਏ ਹਨ ਪਰ ਕੀ ਜਾਂਚ ਕਰਨੀ ਹੈ ਅਤੇ ਕੀ ਸਵਾਲ ਪੁੱਛਣੇ ਹਨ, ਇਸ ਬਾਰੇ ਦਿੱਲੀ ਤੋਂ ਕੋਈ ਹੁਕਮ ਨਹੀਂ ਆਇਆ। ਉਨ੍ਹਾਂ ਕਿਹਾ, ”ਮੈਂ ਇਨ੍ਹਾਂ (ਕੇਜਰੀਵਾਲ) ਨਾਲ ਪੰਜ ਸਾਲ ਸੱਤਾ ਵਿੱਚ ਰਹੀ ਹਾਂ ਤੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਉਨ੍ਹਾਂ ਦੀ ਹਕੀਕਤ ਜਾਣਦੀ ਹਾਂ। ਇਸੇ ਕਰਕੇ ਵਿਧਾਇਕੀ ਛੱਡ ਕੇ ਉਨ੍ਹਾਂ ਨੂੰ ਬੇਨਕਾਬ ਕਰਦੀ ਆਈ ਹਾਂ ਤੇ ਭਵਿੱਖ ‘ਚ ਵੀ ਬੇਨਕਾਬ ਕਰਦੀ ਰਹਾਂਗੀ।” ਅਲਕਾ ਨੇ ਕਿਹਾ ਕਿ ਜਿਸ ਬਿਆਨ ਲਈ ਉਨ੍ਹਾਂ ਖਿਲਾਫ ਐੱਫਆਈਆਰ ਹੋਈ ਹੈ, ਉਹ ਇਹ ਪੂਰੇ ਸਬੂਤਾਂ ਨਾਲ ਮੁੜ ਆਖੇਗੀ।

 

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ

ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …