ਐਨ.ਆਈ.ਏ. ਨੇ ਦਾਖਲ ਕੀਤੀ 13,500 ਪੰਨਿਆਂ ਦੀ ਚਾਰਜਸ਼ੀਟ
ਜੰਮੂ/ਬਿਊਰੋ ਨਿਊਜ਼
ਪੁਲਵਾਮਾ ਆਤਮਘਾਤੀ ਹਮਲੇ ਦੀ ਗੁੱਥੀ ਨੂੰ ਹੱਲ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜੰਮੂ ਦੀ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ। ਕਰੀਬ 13,500 ਪੰਨਿਆਂ ਦੀ ਚਾਰਜਸ਼ੀਟ ਵਿਚ ਪੂਰੀ ਸਾਜ਼ਿਸ਼ ਦਾ ਖੁਲਾਸਾ ਕਰਦੇ ਹੋਏ ਕਿਹਾ ਗਿਆ ਕਿ ਪੁਲਵਾਮਾ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜ਼ਹਰ ਨੇ ਪਾਕਿਸਤਾਨੀ ਫੌਜ ਤੇ ਉਸਦੀ ਖੁਫੀਆ ਏਜੰਸੀ ਆਈਐਸਆਈ ਦੇ ਸਹਿਯੋਗ ਲਾਲ ਕਰਵਾਇਆ ਸੀ।
ਚਾਰਜਸ਼ੀਟ ਵਿਚ ਮਸੂਦ ਅਜ਼ਹਰ ਤੇ ਰਓਫ ਅਸਗਰ ਸਮੇਤ 19 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਨ੍ਹਾਂ ਵਿਚੋਂ ਛੇ ਮੁਲਜ਼ਮ ਸੁਰੱਖਿਆ ਦਸਤਿਆਂ ਦੇ ਹੱਥੋਂ ਮਾਰੇ ਜਾ ਚੁੱਕੇ ਹਨ। ਛੇ ਫਰਾਰ ਹਨ ਤੇ ਇਨ੍ਹਾਂ ਵਿਚੋਂ ਚਾਰ ਪਾਕਿਸਤਾਨ ਵਿਚ ਤੇ ਦੋ ਕਸ਼ਮੀਰ ਵਿਚ ਕਿਤੇ ਲੁਕੇ ਹੋਏ ਹਨ। ਇਸ ਤੋਂ ਇਲਾਵਾ ਸੱਤ ਮੁਲਜ਼ਮ ਹਿਰਾਸਤ ਵਿਚ ਹਨ।
ਇਨ੍ਹਾਂ ਸੱਤਾਂ ਵਿਚੋਂ ਇਕ 22 ਸਾਲਾ ਲੜਕੀ ਤੇ ਉਸਦਾ ਪਿਤਾ ਵੀ ਸ਼ਾਮਲ ਹਨ। ਪੁਲਵਾਮਾ ਹਮਲੇ ਵਿਚ ਵਰਤੇ ਗਏ ਆਰਡੀਐਕਸ ਨੂੰ ਪਾਕਿਸਤਾਨ ਤੋਂ ਲਿਆਂਦਾ ਗਿਆ ਸੀ, ਜਦਕਿ ਮੁੱਖ ਮੁਲਜ਼ਮ ਉਮਰ ਫਾਰੂਕ ਅਪ੍ਰੈਲ 2018 ਵਿਚ ਸਰਹੱਦ ਪਾਰ ਕਰਕੇ ਸਾਂਬਾ ਸੈਕਟਰ ਦੇ ਰਸਤੇ ਜੰਮੂ ਕਸ਼ਮੀਰ ਵਿਚ ਦਾਖਲ ਹੋਇਆ ਸੀ। ਅੱਤਵਾਦੀਆਂ ਵਲੋਂ ਵਿਸਫੋਟਕਾਂ ਦੀ ਖਰੀਦ ਲਈ ਆਨਲਾਈਨ ਸ਼ਾਪਿੰਗ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਸੀ। ਚਾਰਜਸ਼ੀਟ ਪੁਲਵਾਮਾ ਹਮਲੇ ਤੋਂ ਡੇਢ ਸਾਲ ਬਾਅਦ ਦਾਇਰ ਕੀਤੀ ਗਈ ਹੈ। ਦੋਸ਼ਾਂ ‘ਤੇ ਬਹਿਸ ਪਹਿਲੀ ਸਤੰਬਰ 2020 ਤੋਂ ਸ਼ੁਰੂ ਹੋਵੇਗੀ। ਐਨਆਈਏ ਮੁਤਾਬਕ ਹਮਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਮਸੂਦ ਅਜ਼ਹਰ ਨੇ ਆਪਣੇ ਭਤੀਜੇ ਉਮਰ ਫਾਰੂਕ ਨੂੰ ਕਸ਼ਮੀਰ ਭੇਜਿਆ ਸੀ।
ਉਮਰ ਬਾਅਦ ਵਿਚ ਆਪਣੇ ਇਕ ਹੋਰ ਸਾਥੀ ਨਾਲ 29 ਮਾਰਚ 2019 ਨੂੰ ਮੁਕਾਬਲੇ ਵਿਚ ਮਾਰਿਆ ਗਿਆ ਸੀ। ਉਮਰ ਦੇ ਪਿਤਾ ਇਬਰਾਹੀਮ ਨੇ 1999 ਵਿਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-814 ਦੇ ਹਾਈਜੈਕ ਵਿਚ ਅਹਿਮ ਭੂਮਿਕਾ ਨਿਭਾਈ ਸੀ। ਮਸੂਦ ਅਜ਼ਹਰ ਤੋਂ ਇਲਾਵਾ ਮੁਲਜ਼ਮਾਂ ਮੁਲਜ਼ਮਾਂ ਵਿਚ ਉਸਦਾ ਭਰਾ ਰਓਫ ਅਸਗਰ ਤੇ ਇਕ ਹੋਰ ਰਿਸ਼ਤੇਦਾਰ ਅੰਮਾਰ ਅਲਵੀ ਵੀ ਸ਼ਾਮਲ ਹੈ।
ਐਨਆਈਏ ਨੇ ਇਸ ਹਮਲੇ ਦੀ ਸਾਜਿਸ਼ ਦਾ ਖੁਲਾਸਾ ਕਰਨ ਵਿਚ ਇਲੈਕਟ੍ਰਾਨਿਕ ਸਰਵਿਲਾਸ, ਵੱਖ-ਵੱਖ ਅੱਤਵਾਦੀਆਂ ਤੇ ਉਨ੍ਹਾਂ ਦੇ ਓਵਰ ਗਰਾਊਂਡ ਵਰਕਰਾਂ ਵਿਚ ਮੋਬਾਇਲ ‘ਤੇ ਹੋਈ ਗੱਲਬਾਤ, ਵਟਸਐਪ ਚੈਟਿੰਗ, ਟੈਲੀਗ੍ਰਾਮ ਤੇ ਭੇਜੇ ਗਏ ਵੀਡੀਓ ਸੰਦੇਸ਼ ਆਦਿ ਦਾ ਵੀ ਸਹਾਰਾ ਲਿਆ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …