ਪਾਰਟੀ ਦੇ ਇਜਲਾਸ ਤੱਕ ਪ੍ਰਧਾਨਗੀ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਵਿਚ ਲੀਡਰਸ਼ਿਪ ਸਬੰਧੀ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਸੋਨੀਆ ਗਾਂਧੀ ਦੀ ਹਮਾਇਤ ‘ਤੇ ਆ ਗਈ। ਸੀਡਬਲਯੂਸੀ ਦੀ ਕਰੀਬ ਸੱਤ ਘੰਟਿਆਂ ਤੱਕ ਚੱਲੀ ਆਨਲਾਈਨ ਬੈਠਕ ਦੌਰਾਨ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਗਈ ਕਿ ਉਹ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਇਜਲਾਸ ਤੱਕ ਪਾਰਟੀ ਦੇ ਅੰਤਰਿਮ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ।
ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਉਨ੍ਹਾਂ ਨੂੰ ਜਥੇਬੰਦੀ ਵਿਚ ਲੋੜੀਂਦੇ ਬਦਲਾਅ ਕਰਨ ਦੇ ਵੀ ਅਧਿਕਾਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 23 ਆਗੂਆਂ ਨੇ ਪਾਰਟੀ ਵਿਚ ਫੇਰਬਦਲ ਕਰਕੇ ਸਾਂਝੀ ਲੀਡਰਸ਼ਿਪ ਦੀ ਵਕਾਲਤ ਕਰਦਿਆਂ ਪੂਰੇ ਸਮੇਂ ਲਈ ਮਕਬੂਲ ਆਗੂ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਆਗੂਆਂ ਨੂੰ ਵੀ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਕਿਸੇ ਨੂੰ ਵੀ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸੀਡਬਲਯੂਸੀ ਦੀ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਅਹੁਦੇ ਤੋਂ ਹਟਣ ਦੀ ਪੇਸ਼ਕਸ਼ ਕੀਤੀ ਪਰ ਕਮੇਟੀ ਦੇ 50 ਤੋਂ ਵੱਧ ਮੈਂਬਰਾਂ ਨੇ ਉਨ੍ਹਾਂ ਨੂੰ ਅੰਤਰਿਮ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ। ਸੀਡਬਲਯੂਸੀ ਵੱਲੋਂ ਪਾਸ ਕੀਤੇ ਗਏ ਮਤੇ ਬਾਰੇ ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗਪਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਮੇਟੀ ਨੇ ਸਰਬਸੰਮਤੀ ਨਾਲ ਅਹਿਦ ਲਿਆ ਕਿ ਸੋਨੀਆ ਅਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕੀਤੇ ਜਾਣ।
ਉਨ੍ਹਾਂ ਦੱਸਿਆ ਕਿ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਪਾਰਟੀ ਦੇ ਅੰਦਰੂਨੀ ਮਸਲਿਆਂ ‘ਤੇ ਮੀਡੀਆ ਜਾਂ ਜਨਤਕ ਮੰਚਾਂ ‘ਤੇ ਚਰਚਾ ਨਾ ਕੀਤੀ ਜਾਵੇ ਅਤੇ ਸਾਰੇ ਮੁੱਦਿਆਂ ਨੂੰ ਪਾਰਟੀ ਅੰਦਰ ਅਨੁਸ਼ਾਸਨ ਵਿਚ ਰਹਿ ਕੇ ਉਠਾਉਣਾ ਚਾਹੀਦਾ ਹੈ। ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਈ ਰੱਖਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਆਵਾਜ਼ ਬੁਲੰਦ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਸੀਡਬਲਯੂਸੀ ਦੇ ਹਰੇਕ ਮੈਂਬਰ ਨੇ ਸੋਨੀਆ ਦੇ ਪੱਖ ਵਿਚ ਭੁਗਤਦਿਆਂ ਚਿੱਠੀ ਲਿਖਣ ਵਾਲੇ ਆਗੂਆਂ ਖਾਸ ਕਰ ਕੇ ਗੁਲਾਮ ਨਬੀ ਆਜ਼ਾਦ ਨੂੰ ਵੀ ਕਰਾਰੇ ਹੱਥੀਂ ਲਿਆ ਜੋ ਸੀਡਬਲਯੂਸੀ ਦੇ ਮੈਂਬਰ ਹਨ। ਪੀ ਚਿਦੰਬਰਮ ਨੇ ਏਆਈਸੀਸੀ ਦਾ ਵਰਚੁਅਲ ਇਜਲਾਸ ਸੱਦਣ ਦਾ ਸੁਝਾਅ ਦਿੱਤਾ ਤਾਂ ਜੋ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਆਰੰਭੀ ਜਾ ਸਕੇ। ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚਿੱਠੀ ਲਿਖਣ ਦੇ ਸਮੇਂ ਅਤੇ ਉਸ ਨੂੰ ਜਨਤਕ ਕਰਨ ‘ਤੇ ਸਵਾਲ ਕਰਦਿਆਂ ਇਨ੍ਹਾਂ ਆਗੂਆਂ ‘ਤੇ ਤਿੱਖੇ ਹਮਲੇ ਕੀਤੇ।
ਉਨ੍ਹਾਂ ਕਿਹਾ ਕਿ ਚਿੱਠੀ ਉਸ ਸਮੇਂ ਲਿਖੀ ਗਈ ਜਦੋਂ ਸੋਨੀਆ ਗਾਂਧੀ ਹਸਪਤਾਲ ਵਿਚ ਸਨ ਅਤੇ ਪਾਰਟੀ ਰਾਜਸਥਾਨ ਦੇ ਸਿਆਸੀ ਸੰਕਟ ਨਾਲ ਜੂਝ ਰਹੀ ਸੀ। ਸੋਨੀਆ ਗਾਂਧੀ ਨੇ ਆਪਣੇ ਭਾਸ਼ਣ ਵਿਚ ਆਜ਼ਾਦ ਦਾ ਦੋ ਵਾਰ ਨਾਮ ਲਿਆ। ਸੂਤਰਾਂ ਮੁਤਾਬਕ ਸੋਨੀਆ ਨੇ ਕਿਹਾ ਕਿ ਆਜ਼ਾਦ ਨੇ ਆਪਣੇ ਪੱਤਰ ਦਾ ਰਿਮਾਈਂਡਰ ਵੀ ਭੇਜਿਆ ਸੀ। ਸੋਨੀਆ ਵੱਲੋਂ ਅਹੁਦਾ ਛੱਡਣ ਲਈ ਆਖੇ ਜਾਣ ‘ਤੇ ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਕ੍ਰਮਵਾਰ ਅਸ਼ੋਕ ਗਹਿਲੋਤ ਅਤੇ ਭੁਪੇਸ਼ ਬਘੇਲ ਨੇ ਰਾਹੁਲ ਗਾਂਧੀ ਨੂੰ ਕਮਾਨ ਸੌਂਪਣ ਦੀ ਬੇਨਤੀ ਕੀਤੀ।
ਕੈਪਟਨ ਅਮਰਿੰਦਰ ਵਲੋਂ ਸੋਨੀਆ ਦੇ ਪ੍ਰਧਾਨਗੀ ਅਹੁਦੇ ‘ਤੇ ਬਣੇ ਰਹਿਣ ਵਾਲੇ ਮਤੇ ਦਾ ਸਵਾਗਤ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਉਸ ਮਤੇ ਦਾ ਸਵਾਗਤ ਕੀਤਾ ਹੈ ਜਿਸ ਵਿਚ ਸੋਨੀਆ ਗਾਂਧੀ ਨੂੰ ਏਆਈਸੀਸੀ ਦੇ ਅਗਲੇ ਇਜਲਾਸ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। ਕੈਪਟਨ ਨੇ ਰਾਹੁਲ ਗਾਂਧੀ ਨਾਲ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਸੋਨੀਆ ਗਾਂਧੀ ਦੇ ਪ੍ਰਧਾਨ ਬਣੇ ਰਹਿਣ ਦੇ ਮੁੱਦੇ ਨੂੰ ਸਦਾ ਲਈ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ ਹੈ। ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਕੈਪਟਨ ਨੇ ਰਾਹੁਲ ਗਾਂਧੀ ਦੇ ਇਸ ਸੁਝਾਅ ਦੀ ਹਮਾਇਤ ਕੀਤੀ ਕਿ ਕਾਂਗਰਸ ਪ੍ਰਧਾਨ ਨੂੰ ਪਾਰਟੀ ਦੇ ਮਾਮਲਿਆਂ ਨੂੰ ਚਲਾਉਣ ਵਿੱਚ ਮਦਦ ਕਰਨ ਲਈ ਕੋਈ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਏਆਈਸੀਸੀ ਦਾ ਅਗਲਾ ਇਜਲਾਸ ਸੰਭਾਵੀ ਤੌਰ ‘ਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਸੱਦਣ ਦੇ ਸੁਝਾਅ ਦੀ ਵੀ ਹਮਾਇਤ ਕੀਤੀ। ਪੀ. ਚਿਦੰਬਰਮ ਦੇ ਇਸ ਸੁਝਾਅ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਨਿਯਮਿਤ ਇਜਲਾਸ ਨਹੀਂ ਸੱਦਿਆ ਜਾ ਸਕਦਾ ਹੈ। ਇਸ ਲਈ ਵਰਚੁਅਲ ਇਜਲਾਸ ਸੱਦਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਜਾਰੀ ਹੋਣ ਦੇ ਸਮੇਂ ‘ਤੇ ਸਵਾਲ ਚੁੱਕਣ ਸਬੰਧੀ ਰਾਹੁਲ ਗਾਂਧੀ ਵੱਲੋਂ ਦਿੱਤੇ ਦਖ਼ਲ ਤੋਂ ਤੁਰੰਤ ਬਾਅਦ ਕਿਹਾ ਕਿ ਇਹ ਠੀਕ ਨਹੀਂ ਹੈ।
ਭਾਜਪਾ ਨਾਲ ਗੰਢਤੁੱਪ ਵਾਲੇ ਬਿਆਨ ‘ਤੇ ਰਾਹੁਲ ਨੇ ਦਿੱਤੀ ਸਫ਼ਾਈ
ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਅਸਹਿਮਤੀ ਜਤਾਉਣ ਵਾਲੇ ਆਗੂਆਂ ਖਿਲਾਫ਼ ਵੀ ਖੁੱਲ੍ਹ ਕੇ ਭੜਾਸ ਨਿਕਲੀ। ਰਾਹੁਲ ਗਾਂਧੀ ਨੇ ਅਸਹਿਮਤੀ ਜਤਾਉਣ ਵਾਲੇ ਆਗੂਆਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੀ ‘ਭਾਜਪਾ ਨਾਲ ਗੰਢਤੁੱਪ’ ਹੈ। ਇਸ ‘ਤੇ ਅਸੰਤੁਸ਼ਟ ਆਗੂ ਕਪਿਲ ਸਿੱਬਲ ਨੇ ਟਵੀਟ ਕਰ ਕੇ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਸੀ ਪਰ ਉਨ੍ਹਾਂ ਇਹ ਟਵੀਟ ਕੁਝ ਦੇਰ ਬਾਅਦ ਵਾਪਸ ਲੈ ਲਿਆ। ਸਿੱਬਲ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਸੀਡਬਲਯੂਸੀ ਦੀ ਬੈਠਕ ਵਿਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਟਵੀਟ ਵਾਪਸ ਲੈਣ ਦਾ ਐਲਾਨ ਕਰਦਿਆਂ ਸਿੱਬਲ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਉਨ੍ਹਾਂ ਕਿਸੇ ਵੀ ਮੁੱਦੇ ‘ਤੇ ਭਾਜਪਾ ਦਾ ਪੱਖ ਨਹੀਂ ਪੂਰਿਆ ਹੈ ਤਾਂ ਵੀ ਅਸੀਂ ‘ਭਾਜਪਾ ਨਾਲ ਰਲੇ’ ਹੋਏ ਹਾਂ? ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਅਜਿਹਾ ਕੋਈ ਸ਼ਬਦ ਨਹੀਂ ਬੋਲਿਆ ਸੀ ਅਤੇ ਆਗੂ ਮੀਡੀਆ ਦੇ ਗੁੰਮਰਾਹਕੁਨ ਪ੍ਰਚਾਰ ‘ਤੇ ਭਰੋਸਾ ਨਾ ਕਰਨ।
Check Also
ਉੜੀਸਾ ’ਚ ਤਿੰਨ ਟਰੇਨਾਂ ਆਪਸ ’ਚ ਟਕਰਾਈਆਂ
238 ਵਿਅਕਤੀਆਂ ਦੀ ਹੋਈ ਮੌਤ, 900 ਤੋਂ ਵੱਧ ਜ਼ਖਮੀ ਭੁਵਨੇਸ਼ਵਰ/ਬਿਊਰੋ ਨਿਊਜ਼ : ਓੜੀਸਾ ਦੇ ਬਾਲਾਸੋਰ …